‘ਗੱਡੀ ਜਾਂਦੀ ਐ ਛਲਾਂਗਾਂ ਮਾਰਦੀ’ ਕਰੇਗੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ

09/24/2023 1:39:09 PM

ਜਲੰਧਰ (ਲਖਨ ਪਾਲ)– 28 ਸਤੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਗੱਡੀ ਜਾਂਦੀ ਐ ਛਲਾਂਗਾਂ ਮਾਰਦੀ’ ਨੂੰ ਮਸ਼ਹੂਰ ਡਾਇਰੈਕਟਰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ ਤੇ ਨਰੇਸ਼ ਕਥੂਰੀਆ ਨੇ ਲਿਖਿਆ ਹੈ। ਫ਼ਿਲਮ ’ਚ ਐਮੀ ਵਿਰਕ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਜੈਸਮੀਨ ਬਾਜਵਾ, ਮਾਹੀ ਸ਼ਰਮਾ, ਹਰਦੀਪ ਗਿੱਲ, ਮਲਕੀਤ ਰੌਣੀ, ਹਨੀ ਮੱਟੂ, ਸੀਮਾ ਕੌਸ਼ਲ, ਸਤਵਿੰਦਰ ਕੌਰ ਸਮੇਤ ਕਈ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਵ੍ਹਾਈਟ ਹਿੱਲ ਸਟੂਡੀਓਜ਼ ਵਲੋਂ ਨਿਰਮਿਤ ਇਸ ਫ਼ਿਲਮ ਦੇ ਨਿਰਮਾਤਾ ਗੁਨਬੀਰ ਸਿੱਧੂ, ਮਨਮੌੜ ਸਿੱਧੂ ਤੇ ਸੰਦੀਪ ਬਾਂਸਲ ਹਨ। ਫ਼ਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ’ਚ ਮੁੱਖ ਕਲਾਕਾਰ ਐਮੀ ਵਿਰਕ, ਬੀਨੂੰ ਢਿੱਲੋਂ, ਮਾਹੀ ਸ਼ਰਮਾ ਤੇ ਜੈਸਮੀਨ ਬਾਜਵਾ ਨਾਲ ਸਾਡੀ ਪ੍ਰਤੀਨਿੱਧੀ ਨੇਹਾ ਮਨਹਾਸ ਨੇ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਸਵਾਲ : ਕਲਾਕਾਰ ਨੂੰ ਉਸ ਦੀ ਮਿਹਨਤ ਕਰਕੇ ਫ਼ਿਲਮ ਮਿਲਦੀ ਹੈ ਜਾਂ ਇਹ ਫ਼ਿਲਮ/ਸਕ੍ਰਿਪਟ ਦੀ ਕਿਸਮਤ ਹੁੰਦੀ ਹੈ ਕਿ ਉਹ ਸਹੀ ਕਲਾਕਾਰ ਤੱਕ ਪਹੁੰਚਦੀ ਹੈ?
ਐਮੀ ਵਿਰਕ :
ਸਕ੍ਰਿਪਟ ਆਪ ਸਹੀ ਇਨਸਾਨ ਨੂੰ ਚੁਣ ਲੈਂਦੀ ਹੈ, ਅਕਾਲ ਪੁਰਖ ਦੀ ਮਿਹਰ ਹੋ ਜਾਂਦੀ ਹੈ।
ਬੀਨੂੰ ਢਿੱਲੋਂ : ਸਕ੍ਰਿਪਟ ਦੀ ਮੰਜ਼ਿਲ ਹੁੰਦੀ ਹੈ ਪਰ ਸਕ੍ਰਿਪਟ ਉਸ ਨੂੰ ਚੁਣ ਲੈਂਦੀ ਹੈ, ਜੋ ਮਿਹਨਤ ਕਰ ਰਿਹਾ ਹੁੰਦਾ ਹੈ।

ਸਵਾਲ : ਜ਼ਿੰਦਗੀ ਦੀ ਗੱਡੀ ਕਿੰਵੇ ਚੱਲ ਰਹੀ ਹੈ?
ਐਮੀ :
ਚੜ੍ਹਦੀ ਕਲਾਂ, ਪਹਿਲਾਂ ਨਾਂਹ-ਪੱਖੀ ਸੀ ਹੁਣ ਹਾਂ-ਪੱਖੀ ਹਾਂ, ਏ. ਸੀ. ’ਚ ਬੈਠੇ ਹਾਂ, ਹਿਲਦੀ ਹੋਈ ਕੁਰਸੀ ਹੈ, ਮਹਿੰਗੀ ਘੜੀ ਹੈ ਹੋਰ ਕੀ ਚਾਹੀਦਾ ਹੈ?

ਸਵਾਲ : ਤੁਹਾਡਾ ਰੂਲ ਨੰਬਰ 1 ਕੀ ਹੈ?
ਮਾਹੀ ਸ਼ਰਮਾ :
ਮੈਂ ਹਮੇਸ਼ਾ ਹਾਂ-ਪੱਖੀ ਰਹੀ ਹਾਂ, ਹੱਸਦੇ ਰਹੋ ਤਾਂ ਹੀ ਕੰਮ ਹੁੰਦਾ ਹੈ।
ਜੈਸਮੀਨ ਬਾਜਵਾ : ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਜੋ ਮਿਲ ਗਿਆ, ਉਸ ਦਾ ਧੰਨਵਾਦ ਕਰੋ, ਚਿੰਤਾਵਾਂ ਛੱਡੋ।
ਐਮੀ : ਰੀਅਲ ਰਹਿਣਾ ਚਾਹੀਦਾ ਹੈ, ਅਸੀਂ 100 ਗਲਤੀਆਂ ਕਰਦੇ ਹਾਂ, ਗਾਲ੍ਹਾਂ ਕੱਢਦੇ ਹਾਂ, ਇਹ ਕਦੋਂ ਤੋਂ ਚੱਲ ਰਿਹਾ ਹੈ, ਇਨ੍ਹਾਂ ਚੀਜ਼ਾਂ ਨੂੰ ਮੁੱਦਾ ਨਾ ਬਣਾਓ, ਫਿਰ ਆਰਟਿਸਟ ਰੀਅਲ ਨਹੀਂ ਰਹੇਗਾ, ਆਰਟਿਸਟ ਦਾ ਰੀਅਲ ਰਹਿਣਾ ਵੀ ਜ਼ਰੂਰੀ ਹੈ।
ਬੀਨੂੰ : ਕਿਸੇ ਵੀ ਹਾਲ ’ਚ ਖ਼ੁਸ਼ ਰਹੋ।

ਸਵਾਲ : ਅਸਲ ਜ਼ਿੰਦਗੀ ’ਚ ਦਾਜ ਬਾਰੇ ਕੀ ਖਿਆਲ ਹੈ?
ਬੀਨੂੰ :
ਮੇਰੇ ਆਪਣੇ ਵਿਆਹ ’ਤੇ ਮੇਰਾ ਬੁਲੇਟ ਵਿਕ ਗਿਆ ਸੀ, ਘਰਵਾਲੀ ਮੋਪਡ ਲੈ ਕੇ ਆਈ ਸੀ, ਅਕਾਲ ਪੁਰਖ ਆਪ ਭਾਗ ਲਾ ਦਿੰਦਾ।
ਐਮੀ : ਅੱਜ-ਕੱਲ ਕੁੜੀ ਵਾਲੇ ਆਪ ਗਿਫ਼ਟ ਦਿੰਦੇ ਹਨ ਪਰ ਉਹ ਸੁਸਾਇਟੀ ਨੂੰ ਦੇਖ ਕੇ ਦਿੰਦੇ ਹਨ। ਮੁੰਡੇ ਵਾਲੇ ਕਹਿੰਦੇ ਹਨ ਬਾਰਾਤ ਦੀ ਸੇਵਾ ਕਰ ਦਿਓ, ਇੰਝ 3 ਕਰੋੜ ਲਗਵਾ ਦਿੰਦੇ ਹਨ। ਖਾਣਾ ਬਰਬਾਦ ਕਰਦੇ ਹਨ, ਕਿਸੇ ਗਰੀਬ ਨੂੰ ਨਹੀਂ ਦਿੰਦੇ।
ਜੈਸਮੀਨ : ਪਾਪਾ ਕਹਿੰਦੇ ਹਨ ਧੀਆਂ ਨੂੰ ਇੰਨੇ ਜੋਗਾ ਬਣਾਓ ਕਿ ਮੁੰਡੇ ਵਾਲੇ ਆਪ ਕਹਿਣ ਸਿਰਫ ਕੁੜੀ ਹੀ ਚਾਹੀਦੀ ਹੈ ਦਾਜ ਨਹੀਂ, ਕੁੜੀ ਆਪ ਸਟੈਂਡ ਲਵੇ।
ਮਾਹੀ : ਕੋਈ ਮੁੰਦਰੀ ਨਹੀਂ ਦੇਣੀ ਫੁੱਫੜ ਨੂੰ, ਮੁੰਡੇ ਤੇ ਮੰਮੀ ਡੈਡੀ ਨੂੰ ਦੇਣੀ ਬਸ। ਕੋਈ ਵਾਪਸੀ ਗਿਫ਼ਟ ਨਹੀਂ ਦੇਣੇ।

ਸਵਾਲ : ਛੋਟੀ ਖ਼ੁਸ਼ੀ ਨਹੀਂ ਮਨਾਉਂਦੇ ਹੁਣ ਲੋਕ ਵਿਆਹ ਵੇਲੇ?
ਐਮੀ :
ਪਹਿਲਾ ਵਿਆਹਾਂ ’ਚ ਬਹੁਤ ਖ਼ੁਸ਼ੀ ਹੁੰਦੀ ਸੀ, 7 ਦਿਨ ਚੱਲਦੇ ਸੀ ਤੇ ਕੋਈ ਖ਼ਰਚਾ ਨਹੀਂ।

ਸਵਾਲ : 30 ਰੁਪਏ ਦਾ ਪੈਟਰੋਲ ਕਦੇ ਪਵਾਇਆ?
ਬੀਨੂੰ :
ਮੈਂ ਮੰਗਵਾ ਸਕੂਟਰ ਲੈ ਕੇ ਉਨਾ ਹੀ ਪਵਾਉਂਦਾ ਹੁੰਦਾ ਸੀ, ਜਿੰਨਾ ਲੱਗਣਾ ਹੋਵੇ 20-30 ਰੁਪਏ ਦਾ।


Rahul Singh

Content Editor

Related News