Ghajini ਫੇਮ ਅਸੀਨ ਦੇ ਵਿਆਹ ਨੂੰ ਹੋਏ 10 ਸਾਲ, ਪਰਿਵਾਰ ਲਈ ਛੱਡਿਆ ਕਰੋੜਾਂ ਦਾ ਕਰੀਅਰ
Tuesday, Jan 20, 2026 - 12:41 PM (IST)
ਨਵੀਂ ਦਿੱਲੀ - ਬਾਲੀਵੁੱਡ ਅਤੇ ਸਾਊਥ ਸਿਨੇਮਾ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਟੈਲੇਂਟਿਡ ਅਦਾਕਾਰਾ ਅਸੀਨ ਲੰਬੇ ਸਮੇਂ ਤੋਂ ਫਿਲਮੀ ਪਰਦੇ ਤੋਂ ਦੂਰ ਹੈ। ਜਿਸ ਮੁਕਾਮ 'ਤੇ ਪਹੁੰਚਣ ਲਈ ਅਦਾਕਾਰਾਵਾਂ ਸਾਲਾਂ ਤੱਕ ਮਿਹਨਤ ਕਰਦੀਆਂ ਹਨ, ਅਸੀਨ ਨੇ ਉੱਥੇ ਪਹੁੰਚ ਕੇ ਅਚਾਨਕ ਅਦਾਕਾਰੀ ਨੂੰ ਅਲਵਿਦਾ ਕਹਿ ਦਿੱਤਾ ਸੀ। ਅੱਜ 20 ਜਨਵਰੀ (2026) ਨੂੰ ਅਸੀਨ ਦੇ ਵਿਆਹ ਦੀ 10ਵੀਂ ਵਰ੍ਹੇਗੰਢ ਹੈ, ਜਿਸ ਮੌਕੇ ਪ੍ਰਸ਼ੰਸਕ ਇਕ ਵਾਰ ਫਿਰ ਉਸ ਦੀ ਜ਼ਿੰਦਗੀ ਨਾਲ ਜੁੜੇ ਇਸ ਵੱਡੇ ਫੈਸਲੇ ਬਾਰੇ ਚਰਚਾ ਕਰ ਰਹੇ ਹਨ।

ਕਰੀਅਰ ਦੇ ਸਿਖਰ 'ਤੇ ਲਿਆ ਸੰਨਿਆਸ
ਅਸੀਨ ਨੇ ਆਪਣੇ ਅਦਾਕਾਰੀ ਸਫਰ ਦੀ ਸ਼ੁਰੂਆਤ ਸਾਊਥ ਇੰਡਸਟਰੀ ਤੋਂ ਕੀਤੀ ਸੀ, ਜਿੱਥੇ ਉਸ ਨੇ ਖੂਬ ਨਾਮ ਕਮਾਇਆ। ਬਾਲੀਵੁੱਡ ਵਿਚ ਕਦਮ ਰੱਖਦਿਆਂ ਹੀ ਉਸ ਨੇ ਆਮਿਰ ਖਾਨ ਨਾਲ ਫਿਲਮ 'ਗਜਨੀ' ਵਿਚ ਕੰਮ ਕੀਤਾ, ਜਿਸ ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਅਸੀਨ ਰਾਤੋ-ਰਾਤ ਸਟਾਰ ਬਣ ਗਈ। ਇਸ ਤੋਂ ਬਾਅਦ ਉਸ ਨੇ ਸਲਮਾਨ ਖਾਨ, ਅਕਸ਼ੈ ਕੁਮਾਰ ਅਤੇ ਅਜੇ ਦੇਵਗਨ ਵਰਗੇ ਸੁਪਰਸਟਾਰਾਂ ਨਾਲ ਕਈ ਬਲਾਕਬਸਟਰ ਫਿਲਮਾਂ ਦਿੱਤੀਆਂ। ਸਾਲ 2016 ਉਹ ਸਮਾਂ ਸੀ ਜਦੋਂ ਨਿਰਮਾਤਾ ਉਸ ਨੂੰ ਆਪਣੀਆਂ ਫਿਲਮਾਂ ਵਿਚ ਲੈਣ ਲਈ ਤਰਸਦੇ ਸਨ, ਪਰ ਉਸੇ ਸਮੇਂ ਉਸ ਨੇ ਇੰਡਸਟਰੀ ਛੱਡਣ ਦਾ ਫੈਸਲਾ ਕਰ ਲਿਆ।

ਵਿਆਹ ਅਤੇ ਪਰਿਵਾਰ ਬਣੇ ਪਹਿਲੀ ਪਸੰਦ
ਅਸੀਨ ਦੇ ਫਿਲਮੀ ਦੁਨੀਆ ਛੱਡਣ ਪਿੱਛੇ ਕੋਈ ਵਿਵਾਦ ਜਾਂ ਕੰਮ ਦੀ ਘਾਟ ਨਹੀਂ ਸੀ, ਸਗੋਂ ਇਹ ਉਸ ਦਾ ਨਿੱਜੀ ਫੈਸਲਾ ਸੀ। ਸਾਲ 2016 ਵਿਚ ਉਸ ਨੇ ਮਾਈਕ੍ਰੋਮੈਕਸ ਦੇ ਸਹਿ-ਸੰਸਥਾਪਕ ਰਾਹੁਲ ਸ਼ਰਮਾ ਨਾਲ ਵਿਆਹ ਕਰਵਾਇਆ ਅਤੇ ਘਰ ਵਸਾਉਂਦੇ ਹੀ ਅਦਾਕਾਰੀ ਤੋਂ ਦੂਰੀ ਬਣਾ ਲਈ। ਖਬਰਾਂ ਅਨੁਸਾਰ ਅਸੀਨ ਨੇ ਵਿਆਹ ਤੋਂ ਪਹਿਲਾਂ ਹੀ ਤੈਅ ਕਰ ਲਿਆ ਸੀ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਪਹਿਲ ਦੇਵੇਗੀ। ਆਪਣੇ ਕਈ ਇੰਟਰਵਿਊਆਂ ਵਿਚ ਵੀ ਉਸ ਨੇ ਸਪੱਸ਼ਟ ਕੀਤਾ ਹੈ ਕਿ ਉਸ ਲਈ ਪਰਿਵਾਰ ਸਭ ਤੋਂ ਉੱਪਰ ਹੈ।
ਲਾਈਮਲਾਈਟ ਤੋਂ ਪੂਰੀ ਤਰ੍ਹਾਂ ਬਣਾਈ ਦੂਰੀ
ਵਿਆਹ ਤੋਂ ਬਾਅਦ ਅਸੀਨ ਨਾ ਤਾਂ ਕਿਸੇ ਫਿਲਮ ਵਿਚ ਨਜ਼ਰ ਆਈ ਅਤੇ ਨਾ ਹੀ ਕਿਸੇ ਜਨਤਕ ਪ੍ਰੋਗਰਾਮ ਵਿਚ ਜ਼ਿਆਦਾ ਦਿਖਾਈ ਦਿੱਤੀ। ਸਾਲ 2017 ਵਿਚ ਇਕ ਧੀ ਨੂੰ ਜਨਮ ਦੇਣ ਤੋਂ ਬਾਅਦ, ਉਸ ਦਾ ਪੂਰਾ ਧਿਆਨ ਆਪਣੀ ਧੀ ਦੀ ਪਰਵਰਿਸ਼ ਅਤੇ ਪਰਿਵਾਰ 'ਤੇ ਰਿਹਾ ਹੈ। ਅਸੀਨ ਹੁਣ ਆਪਣੀ ਜ਼ਿੰਦਗੀ ਨੂੰ ਕੈਮਰਿਆਂ ਅਤੇ ਲਾਈਮਲਾਈਟ ਤੋਂ ਦੂਰ ਰੱਖਣਾ ਪਸੰਦ ਕਰਦੀ ਹੈ।
