ਪਰਿਵਾਰਿਕ ਮੈਂਬਰਾਂ ਸਣੇ ਗੁਰਦਾਸ ਮਾਨ ਕੋਰੋਨਾ ਪਾਜ਼ੀਟਿਵ, ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਦੱਸਿਆ ਹਾਲ

2021-10-12T10:16:11.593

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਦਾ 15 ਅਕਤੂਬਰ ਨੂੰ ਰਿਲੀਜ਼ ਹੋਣ ਵਾਲਾ ਗੀਤ ਹੁਣ ਕੁਝ ਦਿਨ ਬਾਅਦ ਰਿਲੀਜ਼ ਹੋਵੇਗਾ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਦਰਅਸਲ ਗੁਰਦਾਸ ਮਾਨ 'ਤੇ ਉਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰ 'ਕੋਰੋਨਾ ਵਾਇਰਸ' ਦੀ ਲਪੇਟ 'ਚ ਆ ਗਏ ਹਨ। ਇਸੇ ਕਰਕੇ ਗੁਰਦਾਸ ਮਾਨ ਨੇ ਆਪਣਾ ਇਹ ਗਾਣਾ ਕੁਝ ਦਿਨ ਬਾਅਦ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ।

ਗੁਰਦਾਸ ਮਾਨ ਦੀ ਪੋਸਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਲਿਖਿਆ ਹੈ, ''ਪਿਆਰੇ ਦੋਸਤੋ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ। ਕੁਝ ਦਿਨ ਪਹਿਲਾਂ ਮੇਰੀ ਤੇ ਮੇਰੇ ਪਰਿਵਾਰ ਦੇ ਕੁਝ ਮੈਂਬਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ (covid-19) ਆਈ ਸੀ, ਜਿਸ ਕਰਕੇ ਸਾਨੂੰ ਆਪਣੇ ਘਰ 'ਚ ਹੀ ਇਕਾਂਤਵਾਸ ਹੋਣਾ ਪਿਆ। ਮੈਂ ਇਹ ਖ਼ਬਰ ਸਾਂਝੀ ਨਹੀਂ ਕੀਤੀ ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਇਸ ਖ਼ਬਰ ਨਾਲ ਮੇਰੇ ਚਾਹੁਣ ਵਾਲਿਆਂ ਦੀ ਚਿੰਤਾ ਵਧੇ। ਅਸੀਂ ਸਿਰਫ ਉਨ੍ਹਾਂ ਨੂੰ ਦੱਸਿਆ ਜਿਹੜੇ ਸਾਡੇ ਸੰਪਰਕ 'ਚ ਆਏ ਸਨ ਤਾਂ ਕਿ ਉਹ ਆਪਣਾ ਟੈਸਟ ਕਰਵਾ ਸਕਣ ਪਰ ਮਾਲਕ ਦੀ ਕਿਰਪਾ ਨਾਲ ਸਾਡੀ ਰਿਪੋਰਟ ਨੈਗਟਿਵ ਆ ਗਈ ਹੈ। ਇਸ ਕੋਵਿਡ ਨੇ ਸਾਨੂੰ ਬਹੁਤ ਕੁਝ ਸਿਖਾਇਆ। ਇਸ ਕਰਕੇ ਸਾਡੇ ਕੰਮ 'ਚ ਵੀ ਰੁਕਾਵਟ ਆਈ। ਹੁਣ 15 ਅਕਤੂਬਰ ਨੂੰ ਰਿਲੀਜ਼ ਹੋਣ ਵਾਲਾ ਗੀਤ ਕੁਝ ਦਿਨਾਂ ਬਾਅਦ ਰਿਲੀਜ਼ ਕੀਤਾ ਜਾਵੇਗਾ, ਜਿਸ ਦੀ ਤਾਰੀਖ ਛੇਤੀ ਦੱਸ ਦਿੱਤੀ ਜਾਵੇਗੀ। ਸਮਾਂ ਚੰਗਾ ਹੋਵੇ ਜਾਂ ਮਾੜਾ ਤੁਸੀਂ ਹਮੇਸ਼ਾ ਮੇਰੇ ਨਾਲ ਖੜ੍ਹੇ ਹੁੰਦੇ ਹੋ। ਤੁਹਾਡੇ ਪਿਆਰ ਨਾਲ ਹੀ ਮੈਂ ਹਾਂ।''

PunjabKesari

ਦੱਸਣਯੋਗ ਹੈ ਕਿ ਗੁਰਦਾਸ ਮਾਨ ਬੀਤੇ ਕਾਫ਼ੀ ਸਮੇਂ ਤੋਂ ਲਗਾਤਾਰ ਵਿਵਾਦਾਂ 'ਚ ਘਿਰੇ ਹੋਏ ਹਨ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਹਾਈ ਕੋਰਟ ਨੇ ਗੁਰਦਾਸ ਮਾਨ ਨੂੰ ਵੱਡੀ ਰਾਹਤ ਦਿੱਤੀ। ਹਾਈ ਕੋਰਟ ਵਲੋਂ ਗੁਰਦਾਸ ਮਾਨ ਨੂੰ ਰੈਗੂਲਰ ਜ਼ਮਾਨਤ ਦੇ ਦਿੱਤੀ ਗਈ ਸੀ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹਾਈ ਕੋਰਟ ਨੇ ਗੁਰਦਾਸ ਮਾਨ ਨੂੰ ਅੰਤ੍ਰਿਮ ਜ਼ਮਾਨਤ ਦਿੱਤੀ ਸੀ। ਗੁਰਦਾਸ ਮਾਨ 'ਤੇ ਧਾਰਾ 295 ਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਨਕੋਦਰ ਵਿਖੇ ਆਪਣੇ ਪ੍ਰੋਗਰਾਮ ਦੌਰਾਨ ਗੁਰਦਾਸ ਮਾਨ ਨੇ ਸਾਈਂ ਲਾਡੀ ਸ਼ਾਹ ਨੂੰ ਸ੍ਰੀ ਗੁਰੂ ਅਮਰਦਾਸ ਜੀ ਦਾ ਵੰਸ਼ ਦੱਸਿਆ ਸੀ। ਇਸ 'ਤੇ ਸਿੱਖ ਭਾਈਚਾਰੇ ਨੇ ਵਿਰੋਧ ਕੀਤਾ ਸੀ ਤੇ ਇਸ ਵਿਰੋਧ ਤੋਂ ਬਾਅਦ ਗੁਰਦਾਸ ਮਾਨ 'ਤੇ ਮਾਮਲਾ ਦਰਜ ਕੀਤਾ ਗਿਆ ਸੀ।

ਦੱਸ ਦਈਏ ਕਿ 26 ਅਗਸਤ ਨੂੰ ਨਕੋਦਰ 'ਚ ਗੁਰਦਾਸ ਮਾਨ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲਦਿਆਂ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਗੁਰਦਾਸ ਮਾਨ ਨੇ ਜਲੰਧਰ ਦੀ ਜ਼ਿਲ੍ਹਾ ਅਦਾਲਤ 'ਚ ਜ਼ਮਾਨਤ ਅਰਜ਼ੀ ਦਰਜ ਕੀਤੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਫਿਰ ਗੁਰਦਾਸ ਮਾਨ ਨੇ ਹਾਈ ਕੋਰਟ ਦਾ ਰੁਖ਼ ਕੀਤਾ, ਜਿਥੇ ਉਨ੍ਹਾਂ ਨੂੰ ਅੰਤ੍ਰਿਮ ਜ਼ਮਾਨਤ ਦਿੱਤੀ ਗਈ ਤੇ ਅੱਜ ਰੈਗੂਲਰ ਜ਼ਮਾਨਤ।

ਨੋਟ - ਗੁਰਦਾਸ ਮਾਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਕਰਕੇ ਜ਼ਰੂਰ ਦੱਸੋ।
 


sunita

Content Editor

Related News