ਗਿੱਪੀ, ਸਰਗੁਣ ਤੇ ਰੂਪੀ ਦੀ ਫ਼ਿਲਮ ‘ਜੱਟ ਨੂੰ ਚੁੜੈਲ ਟੱਕਰੀ’ ਦੁਨੀਆ ਭਰ ’ਚ ਹੋਈ ਰਿਲੀਜ਼

03/15/2024 10:59:11 AM

ਜਲੰਧਰ– ਪੰਜਾਬੀ ਫ਼ਿਲਮ ‘ਜੱਟ ਨੂੰ ਚੁੜੈਲ ਟੱਕਰੀ’ ਅੱਜ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ’ਚ ਗਿੱਪੀ ਗਰੇਵਾਲ, ਸਰਗੁਣ ਮਹਿਤਾ ਤੇ ਰੂਪੀ ਗਿੱਲ ਨਾਲ ਬਹੁਤ ਸਾਰੇ ਕਲਾਕਾਰ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਵਿਕਾਸ ਵਸ਼ਿਸ਼ਟ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਅੰਬਰਦੀਪ ਸਿੰਘ ਵਲੋਂ ਲਿਖੀ ਗਈ ਹੈ। ਫ਼ਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ’ਚ ਗਿੱਪੀ, ਸਰਗੁਣ ਤੇ ਰੂਪੀ ਨੇ ਸਾਡੀ ਪ੍ਰਤੀਨਿਧੀ ਨੇਹਾ ਮਿਨਹਾਸ ਨਾਲ ਖ਼ਾਸ ਮੁਲਾਕਾਤ ਕੀਤੀ। ਪੇਸ਼ ਹਨ ਇਸ ਮੁਲਾਕਾਤ ਦੇ ਮੁੱਖ ਅੰਸ਼–

ਜਦੋਂ ਪਹਿਲੀ ਵਾਰ ਕਹਾਣੀ ਸੁਣੀ ਤਾਂ ਕੀ ਪ੍ਰਤੀਕਿਰਿਆ ਸੀ?
ਗਿੱਪੀ ਗਰੇਵਾਲ–
ਮੈਨੂੰ ਸਰਗੁਣ ਨੇ ਫੋਨ ’ਤੇ ਕਹਾਣੀ ਸੁਣਾਈ ਸੀ। ਅਸੀਂ ਰੋਜ਼ ਕਹਾਣੀਆਂ ਸੁਣਦੇ ਹਾਂ, ਕਦੇ ਫੋਨ ’ਤੇ ਤੇ ਕਦੇ ਕੋਈ ਵਨ ਲਾਈਨਰ। ਇਸ ਫ਼ਿਲਮ ਦੀ ਕਹਾਣੀ ਸੁਣਦਿਆਂ ਮੈਨੂੰ ਇਸ ਦੀ ਦੁਨੀਆ ਤੇ ਵਿਸ਼ਾ ਨਵਾਂ ਲੱਗਾ। ਇਸ ਲਈ ਮੈਨੂੰ ਲੱਗਾ ਕਿ ਇਸ ਫ਼ਿਲਮ ਦਾ ਹਿੱਸਾ ਬਣਨਾ ਚਾਹੀਦਾ ਹੈ।

ਰੂਪੀ ਗਿੱਲ– ਮੈਂ ਵਨ ਲਾਈਨਰ ਹੀ ਸੁਣ ਕੇ ਇਸ ਫ਼ਿਲਮ ਨੂੰ ਹਾਂ ਕੀਤੀ ਸੀ। ਮੈਂ ਗਿੱਪੀ ਗਰੇਵਾਲ ਨਾਲ ਫ਼ਿਲਮ ਕਰਨਾ ਚਾਹੁੰਦੀ ਸੀ ਤਾਂ ਇਸ ਫ਼ਿਲਮ ਨਾਲ ਇਹ ਸੁਪਨਾ ਪੂਰਾ ਹੋਇਆ।
ਸਰਗੁਣ ਮਹਿਤਾ– ਜਦੋਂ ਪਹਿਲੀ ਵਾਰ ਅੰਬਰਦੀਪ ਸਿੰਘ ਨੇ ਮੈਨੂੰ ਇਹ ਕਹਾਣੀ ਸੁਣਾਈ ਤਾਂ ਮੈਨੂੰ ਸੱਚੀ ਇਹ ਬਹੁਤ ਵਧੀਆ ਲੱਗੀ। ਜੋ ਫ਼ਿਲਮ ਅਸੀਂ ਕਰਨੀ ਹੈ, ਉਸ ’ਚ ਨਵਾਂ ਕੁਝ ਹੋਣਾ ਚਾਹੀਦਾ ਹੈ। ਵੀ. ਐੱਫ. ਐਕਸ., ਸੀ. ਜੀ. ਆਈ. ਤੇ ਨਵੀਂ ਦੁਨੀਆ ਦੇਖਣ ਨੂੰ ਮਿਲੇਗੀ। ਨਾਲ ਹੀ ਸਾਡਾ ਹਰ ਵਾਰ ਕੁਝ ਵੱਖਰਾ ਕਰਨ ’ਚ ਇਕ ਕਦਮ ਹੋਰ ਅੱਗੇ ਵੱਧ ਗਿਆ ਹੈ।

ਸਟੰਟ ਕਰਦੇ ਸਮੇਂ ਕਿੰਨਾ ਕੁ ਡਰ ਲੱਗਾ?
ਸਰਗੁਣ–
ਸਟੰਟ ਕਰਨ ਸਮੇਂ ਮੈਨੂੰ ਬਹੁਤ ਡਰ ਲੱਗਾ। ਮੇਰਾ ਤਾਂ ਰੋਣਾ ਨਿਕਲ ਗਿਆ ਸੀ। ਇਕ ਦਮ ਲੱਗਾ ਜਿਵੇਂ ਦਿਲ ਬਹਿ ਗਿਆ। ਕਹਿਣ ਨੂੰ ਸੌਖਾ ਲੱਗਦਾ ਹੈ ਪਰ ਹਾਰਨੇਸ ਪਾ ਕੇ ਕੰਮ ਕਰਨਾ ਬਹੁਤ ਔਖਾ ਲੱਗਦਾ ਹੈ। ਨਿਰਮਲ ਰਿਸ਼ੀ ਨੇ ਮੇਰੇ ਵਾਲਾ ਸਟੰਟ ਆਸਾਨੀ ਨਾਲ ਕਰ ਲਿਆ ਪਰ ਜਦੋਂ ਮੈਂ ਕੀਤਾ ਤਾਂ ਡਰ ਬਹੁਤ ਲੱਗਾ।

ਤੁਸੀਂ ਹਰ ਵਾਰ ਨਵੇਂ ਬੰਦੇ ਨੂੰ ਮੌਕਾ ਦਿੰਦੇ ਹੋ। ਦਿਮਾਗ ’ਚ ਉਸ ਵੇਲੇ ਕੀ ਸੋਚ ਹੁੰਦੀ ਹੈ?
ਸਰਗੁਣ– ਮੈਨੂੰ ਹਮੇਸ਼ਾ ਤੋਂ ਇਹ ਸੀ ਕਿ ਜਦੋਂ ਮੈਂ ਕੋਈ ਪ੍ਰਾਜੈਕਟ ਬਣਾਉਣਾ ਹੈ ਤਾਂ ਨਵੇਂ ਬੰਦੇ ਹੀ ਲੈਣੇ ਹਨ। ਮੈਂ ਜਦੋਂ ‘ਉਡਾਰੀਆਂ’ ਸ਼ੁਰੂ ਕੀਤਾ ਤਾਂ ਉਸ ’ਚ ਵੀ ਨਵੇਂ ਬੰਦੇ ਲਏ। ਜਦੋਂ ਮੈਂ ‘ਕਰੋਲ ਬਾਗ’ ਕੀਤਾ ਜਾਂ ਜਦੋਂ ਮੈਂ ‘ਅੰਗਰੇਜ਼’ ਕੀਤੀ ਤਾਂ ਉਦੋਂ ਮੈਂ ਵੀ ਨਵੀਂ ਸੀ, ਇਸ ਲਈ ਨਵੇਂ ਲੋਕਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ।
ਗਿੱਪੀ– ਮੈਂ ਹਮੇਸ਼ਾ ਲੋਕਾਂ ਦੇ ਟੈਲੰਟ ’ਤੇ ਭਰੋਸਾ ਕੀਤਾ ਹੈ। ਜੋ ਮੈਨੂੰ ਵਧੀਆ ਬੰਦਾ ਮਿਲ ਜਾਂਦਾ ਸੀ, ਮੈਂ ਉਸ ਨੂੰ ਹਮੇਸ਼ਾ ਮੌਕਾ ਦਿੱਤਾ। ਮੈਂ ਕਈ ਫ਼ਿਲਮਾਂ ਬਣਾਈਆਂ, ਜਿਵੇਂ ‘ਵਾਰਨਿੰਗ’ ਲਈ ਪ੍ਰਿੰਸ ਕੰਵਰਜੀਤ ਸਿੰਘ ਹੀ ਸਹੀ ਬੰਦਾ ਸੀ, ਉਵੇਂ ਹੀ ‘ਅਰਦਾਸ’ ’ਚ ਗੁਰਪ੍ਰੀਤ ਘੁੱਗੀ ਹੀ ਸਹੀ ਬੰਦਾ ਸੀ। ਮੈਂ ਇਨ੍ਹਾਂ ਕਿਰਦਾਰਾਂ ’ਚ ਇਨ੍ਹਾਂ ਨੂੰ ਹੀ ਦਿਮਾਗ ’ਚ ਰੱਖਿਆ ਸੀ।

ਫ਼ਿਲਮ ਨੂੰ ਲੈ ਕੇ ਕੋਈ ਪ੍ਰੈਸ਼ਨ ਸੀ?
ਰੂਪੀ– ਹਰ ਕਿਰਦਾਰ ਲਈ ਮਿਹਨਤ ਕਰਨੀ ਪੈਂਦੀ ਹੈ। ਸਰਗੁਣ ਤੇ ਗਿੱਪੀ ਨਾਲ ਕੰਮ ਕਰਨਾ ਸੀ, ਇਸ ਲਈ ਪ੍ਰੈਸ਼ਰ ਤਾਂ ਸੀ। ਇੰਨੇ ਵੱਡੇ ਕਲਾਕਾਰਾਂ ਨਾਲ ਸਕ੍ਰੀਨ ਸਾਂਝੀ ਕਰਨਾ ਸੌਖਾ ਕੰਮ ਨਹੀਂ ਹੈ। ਮੈਂ ਆਪਣੇ ਹੁਣ ਤਕ ਦੇ ਕੰਮ ਤੋਂ ਬਹੁਤ ਖ਼ੁਸ਼ ਹਾਂ।

ਤੁਸੀਂ ਇੰਨੀਆਂ ਚੀਜ਼ਾਂ ਮੈਨੇਜ ਕਰਦੇ ਹੋ। ਕਿੰਨਾ ਕੁ ਪ੍ਰੈਸ਼ਰ ਰਹਿੰਦਾ ਹੈ?
ਸਰਗੁਣ– ਮੈਨੂੰ ਲੱਗਦਾ ਹੈ ਕਿ ਮੈਂ ਪ੍ਰੈਸ਼ਰ ’ਚ ਹੀ ਰਹਿੰਦੀ ਹਾਂ। ਹਰ 15 ਮਿੰਟ ਬਾਅਦ ਮੇਰੀ ਸੀਟੀ ਵੱਜਦੀ ਹੀ ਰਹਿੰਦੀ ਹੈ। ਮੈਂ ਪ੍ਰੋਸੈੱਸ ਬਹੁਤ ਇੰਜੁਆਏ ਕਰ ਰਹੀ ਹਾਂ। ਮੈਨੂੰ ਲੱਗਦਾ ਹੈ ਕਿ ਪਹਿਲਾਂ ਮੈਂ ਇਸ ਤੋਂ ਵੀ ਜ਼ਿਆਦਾ ਪ੍ਰੈਸ਼ਰ ਲੈਂਦੀ ਸੀ। ਹੁਣ ਮੈਂ ਤਿਆਰੀ ਜ਼ਿਆਦਾ ਖਿੱਚੀ ਹੈ।

‘‘ਬੱਚਿਆਂ ਨੂੰ ਜ਼ਰੂਰ ਲੈ ਕੇ ਜਾਓ। ਉਨ੍ਹਾਂ ਨੂੰ ਇਹ ਫ਼ਿਲਮ ਬਹੁਤ ਵਧੀਆ ਲੱਗੇਗੀ ਤੇ ਤੁਹਾਨੂੰ ਤਾਂ ਵਧੀਆ ਲੱਗਣੀ ਹੀ ਲੱਗਣੀ ਹੈ।’’

–ਗਿੱਪੀ ਗਰੇਵਾਲ


sunita

Content Editor

Related News