ਲਾਡੀ ਸਿੱਧੂ ਨੂੰ ਯਾਦ ਕਰ ਭਾਵੁਕ ਹੋਏ ਗੁਰਚੇਤ ਚਿੱਤਰਕਾਰ, ਲਿਖੇ ਭਾਵੁਕ ਕਰਦੇ ਬੋਲ

11/10/2020 5:48:05 PM

ਜਲੰਧਰ (ਬਿਊਰੋ)– ਗੁਰਚੇਤ ਚਿੱਤਰਕਾਰ ਨਾਲ ਫੈਮਿਲੀ ਸੀਰੀਜ਼ ਦੀਆਂ ਕਾਮੇਡੀ ਫਿਲਮਾਂ ’ਚ ਬਾਲ ਕਲਾਕਾਰ ਵਜੋਂ ਕੰਮ ਕਰਨ ਵਾਲੇ ਲਾਡੀ ਸਿੱਧੂ ਦੀ 6 ਨਵੰਬਰ ਨੂੰ ਮੌਤ ਹੋ ਗਈ। ਲਾਡੀ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ। ਮੌਤ ਦੀ ਖਬਰ ਵੀ ਗੁਰਚੇਤ ਚਿੱਤਰਕਾਰ ਤੇ ਦਮਨ ਸੰਧੂ ਵਲੋਂ ਸਾਂਝੀ ਕੀਤੀ ਗਈ ਸੀ, ਜੋ ਲਾਡੀ ਨਾਲ ਫੈਮਿਲੀ ਸੀਰੀਜ਼ ਦੀਆਂ ਫਿਲਮਾਂ ’ਚ ਨਜ਼ਰ ਆ ਚੁੱਕੇ ਹਨ।

ਕੁਝ ਘੰਟਿਆਂ ਪਹਿਲਾਂ ਭਾਵੁਕ ਹੁੰਦਿਆਂ ਗੁਰਚੇਤ ਚਿੱਤਰਕਾਰ ਨੇ ਇਕ ਹੋਰ ਪੋਸਟ ਲਾਡੀ ਨੂੰ ਯਾਦ ਕਰਦਿਆਂ ਸਾਂਝੀ ਕੀਤੀ ਹੈ। ਜਿਸ ’ਚ ਉਹ ਲਿਖਦੇ ਹਨ, ‘ਮੋਏ ਮੁੜ ਨੀ ਮੁੜਦੇ ਕਿਥੇ ਜਾ ਕੇ ਹਾਕਾਂ ਮਾਰਾਂ... ਲਾਡੀ ਸਿੱਧੂ 6 ਨਵੰਬਰ ਨੂੰ ਸਭ ਨੂੰ ਰੋਂਦੇ-ਕੁਰਲਾਉਂਦੇ ਛੱਡ ਗਿਆ। ਰਿਸ਼ਤੇ ਵਜੋਂ ਲਾਡੀ ਬੇਸ਼ੱਕ ਮੇਰੇ ਸਾਲੇ ਦਾ ਲੜਕਾ ਸੀ, ਮੇਰੀ ਪਤਨੀ ਉਸ ਨੂੰ ਦਮਨ ਤੋ ਵੱਧ ਪਿਆਰ ਕਰਦੀ ਸੀ। ਉਸ ਦਾ ਬਚਪਨ ਸਾਡੇ ਕੋਲ ਤੇ ਫਿਲਮਾਂ ’ਚ ਹੀ ਗੁਜ਼ਰਿਆ। ਭੋਗ 15 ਨਵੰਬਰ ਨੂੰ ਉਸ ਦੇ ਜੱਦੀ ਪਿੰਡ ਲਿੱਦੜਾਂ ਨੇੜੇ (ਮਸਤੂਆਣਾ ਸਾਹਿਬ ਸੰਗਰੂਰ) ਵਿਖੇ ਪਵੇਗਾ।’

ਇਸ ਤੋਂ ਪਹਿਲਾਂ ਜੋ ਪੋਸਟ ਗੁਰਚੇਤ ਨੇ ਸਾਂਝੀ ਕੀਤੀ ਸੀ, ਉਸ ’ਚ ਲਾਡੀ ਦੀ ਮੌਤ ਦੀ ਤਰੀਕ 5 ਨਵੰਬਰ ਲਿਖੀ ਗਈ ਸੀ। ਗੁਰਚੇਤ ਨੇ ਲਿਖਿਆ ਸੀ, ‘ਗੁਰਪ੍ਰੀਤ ਲਾਡੀ, ਜਿਸ ਨੂੰ ਫੈਮਿਲੀ ਫਿਲਮਾਂ ’ਚ ਬਹੁਤ ਦੇਖਿਆ। ਬਹੁਤ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਲਾਡੀ ਇਸ ਦੁਨੀਆ ’ਚ ਨਹੀਂ ਰਿਹਾ। 5 ਨਵੰਬਰ ਨੂੰ ਗਾਣੇ ਦਾ ਰੈਪ ਕੀਤਾ ਦਮਨ ਤੇ ਸੁੱਚੇ ਯਾਰ ਨਾਲ। ਚੰਗਾ ਭਲਾ ਸੁੱਤਾ ਰਾਤ ਨੂੰ ਕਿਤੇ ਅਟੈਕ ਆ ਗਿਆ। ਸਵੇਰੇ 6 ਨਵੰਬਰ ਨੂੰ 9 AM ’ਤੇ ਦੇਖਿਆ। ਦਮਨ ਨੇ ਬਹੁਤ ਆਵਾਜ਼ਾਂ ਮਾਰੀਆਂ ਪਰ ਲਾਡੀ ਨਹੀਂ ਬੋਲਿਆ। ਬਚਪਨ ’ਚ ਪਿਤਾ ਦਾ ਸਾਇਆ ਸਿਰ ਤੋਂ ਉੱਠੱ ਗਿਆ ਸੀ। 15 ਨਵੰਬਰ ਨੂੰ ਭੋਗ ਉਸ ਦੇ ਜੱਦੀ ਪਿੰਡ ਲਿੱਦੜਾਂ (ਸੰਗਰੂਰ) ਵਿਖੇ ਪਾਇਆ ਜਾਵੇਗਾ।’


Rahul Singh

Content Editor

Related News