ਝਾੜੂ-ਪੋਚਾ ਲਗਾਇਆ, ਦੇਖੇ ਉਹ ਦਿਨ ਜਦੋਂ ਨਿਰਾਸ਼ ਹੋ ਕੰਧ ’ਚ ਮਾਰਿਆ ਸੀ ਸਿਰ, ਅੱਜ ਜੀ ਖ਼ਾਨ ਨੇ ਬਣਾਈ ਵੱਖਰੀ ਪਛਾਣ

4/8/2021 2:11:46 PM

ਚੰਡੀਗੜ੍ਹ (ਬਿਊਰੋ)– ਸੁਰੀਲੇ ਪੰਜਾਬੀ ਗਾਇਕ ਜੀ ਖ਼ਾਨ ਦਾ ਅੱਜ ਜਨਮਦਿਨ ਹੈ। ਜੀ ਖ਼ਾਨ ਦਾ ਜਨਮ ਪਿੰਡ ਭਦੌੜ ਵਿਖੇ ਹੋਇਆ। ਜੀ ਖ਼ਾਨ ਦਾ ਪੂਰਾ ਨਾਂ ਗੁਲਸ਼ਨ ਖ਼ਾਨ ਹੈ। ਜੀ ਖ਼ਾਨ ਸਿਰਫ ਛੇ ਜਮਾਤਾਂ ਪੜ੍ਹੇ ਹਨ ਤੇ ਸੱਤਵੀਂ ’ਚ ਉਹ ਫੇਲ੍ਹ ਹੋ ਗਏ ਸਨ। ਪੜ੍ਹਾਈ ’ਚ ਜੀ ਖ਼ਾਨ ਦਾ ਬਿਲਕੁਲ ਧਿਆਨ ਨਹੀਂ ਹੁੰਦਾ ਸੀ ਤੇ ਉਸ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ।

PunjabKesari

ਜੀ ਖ਼ਾਨ ਦਾ ਬਚਪਨ ਅੱਤ ਦੀ ਗਰੀਬੀ ’ਚ ਲੰਘਿਆ ਹੈ। ਘਰ ’ਚ ਗਰੀਬੀ ਹੋਣ ਕਾਰਨ ਜੀ ਖ਼ਾਨ ਪੜ੍ਹਾਈ ਛੱਡ ਕੇ ਕੰਮ ਕਰਨ ਲੱਗ ਗਏ। ਘਰ ਦੇ ਗੁਜ਼ਾਰੇ ਲਈ ਜੀ ਖ਼ਾਨ ਨੇ ਵੱਖ-ਵੱਖ ਕੰਮ ਕੀਤੇ। ਜੀ ਖ਼ਾਨ ਨੇ ਬੱਸਾਂ ਦੀਆਂ ਬਾਡੀਆਂ ਬਣਾਉਣ ਦਾ ਕੰਮ ਕੀਤਾ, ਉਨ੍ਹਾਂ ਨੂੰ ਰੰਗ ਕਰਨ ਦਾ ਕੰਮ ਕੀਤਾ। ਇਸ ਤੋਂ ਬਾਅਦ ਉਹ ਵੈਲਡਿੰਗ ਦੇ ਕੰਮ ’ਚ ਲੱਗ ਗਏ। ਜੀ ਖ਼ਾਨ ਨੇ ਪਿਤਾ ਨਾਲ ਲਲਾਰੀ ਦੀ ਦੁਕਾਨ ’ਤੇ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਦੁਕਾਨ ’ਤੇ ਝਾੜੂ-ਪੋਚੇ ਦਾ ਕੰਮ ਵੀ ਕਰ ਚੁੱਕੇ ਹਨ।

PunjabKesari

ਜੀ ਖ਼ਾਨ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਨੇ ਇੰਨਾ ਮਾੜਾ ਸਮਾਂ ਦੇਖਿਆ ਹੈ ਕਿ ਕਈ ਵਾਰ ਉਹ ਇਕੱਲੇ ਬੈਠ ਕੇ ਰੋਂਦੇ ਰਹਿੰਦੇ ਸਨ। ਉਨ੍ਹਾਂ ਕੋਲ ਪੈਸੇ ਵੀ ਨਹੀਂ ਹੁੰਦੇ ਸਨ ਤੇ ਨਿਰਾਸ਼ ਹੋ ਕੇ ਕਈ ਵਾਰ ਕੰਧ ’ਚ ਸਿਰ ਮਾਰ ਲੈਂਦੇ ਸਨ।

PunjabKesari

14 ਸਾਲਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਜੀ ਖ਼ਾਨ ਦੀ ਮੁਲਾਕਾਤ ਇਕ ਦਿਨ ਖ਼ਾਨ ਸਾਬ ਰਾਹੀਂ ਪੰਜਾਬੀ ਗਾਇਕ ਗੈਰੀ ਸੰਧੂ ਨਾਲ ਹੋਈ। ਜਦੋਂ ਜੀ ਖ਼ਾਨ ਨੇ ਗੈਰੂ ਸੰਧੂ ਨੂੰ ਆਪਣੇ ਗੀਤ ਸੁਣਾਏ ਤਾਂ ਉਹ ਉਸ ਦੀ ਆਵਾਜ਼ ਦੇ ਦੀਵਾਨੇ ਹੋ ਗਏ। ਗੈਰੀ ਨੇ ਇਸ ਤੋਂ ਬਾਅਦ ਜੀ ਖ਼ਾਨ ਨੂੰ ਆਪਣੇ ਨਾਲ ਬੈਕਗਰਾਊਂਡ ਸਿੰਗਰ ਵਜੋਂ ਰੱਖ ਲਿਆ। ਜੀ ਖ਼ਾਨ ਇਸ ਤੋਂ ਪਹਿਲਾਂ ਕੁਲਵਿੰਦਰ ਬਿੱਲਾ ਨਾਲ ਵੀ ਬੈਕਗਰਾਊਂਡ ਸਿੰਗਰ ਵਜੋਂ 4-5 ਸਾਲ ਕੰਮ ਕਰ ਚੁੱਕੇ ਸਨ।

PunjabKesari

ਜੀ ਖ਼ਾਨ ਦਾ ਪਹਿਲਾ ਗੀਤ ਖ਼ਾਨ ਸਾਬ ਨਾਲ ਰਿਲੀਜ਼ ਹੋਇਆ, ਜੋ ਜੀ ਖ਼ਾਨ ਨੇ ਖ਼ੁਦ ਲਿਖਿਆ ਸੀ। ਇਸ ਗੀਤ ਦਾ ਨਾਂ ਸੀ ‘ਸੱਜਣਾ’, ਜੋ ਸਾਲ 2015 ’ਚ ਗੈਰੂ ਸੰਧੂ ਦੇ ਹੀ ਯੂਟਿਊਬ ਚੈਨਲ ਫਰੈੱਸ਼ ਮੀਡੀਆ ਰਿਕਾਰਡਸ ’ਤੇ ਰਿਲੀਜ਼ ਹੋਇਆ। ਇਸ ਗੀਤ ਨੇ ਖ਼ਾਨ ਸਾਬ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਉਸ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਵੀ ਵਧਣ ਲੱਗੀ।

PunjabKesari

ਅੱਜ ਜੀ ਖ਼ਾਨ ਆਪਣੀ ਸੁਰੀਲੀ ਆਵਾਜ਼ ਸਦਕਾਂ ਲੱਖਾਂ ਲੋਕਾਂ ਦੇ ਦਿਲਾਂ ’ਚ ਵੱਸਦੇ ਹਨ। ਜੀ ਖ਼ਾਨ ਗੈਰੀ ਸੰਧੂ ਨੂੰ ਆਪਣਾ ਰੱਬ ਮੰਨਦੇ ਹਨ ਤੇ ਅਕਸਰ ਸੋਸ਼ਲ ਮੀਡੀਆ ’ਤੇ ਪੋਸਟਾਂ ਸਾਂਝੀਆਂ ਕਰਕੇ ਵੀ ਇਸ ਗੱਲ ਦੀ ਹਾਮੀ ਭਰਦੇ ਹਨ।

ਨੋਟ– ਜੀ ਖ਼ਾਨ ਦਾ ਕਿਹੜਾ ਗੀਤ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh