ਭਾਣਜੇ ਕ੍ਰਿਸ਼ਣਾ ਬਾਰੇ ਮੁੜ ਬੋਲੇ ਗੋਵਿੰਦਾ, ਕਿਹਾ– ‘ਕੋਈ ਉਸ ਨੂੰ ਭੜਕਾ ਰਿਹਾ’

Monday, Mar 15, 2021 - 04:47 PM (IST)

ਮੁੰਬਈ (ਬਿਊਰੋ)– ਬਾਲੀਵੁੱਡ ਦੇ ਦਿੱਗਜ ਅਦਾਕਾਰ ਗੋਵਿੰਦਾ ਆਪਣੇ ਕਾਮੇਡੀਅਨ ਭਾਣਜੇ ਕ੍ਰਿਸ਼ਣਾ ਅਭਿਸ਼ੇਕ ’ਤੇ ਇਕ ਵਾਰ ਫਿਰ ਗੁੱਸਾ ਹੋ ਗਏ ਹਨ। ਗੋਵਿੰਦਾ ਦਾ ਕਹਿਣਾ ਹੈ ਕਿ ਕ੍ਰਿਸ਼ਣਾ ਅਭਿਸ਼ੇਕ ਲੋਕਾਂ ’ਚ ਉਨ੍ਹਾਂ ਦੀ ਇੱਜ਼ਤ ਖਰਾਬ ਕਰ ਰਹੇ ਹਨ ਤੇ ਕੋਈ ਹੈ ਜੋ ਉਸ ਨੂੰ ਇਹ ਸਭ ਕਰਨ ਲਈ ਭੜਕਾ ਰਿਹਾ ਹੈ। ਬੀਤੇ ਕੁਝ ਸਮੇਂ ਤੋਂ ਮਾਮਾ-ਭਾਣਜਾ ਦੇ ਰਿਸ਼ਤੇ ਚੰਗੇ ਨਹੀਂ ਚੱਲ ਰਹੇ ਹਨ। ਕੁਝ ਸਮਾਂ ਪਹਿਲਾਂ ‘ਦਿ ਕਪਿਲ ਸ਼ਰਮਾ ਸ਼ੋਅ’ ’ਤੇ ਵੀ ਦੋਵਾਂ ਨੇ ਇਕੱਠਿਆਂ ਸਟੇਜ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਇਕ ਇੰਟਰਵਿਊ ’ਚ ਗੋਵਿੰਦਾ ਨੇ ਕਿਹਾ, ‘ਕ੍ਰਿਸ਼ਣਾ ਇਕ ਚੰਗਾ ਲੜਕਾ ਹੈ ਪਰ ਉਹ ਕਿਸੇ ਦੀਆਂ ਗੱਲਾਂ ’ਚ ਆ ਗਿਆ ਹੈ। ਕੋਈ ਹੈ ਜੋ ਉਸ ਨੂੰ ਮੇਰੇ ਖ਼ਿਲਾਫ਼ ਭੜਕਾ ਰਿਹਾ ਹੈ। ਮੈਨੂੰ ਕਈ ਵਾਰ ਅਜਿਹਾ ਲੱਗਦਾ ਹੈ ਕਿ ਕ੍ਰਿਸ਼ਣਾ ਦੇ ਕਰੀਅਰ ਨੂੰ ਸੁਪੋਰਟ ਕਰਕੇ ਮੈਂ ਗਲਤੀ ਕਰ ਦਿੱਤੀ ਤੇ ਮੈਨੂੰ ਇਸ ਦੀ ਸਜ਼ਾ ਮਿਲ ਰਹੀ ਹੈ।’

ਗੋਵਿੰਦਾ ਨੇ ਅੱਗੇ ਕਿਹਾ, ‘ਮੈਨੂੰ ਸੱਚ ਨਹੀਂ ਪਤਾ ਕਿ ਉਹ ਅਜਿਹਾ ਕਿਉਂ ਕਰ ਰਿਹਾ ਹੈ। ਉਹ ਨਾ ਸਿਰਫ ਮੇਰਾ ਮਜ਼ਾਕ ਬਣਾਉਂਦਾ ਹੈ, ਸਗੋਂ ਅਜਿਹਾ ਕਰਕੇ ਉਹ ਲੋਕਾਂ ’ਚ ਮੇਰੀ ਇਮੇਜ ਖਰਾਬ ਕਰ ਰਿਹਾ ਹੈ। ਇਸ ਦੇ ਪਿੱਛੇ ਕਿਸੇ ਹੋਰ ਦਾ ਦਿਮਾਗ ਹੈ, ਜੋ ਉਸ ਕੋਲੋਂ ਇਹ ਸਭ ਕਰਵਾ ਰਿਹਾ ਹੈ। ਮੈਂ ਖੁਦ ਵੀ ਨੈਪੋਟੀਜ਼ਮ ਦਾ ਸ਼ਿਕਾਰ ਰਿਹਾ ਹਾਂ ਤੇ ਇਸ ’ਤੇ ਬਹਿਸ ਸ਼ੁਰੂ ਹੋਣ ਤੋਂ ਬਾਅਦ ਹੀ ਮੈਨੂੰ ਕੰਮ ਮਿਲਣਾ ਬੰਦ ਹੋ ਗਿਆ ਹੈ।’

ਗੋਵਿੰਦਾ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ, ‘ਮੈਂ ਖੁਦ ਨੂੰ ਨੈਪੋਟੀਜ਼ਮ ਨਾਲ ਪੀੜਤ ਮੰਨਦਾ ਹਾਂ। ਮੈਂ ਅਮਿਤਾਭ ਬੱਚਨ ਦਾ ਵੀ ਸੰਘਰਸ਼ ਦੇਖਿਆ ਹੈ। ਉਹ ਸਟੇਜ ’ਤੇ ਆਉਂਦੇ ਸਨ ਤੇ ਇੰਡਸਟਰੀ ਦੇ ਲੋਕ ਉਥੋਂ ਚਲੇ ਜਾਂਦੇ ਸਨ। ਮੈਨੂੰ ਨਹੀਂ ਪਤਾ ਕਿ ਮੈਨੂੰ ਸ਼ਾਇਦ ਇਸ ਗੱਲ ਦੀ ਹੀ ਸਜ਼ਾ ਮਿਲ ਰਹੀ ਹੈ ਕਿ ਮੈਂ ਆਪਣੇ ਭਾਣਜੇ ਦੀ ਕਰੀਅਰ ਬਣਾਉਣ ’ਚ ਮਦਦ ਕੀਤੀ। ਉਨ੍ਹਾਂ ਨੇ ਉਸ ਨੂੰ ਤਾਂ ਬਰੀ ਕਰ ਦਿੱਤਾ ਪਰ ਮੈਨੂੰ ਫੜ ਲਿਆ।’

ਪਿਛਲੇ ਸਾਲ ਗੋਵਿੰਦਾ ਨੇ ਇਕ ਬਿਆਨ ਜਾਰੀ ਕਰਕੇ ਕ੍ਰਿਸ਼ਣਾ ਅਭਿਸ਼ੇਕ ਦੀਆਂ ਆਖੀਆਂ ਕੁਝ ਗੱਲਾਂ ਨੂੰ ਮਾਨਹਾਨੀ ਦੱਸਿਆ ਸੀ। ਉਦੋਂ ਗੋਵਿੰਦਾ ਨੇ ਕਿਹਾ ਸੀ, ‘ਮੈਨੂੰ ਬਹੁਤ ਦੁੱਖ ਹੋ ਰਿਹਾ ਹੈ ਕਿ ਮੈਨੂੰ ਇਹ ਗੱਲਾਂ ਜਨਤਕ ਤੌਰ ’ਤੇ ਕਹਿਣੀਆਂ ਪੈ ਰਹੀਆਂ ਹਨ ਪਰ ਹੁਣ ਸਮਾਂ ਆ ਗਿਆ ਹੈ ਕਿ ਸੱਚ ਨੂੰ ਸਾਰਿਆਂ ਨਾਲ ਸਾਂਝਾ ਕੀਤਾ ਜਾਵੇ। ਮੈਂ ਆਪਣੇ ਭਾਣਜੇ ਬਾਰੇ ਕਈ ਰਿਪੋਰਟਾਂ ਪੜ੍ਹੀਆਂ, ਜਿਨ੍ਹਾਂ ’ਚ ਇਹ ਸੀ ਕਿ ਉਹ ਕਿਸੇ ਟੀ. ਵੀ. ਸ਼ੋਅ ’ਚ ਸਿਰਫ ਇਸ ਲਈ ਪਰਫਾਰਮ ਨਹੀਂ ਕਰ ਸਕਿਆ ਕਿ ਉਸ ਐਪੀਸੋਡ ’ਚ ਮੈਂ ਵੀ ਸੀ। ਉਸ ਨੇ ਇਸ ਨੂੰ ਲੈ ਕੇ ਸਾਡੇ ਰਿਸ਼ਤੇ ’ਤੇ ਕਈ ਗੱਲਾਂ ਆਖੀਆਂ ਹਨ। ਮੈਨੂੰ ਲੱਗਦਾ ਹੈ ਕਿ ਕ੍ਰਿਸ਼ਣਾ ਦੀਆਂ ਗੱਲਾਂ ਮੇਰੇ ਸਨਮਾਨ ਨੂੰ ਠੇਸ ਪਹੁੰਚਾ ਰਹੀਆਂ ਹਨ। ਨਾਲ ਹੀ ਉਸ ਦੀਆਂ ਗੱਲਾਂ ਆਧਾਰਹੀਨ ਹਨ।’

ਨੋਟ– ਗੋਵਿੰਦਾ ਤੇ ਕ੍ਰਿਸ਼ਣਾ ਵਿਵਾਦ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News