‘ਵੰਡਰ ਵੁਮੈਨ’ ਦੀ ਅਦਾਕਾਰਾ ਨੇ ਇਜ਼ਰਾਈਲ ਦੇ ਸਮਰਥਨ ’ਚ ਪਾਈ ਪੋਸਟ, ਖ਼ਤਰੇ ’ਚ ਪਿਆ ਕਰੀਅਰ!

Wednesday, May 19, 2021 - 04:29 PM (IST)

ਮੁੰਬਈ (ਬਿਊਰੋ)– ਇਜ਼ਰਾਈਲ ਤੇ ਫਿਲਸਤੀਨ ਵਿਚਾਲੇ ਛਿੜੀ ਜੰਗ ’ਤੇ ਸਿਤਾਰੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਪਿਛਲੇ ਦਿਨੀਂ ਅਦਾਕਾਰਾ ਗੈਲ ਗੈਡੋਟ ਨੇ ਵੀ ਸੋਸ਼ਲ ਮੀਡੀਆ ’ਤੇ ਇਜ਼ਰਾਈਲ ਦਾ ਪੱਖ ਰੱਖਦਿਆਂ ਪ੍ਰਤੀਕਿਰਿਆ ਦਿੱਤੀ ਸੀ, ਜਿਸ ਤੋਂ ਬਾਅਦ ਅਦਾਕਾਰਾ ਨੂੰ ਕਾਫੀ ਨਿੰਦਿਆ ਝੱਲਣੀ ਪਈ। ਇਸ ਟਰੋਲਿੰਗ ਤੋਂ ਬਾਅਦ ਹੀ ਗੈਲ ਗੈਡੋਟ ਨੂੰ ਸੋਸ਼ਲ ਮੀਡੀਆ ’ਤੇ ਦੂਰੀ ਬਣਾਏ ਦੇਖਿਆ ਜਾ ਰਿਹਾ ਹੈ। 12 ਮਈ, 2021 ਤੋਂ ਬਾਅਦ ਅਦਾਕਾਰਾ ਨੇ ਕੋਈ ਪੋਸਟ ਸਾਂਝੀ ਨਹੀਂ ਕੀਤੀ ਹੈ।

ਦੱਸਣਯੋਗ ਹੈ ਕਿ ਗੈਲ ਨੇ ਆਪਣੀ ਪੋਸਟ ’ਚ ਇਜ਼ਰਾਈਲ ਦੇ ਲੋਕਾਂ ਲਈ ਦੁਆ ਮੰਗੀ ਸੀ। ਪੋਸਟ ’ਚ ਉਸ ਨੇ ਲਿਖਿਆ ਸੀ, ‘ਮੇਰਾ ਦੇਸ਼ ਯੁੱਧ ਵੱਲ ਖੜ੍ਹਾ ਹੈ ਤੇ ਇਹ ਦੇਖ ਕੇ ਮੇਰਾ ਦਿਲ ਟੁੱਟ ਰਿਹਾ ਹੈ।’ ਗੈਲ ਨੇ ਆਪਣੇ ਪਰਿਵਾਰ, ਦੋਸਤਾਂ ਤੇ ਆਪਣੇ ਲੋਕਾਂ ਲਈ ਚਿੰਤਾ ਜਤਾਈ ਸੀ। ਉਸ ਦਾ ਕਹਿਣਾ ਸੀ ਕਿ ਇਜ਼ਰਾਈਲ ਨੂੰ ਸੁਰੱਖਿਅਤ ਤੇ ਆਜ਼ਾਦ ਰਹਿਣ ਦਾ ਹੱਕ ਹੈ। ਨਾਲ ਹੀ ਉਸ ਨੇ ਚੰਗੇ ਦਿਨਾਂ ਦੀ ਕਾਮਨਾ ਕੀਤੀ ਸੀ।

 
 
 
 
 
 
 
 
 
 
 
 
 
 
 
 

A post shared by Gal Gadot (@gal_gadot)

ਗੈਲ ਦੇ ਇਸ ਟਵੀਟ ਦੇ ਕੁਝ ਮਿੰਟਾਂ ਬਾਅਦ ਹੀ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਉਸ ਨੂੰ ਇਜ਼ਰਾਈਲ ਦਾ ਸਮਰਥਨ ਕਰਨ ’ਤੇ ਰੱਜ ਕੇ ਟਰੋਲ ਵੀ ਕੀਤਾ। ਇਸ ਤੋਂ ਬਾਅਦ ਗੈਲ ਨੇ ਇੰਸਟਾ ਤੇ ਟਵਿਟਰ ’ਤੇ ਕੁਮੈਂਟ ਸੈਕਸ਼ਨ ਬੰਦ ਕਰ ਦਿੱਤਾ ਸੀ।

12 ਮਈ ਤੋਂ ਬਾਅਦ ਗੈਲ ਨੇ ਸੋਸ਼ਲ ਮੀਡੀਆ ’ਤੇ ਕੋਈ ਪੋਸਟ ਸਾਂਝੀ ਨਹੀਂ ਕੀਤੀ ਹੈ। ਫਿਲਸਤੀਨ ਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ’ਤੇ ਗੈਲ ਹੁਣ ਚੁੱਪ ਹੈ ਕਿਉਂਕਿ ਗੈਲ ਕਈ ਵੱਡੇ ਪ੍ਰਾਜੈਕਟਸ ਦਾ ਹਿੱਸਾ ਵੀ ਹੈ, ਇਸ ਲਈ ਉਸ ਦੇ ਇਸ ਟਵੀਟ ਤੇ ਟਰੋਲਿੰਗ ਦਾ ਅਸਰ ਸਿੱਧੇ ਤੌਰ ’ਤੇ ਉਸ ਦੇ ਕਰੀਅਰ ’ਤੇ ਪੈ ਸਕਦਾ ਹੈ।

ਖ਼ਬਰਾਂ ਮੁਤਾਬਕ ਵਾਰਨਰ ਬ੍ਰੋਜ਼ ਵੀ ਗੈਲ ਦੇ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਬਣੇ ਮਾਹੌਲ ਤੋਂ ਨਿਰਾਸ਼ ਹਨ। ਸ਼ਾਇਦ ਇਸ ਲਈ ਗੈਲ ਨੇ ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਲਈ ਹੈ ਤੇ ਫਿਲਸਤੀਨ-ਇਜ਼ਰਾਈਲ ਦੀ ਜੰਗ ਨੂੰ ਲੈ ਕੇ ਕੁਝ ਵੀ ਨਾ ਲਿਖਣ ਦਾ ਫ਼ੈਸਲਾ ਕੀਤਾ ਹੈ।

ਦੱਸਣਯੋਗ ਹੈ ਕਿ ਮਸ਼ਹੂਰ ਅਦਾਕਾਰਾ ਗੈਲ ਇਜ਼ਰਾਈਲ ਆਰਮੀ ’ਚ ਕੰਮ ਕਰ ਚੁੱਕੀ ਹੈ। ਗੈਲ ਨੇ 2004 ’ਚ ਮਿਸ ਇਜ਼ਰਾਈਲ ਦਾ ਬਿਊਟੀ ਕਾਨਟੈਸਟ ਵੀ ਜਿੱਤਿਆ ਸੀ। ਇਸ ਤੋਂ ਬਅਦ ਉਸ ਨੇ ਦੋ ਸਾਲ ਤਕ ਇਜ਼ਰਾਈਲ ਆਰਮੀ ’ਚ ਕੰਮ ਕੀਤਾ ਸੀ।

ਟਰੋਲਿੰਗ ’ਚ ਗੈਲ ਨੂੰ ਉਸ ਦੇ ਇਜ਼ਰਾਈਲ ਆਰਮੀ ’ਚ ਕੰਮ ਕਰਨ ਨੂੰ ਲੈ ਕੇ ਟਾਰਗੇਟ ਕੀਤਾ ਗਿਆ। ਇਸ ਤੋਂ ਇਲਾਵਾ ਗੈਲ ਨੇ ਆਪਣੀ ਪੋਸਟ ’ਚ ਫਿਲਸਤੀਨ ਦਾ ਨਾਂ ਨਾ ਲੈ ਕੇ ਉਸ ਨੂੰ ਆਪਣਾ ਗੁਆਂਢੀ ਮੁਲਕ ਦੱਸਿਆ ਸੀ। ਇਸ ਨੂੰ ਲੈ ਕੇ ਵੀ ਅਦਾਕਾਰਾ ਦੀ ਨਿੰਦਿਆ ਹੋਈ।

ਖ਼ਾਸ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਤੋਂ ਦੂਰੀ ਬਣਾਉਣ ਦੇ ਬਾਵਜੂਦ ਗੈਲ ਨੂੰ ਅਜੇ ਤਕ ਟਰੋਲ ਕੀਤਾ ਜਾ ਰਿਹਾ ਹੈ। ਗੈਲ ਇਜ਼ਰਾਈਲੀ ਅਦਾਕਾਰਾ, ਪ੍ਰੋਡਿਊਸਰ ਤੇ ਮਾਡਲ ਹੈ। ਗੈਲ ਨੇ ‘ਵੰਡਰ ਵੁਮੈਨ’, ‘ਫਾਸਟ ਐਂਡ ਫਿਊਰੀਅਸ’, ‘ਡੇਟ ਨਾਈਟ’, ‘ਜਸਟਿਸ ਲੀਗ’ ਵਰਗੀਆਂ ਫ਼ਿਲਮਾਂ ’ਚ ਕੰਮ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News