''RRR''ਤੇ ''ਦਿ ਕਸ਼ਮੀਰ ਫ਼ਾਈਲਜ਼'' ਨੂੰ ਪਛਾੜ ਗੁਜਰਾਤੀ ਫ਼ਿਲਮ ''ਛੈਲੋ ਸ਼ੋਅ'' ਦੀ ਹੋਈ ਆਸਕਰ ''ਚ ਐਂਟਰੀ
Wednesday, Sep 21, 2022 - 10:36 AM (IST)
ਮੁੰਬਈ (ਬਿਊਰੋ) : 95ਵੇਂ ਆਸਕਰ ਐਵਾਰਡ ਲਈ ਕੁੱਝ ਹੀ ਸਮਾਂ ਬਾਕੀ ਰਹਿ ਗਿਆ ਹੈ। ਇਸ ਦੌਰਾਨ ਦੁਨੀਆ ਭਰ ਦੀਆਂ ਫ਼ਿਲਮਾਂ ਨੂੰ ਆਸਕਰ ਐਵਾਰਡ 2023 ਲਈ ਚੁਣਿਆ ਜਾ ਰਿਹਾ ਹੈ। ਇਸੇ ਦੌਰਾਨ ਇੱਕ ਖੁਸ਼ਖਬਰੀ ਆਈ ਹੈ ਕਿ ਭਾਰਤ ਦੀ ਇੱਕ ਫ਼ਿਲਮ ਵੀ ਆਸਕਰ 'ਚ ਥਾਂ ਬਣਾਉਣ 'ਚ ਕਾਮਯਾਬ ਹੋ ਗਈ ਹੈ। ਇਹ ਇੱਕ ਗੁਜਰਾਤੀ ਫ਼ਿਲਮ ਹੈ, ਜਿਸ ਦਾ ਨਾਂ ਹੈ 'ਛੈਲੋ ਸ਼ੋਅ' (ਲਾਸਟ ਫ਼ਿਲਮ ਸ਼ੋਅ)। 'ਛੈਲੋ ਸ਼ੋਅ' (ਲਾਸਟ ਫ਼ਿਲਮ ਸ਼ੋਅ) ਨੂੰ 95ਵੇਂ ਅਕੈਡਮੀ ਐਵਾਰਡਾਂ 'ਚ ਭਾਰਤ ਦੀ ਸਰਬੋਤਮ ਅੰਤਰਰਾਸ਼ਟਰੀ ਫੀਚਰ ਫ਼ਿਲਮ ਸ਼੍ਰੇਣੀ ਲਈ ਚੁਣਿਆ ਗਿਆ ਹੈ । ਭਾਰਤ ਵੱਲੋਂ ਇਸ ਫ਼ਿਲਮ ਨੂੰ ਆਸਕਰ ਦੀ ਦੌੜ 'ਚ ਸ਼ਾਮਲ ਹੋਣ ਲਈ ਭੇਜਿਆ ਜਾਵੇਗਾ। ਪਾਨ ਨਲਿਨ ਦੁਆਰਾ ਨਿਰਦੇਸ਼ਿਤ ਫ਼ਿਲਮ 'ਚ ਭਾਵਿਨ ਰਬਾਰੀ, ਭਾਵੇਸ਼ ਸ਼੍ਰੀਮਾਲੀ, ਰਿਚਾ ਮੀਨਾ, ਦੀਪੇਨ ਰਾਵਲ ਅਤੇ ਪਰੇਸ਼ ਮਹਿਤਾ ਨੇ ਕੰਮ ਕੀਤਾ ਹੈ। ਫ਼ਿਲਮ ਦਾ ਪ੍ਰੀਮੀਅਰ 2021 'ਚ ਟ੍ਰਿਬੇਕਾ ਫ਼ਿਲਮ ਫੈਸਟੀਵਲ 'ਚ ਹੋਇਆ ਸੀ। ਅਕਤੂਬਰ 2021 'ਚ 'ਚੇਲੋ ਸ਼ੋਅ' ਨੇ 66ਵੇਂ ਵੈਲਾਡੋਲਿਡ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ 'ਚ ਗੋਲਡਨ ਸਪਾਈਕ ਜਿੱਤਿਆ।
ਇਹ ਫ਼ਿਲਮ ਦੀ ਕਹਾਣੀ ਇੱਕ ਛੋਟੇ ਲੜਕੇ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਆਪਣਾ 35 ਐੱਮ. ਐੱਮ. ਦਾ ਸੁਫ਼ਨਾ ਪੂਰਾ ਕਰਨਾ ਚਾਹੁੰਦਾ ਹੈ। ਇਹ ਫ਼ਿਲਮ ਤੁਹਾਨੂੰ ਜ਼ਿੰਦਗੀ 'ਚ ਕੁੱਝ ਕਰਨ ਲਈ ਪ੍ਰੇਰਿਤ ਕਰਦੀ ਹੈ। ਫ਼ਿਲਮ ਇੱਕ ਛੋਟੇ ਜਿਹੇ ਲੜਕੇ ਦੇ ਸੰਘਰਸ਼ ਦੀ ਕਹਾਣੀ ਹੈ।
ਦੱਸਣਯੋਗ ਹੈ ਕਿ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਵਿਵੇਕ ਅਗਨੀਹੋਤਰੀ ਦੀ ਫ਼ਿਲਮ 'ਦ ਕਸ਼ਮੀਰ ਫ਼ਾਈਲਜ਼' ਅਤੇ ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ 'ਆਰ. ਆਰ. ਆਰ' ਆਸਕਰ 'ਚ ਸ਼ਾਮਲ ਹੋਣਗੀਆਂ ਪਰ ਇਸ ਫ਼ਿਲਮ ਨੇ ਆਸਕਰ 'ਚ ਜਗ੍ਹਾ ਪੱਕੀ ਕਰ ਲਈ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।