ਥੋੜ੍ਹੇ ਸਮੇਂ ’ਚ ਗ੍ਰੇਸੀ ਸਿੰਘ ਨੇ ਬਣਾ ਲਈ ਸੀ ਵੱਖਰੀ ਪਛਾਣ, ਅਚਾਨਕ ਬਣਾ ਲਈ ਫ਼ਿਲਮਾਂ ਤੋਂ ਦੂਰੀ

2021-07-20T13:21:51.767

ਮੁੰਬਈ (ਬਿਊਰੋ)– ਆਮਿਰ ਖ਼ਾਨ ਨਾਲ ਫ਼ਿਲਮ ‘ਲਗਾਨ’ ਰਾਹੀਂ ਬਾਲੀਵੁੱਡ ’ਚ ਕਦਮ ਰੱਖਣ ਵਾਲੀ ਗ੍ਰੇਸੀ ਸਿੰਘ ਆਪਣੀ ਪਹਿਲੀ ਹੀ ਫ਼ਿਲਮ ਸੁਪਰਹਿੱਟ ਹੋਣ ਦੇ ਬਾਵਜੂਦ ਇੰਡਸਟਰੀ ’ਚੋਂ ਗ਼ਾਇਬ ਹੋ ਗਈ। 20 ਜੁਲਾਈ, 1980 ਨੂੰ ਉਸ ਦਾ ਜਨਮ ਦਿੱਲੀ ’ਚ ਹੋਇਆ। ਫ਼ਿਲਮਾਂ ’ਚ ਆਉਣ ਤੋਂ ਪਹਿਲਾਂ ਉਹ ਕਈ ਟੀ. ਵੀ. ਸੀਰੀਅਲਜ਼ ’ਚ ਨਜ਼ਰ ਆਈ।

PunjabKesari

1997 ’ਚ ਜ਼ੀ ਟੀ. ਵੀ. ਦੇ ਸੀਰੀਅਲ ‘ਅਮਾਨਤ’ ’ਚ ਉਸ ਨੇ ਡਿੰਕੀ ਦਾ ਕਿਰਦਾਰ ਨਿਭਾਇਆ ਸੀ। ਕੁਝ ਹੋਰ ਸੀਰੀਅਲਜ਼ ਕਰਨ ਤੋਂ ਬਾਅਦ ਉਸ ਨੂੰ ਸਿੱਧਾ ‘ਲਗਾਨ’ ’ਚ ਕੰਮ ਕਰਨ ਦਾ ਮੌਕਾ ਮਿਲਿਆ। ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਨੂੰ ਸ਼ਾਸਤਰੀ ਨਾਚ ਕਰਨ ਵਾਲੀ ਅਦਾਕਾਰਾ ਚਾਹੀਦੀ ਸੀ, ਜੋ ਪਿੰਡ ਦੀ ਕੁੜੀ ਜਿਹੀ ਦਿਸੇ। ਗ੍ਰੇਸੀ ਸਿੰਘ ਜਦੋਂ ਆਡੀਸ਼ਨ ਦੇਣ ਲਈ ਪਹੁੰਚੀ ਤਾਂ ਸੈਂਕੜੇ ਕੁੜੀਆਂ ’ਚੋਂ ਉਸ ਨੂੰ ਚੁਣ ਲਿਆ ਗਿਆ। ਇਸ ਫ਼ਿਲਮ ਤੋਂ ਬਾਅਦ ਤਾਂ ਅਜਿਹਾ ਲੱਗਾ ਕਿ ਉਸ ਦਾ ਕਰੀਅਰ ਚੱਲ ਪਿਆ ਹੈ।

PunjabKesari

ਗ੍ਰੇਸੀ ਸਿੰਘ ਦਾ ਕਹਿਣਾ ਹੈ ਕਿ ਉਹ ਕਲਾਸੀਕਲ ਡਾਂਸਰ ਬਣਨਾ ਚਾਹੁੰਦੀ ਸੀ ਪਰ ਅਦਾਕਾਰਾ ਬਣ ਗਈ। ਉਸ ਦਾ ਸੁਪਨਾ ਸੀ ਕਿ ਇਕ ਵਾਰ ਉਹ ਕੁਝ ਅਜਿਹਾ ਕਰ ਜਾਵੇ, ਜਿਸ ਨਾਲ ਫ਼ਿਲਮ ਇੰਡਸਟਰੀ ’ਚ ਹਮੇਸ਼ਾ ਲਈ ਉਸ ਦਾ ਨਾਂ ਬਣ ਜਾਵੇ। ਇਸ ਲਈ ਜਦੋਂ ‘ਲਗਾਨ’ ’ਚ ਅਦਾਕਾਰਾ ਬਣਨ ਦਾ ਮੌਕਾ ਮਿਲਿਆ ਤਾਂ ਉਹ ਕਿਰਦਾਰ ’ਚ ਇੰਨਾ ਗੁਆਚ ਗਈ ਕਿ ਸ਼ੂਟਿੰਗ ’ਤੇ ਆਲੇ-ਦੁਆਲੇ ਦੇ ਲੋਕਾਂ ਨਾਲ ਗੱਲ ਤਕ ਨਹੀਂ ਕਰਦੀ ਸੀ। ਇਸ ਫ਼ਿਲਮ ਲਈ ਉਸ ਨੂੰ ‘ਬੈਸਟ ਫੀਮੇਲ ਡੈਬਿਊ’ ਦੇ ਫ਼ਿਲਮਫੇਅਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਉਸ ਨੇ ਪ੍ਰਕਾਸ਼ ਝਾਅ ਦੀ ਫ਼ਿਲਮ ‘ਗੰਗਾਜਲ’ ’ਚ ਅਜੇ ਦੇਵਗਨ ਨਾਲ ਕੰਮ ਕੀਤਾ ਪਰ ਫ਼ਿਲਮ ’ਚ ਉਸ ਦਾ ਕਿਰਦਾਰ ਬਹੁਤ ਛੋਟਾ ਹੋਣ ਕਰਕੇ ਉਸ ਨੂੰ ਨੁਕਸਾਨ ਹੀ ਝੱਲਣਾ ਪਿਆ। ਇਸ ਤੋਂ ਬਾਅਦ ਉਹ 2004 ’ਚ ‘ਮੁੰਨਾ ਭਾਈ ਐੱਮ. ਬੀ. ਬੀ. ਐੱਸ.’ ’ਚ ਸੰਜੇ ਦੱਤ ਨਾਲ ਨਜ਼ਰ ਆਈ, ਹਾਲਾਂਕਿ ਇਸ ਨਾਲ ਉਸ ਨੂੰ ਕੋਈ ਫ਼ਾਇਦਾ ਨਹੀਂ ਹੋਇਆ।

PunjabKesari

ਫਿਲਮਾਂ ਨਾ ਮਿਲਣ ’ਤੇ ਉਸ ਨੇ ‘ਬੀ’ ਗ੍ਰੇਡ ਦੀਆਂ ਫ਼ਿਲਮਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। 2008 ’ਚ ਉਸ ਨੇ ਕੇ. ਆਰ. ਕੇ. ਦੀ ਫ਼ਿਲਮ ‘ਦੇਸ਼ਧ੍ਰੋਹੀ’ ਕੀਤੀ। ਫ਼ਿਲਮਾਂ ’ਚ ਗੁੰਜਾਇਸ਼ ਨਾ ਦੇਖਦਿਆਂ ਉਸ ਨੇ ਦੂਰੀ ਬਣਾ ਲਈ ਤੇ ਛੋਟੇ ਪਰਦੇ ਵੱਲ ਰੁਖ਼ ਕੀਤਾ। ਉਸ ਨੇ ‘ਸੰਤੋਸ਼ੀ ਮਾਂ’ ’ਚ ਮੁੱਖ ਕਿਰਦਾਰ ਨਿਭਾਇਆ, ਜਿਸ ਨਾਲ ਉਸ ਨੂੰ ਕਾਫੀ ਪਛਾਣ ਮਿਲੀ। ਉਸ ਨੇ 2009 ’ਚ ਡਾਂਸ ਅਕੈਡਮੀ ਸ਼ੁਰੂ ਕੀਤੀ, ਜਿਥੇ ਉਹ ਡਾਂਸ ਸਿਖਾਉਂਦੀ ਸੀ।

PunjabKesari

ਉਸ ਨੇ ਪੰਜਾਬੀ ਫ਼ਿਲਮ ‘ਲੱਖ ਪਰਦੇਸੀ ਹੋਈਏ’ ’ਚ ਕੰਮ ਕਰਨ ਤੋਂ ਇਲਾਵਾ ਤੇਲਗੂ ਤੇ ਮਲਿਆਲਮ ਫ਼ਿਲਮਾਂ ’ਚ ਵੀ ਕੰਮ ਕੀਤਾ। ਫਿਲਹਾਲ ਉਹ ਅਧਿਆਤਮਿਕ ਪ੍ਰਵਚਨ ’ਚ ਸਮਾਂ ਬਤੀਤ ਕਰ ਰਹੀ ਹੈ। ਉਹ ਬ੍ਰਹਮਕੁਮਾਰੀ ਸੰਗਠਨ ਦੀ ਮੈਂਬਰ ਹੈ ਤੇ ਜ਼ਿਆਦਾਤਰ ਸਮਾਂ ਅਧਿਆਤਮ ਦੀ ਸਿਖਲਾਈ ਲੈਣ ਤੇ ਦੇਣ ’ਚ ਬਤੀਤ ਕਰ ਰਹੀ ਹੈ।

PunjabKesari

ਨੋਟ– ਗ੍ਰੇਸੀ ਸਿੰਘ ਦਾ ਫ਼ਿਲਮਾਂ ’ਚੋਂ ਕਿਹੜਾ ਕਿਰਦਾਰ ਤੁਹਾਨੂੰ ਵਧੀਆ ਲੱਗਦਾ ਹੈ? ਕੁਮੈਂਟ ਕਰਕੇ ਦੱਸੋ।


Rahul Singh

Content Editor Rahul Singh