ਜੈਕੀ ਭਾਗਨਾਨੀ ਸਣੇ 9 ਲੋਕਾਂ ''ਤੇ 28 ਸਾਲਾ ਮਾਡਲ ਨੇ ਰੇਪ-ਛੇੜਛਾੜ ਦੇ ਲਾਏ ਦੋਸ਼, FIR ਦਰਜ
Tuesday, Jun 01, 2021 - 09:34 AM (IST)
ਮੁੰਬਈ (ਬਿਊਰੋ) : ਗੀਤਕਾਰ ਅਤੇ ਸਾਬਕਾ ਮਾਡਲ ਨੇ ਹਿੰਦੀ ਫ਼ਿਲਮ ਇੰਡਸਟਰੀ ਦੇ 9 ਵੱਡੇ ਲੋਕਾਂ 'ਤੇ ਬਲਾਤਕਾਰ ਅਤੇ ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕੀਤਾ ਹੈ। ਨਿੱਜੀ ਚੈਨਲ ਕੋਲ ਐੱਫ. ਆਈ. ਆਰ. ਦੀ ਇਕ ਕਾਪੀ ਵੀ ਹੈ, ਜਿਸ ਵਿਚ ਬਾਲੀਵੁੱਡ ਅਦਾਕਾਰ ਜੈਕੀ ਭਾਗਨਾਨੀ ਅਤੇ ਮਸ਼ਹੂਰ ਫੋਟੋਗ੍ਰਾਫਰ ਕੋਲਸਟਨ ਜੂਲੀਅਨ ਦੇ ਨਾਮ ਵੀ ਸ਼ਾਮਲ ਹਨ। ਮਾਡਲ ਨੇ ਮਸ਼ਹੂਰ ਫੋਟੋਗ੍ਰਾਫਰ ਕੋਲਸਟਨ ਜੂਲੀਅਨ 'ਤੇ ਬਲਾਤਕਾਰ ਦਾ ਦੋਸ਼ ਲਗਾਇਆ। ਉਸੇ ਸਮੇਂ, ਜੈਕੀ ਭਾਗਨਾਨੀ ਸਮੇਤ ਅੱਠ ਹੋਰ ਵਿਅਕਤੀਆਂ 'ਤੇ ਛੇੜਛਾੜ ਕਰਨ ਕਰਨ ਦੇ ਦੋਸ਼ ਹਨ। ਪੁਲਸ ਨੇ ਮਾਡਲ ਦੀ ਸ਼ਿਕਾਇਤ ਦੇ ਅਧਾਰ 'ਤੇ ਆਈ. ਪੀ. ਸੀ. ਦੀ ਧਾਰਾ 378 (ਐਨ), 354 ਅਤੇ 34 ਦੇ ਤਹਿਤ ਕੇਸ ਦਰਜ ਕੀਤਾ ਹੈ।
ਪੀੜਤਾਂ ਨੇ ਲਾਏ ਇਹ ਦੋਸ਼
28 ਸਾਲਾ ਮਾਡਲ ਦਾ ਦੋਸ਼ ਹੈ ਕਿ ਉਸ ਨੂੰ ਸਾਲ 2014 ਤੋਂ 2018 ਤੱਕ ਕਈ ਮੌਕਿਆਂ 'ਤੇ ਪ੍ਰੇਸ਼ਾਨ ਕੀਤਾ ਗਿਆ ਸੀ। ਅਦਾਕਾਰ ਜੈਕੀ ਭਗਨਾਨੀ 'ਤੇ ਇਲਜ਼ਾਮ ਹੈ ਕਿ ਉਸ ਨੇ ਬਾਂਦਰਾ ਵਿਚ ਮਾਡਲ ਦਾ ਸ਼ੋਸ਼ਣ ਕੀਤਾ, ਜਦੋਂ ਕਿ ਨਿਖਿਲ ਕਾਮਤ ਨੇ ਉਸ ਨੂੰ ਸਾਂਤਾ ਕਰੂਜ਼ ਦੇ ਇੱਕ ਹੋਟਲ ਵਿਚ ਛੇੜਛਾੜ ਕੀਤੀ। ਇਸ ਵਿਚ 7 ਹੋਰ ਲੋਕਾਂ ਦੇ ਨਾਮ ਵੀ ਸ਼ਾਮਲ ਹਨ, ਜਿਸ ਵਿਚ ਟੀ-ਸੀਰੀਜ਼ ਦੇ ਕ੍ਰਿਸ਼ਨਾ ਕੁਮਾਰ, ਟੈਲੈਂਟ ਮੈਨੇਜਮੈਂਟ ਕੰਪਨੀ ਕਾਨ ਦੇ ਸਹਿ-ਸੰਸਥਾਪਕ, ਅਨਿਰਬਾਨ ਦਾਸ ਬਲਾਹ (Anirban Das Blah), ਸ਼ੀਲ ਗੁਪਤਾ, ਅਜੀਤ ਠਾਕੁਰ, ਗੁਰਜੋਤ ਸਿੰਘ ਅਤੇ ਵਿਸ਼ਨੂੰ ਵਰਧਨ ਇੰਦੂਰੀ ਹਨ।
ਇੰਝ ਕਰਦੇ ਸੀ ਸਰੀਰਕ ਸੋਸ਼ਣ
ਪੀੜਤ ਲੜਕੀ ਨੇ ਫੋਟੋਗ੍ਰਾਫਰ ਕੋਲਸਟਨ ਜੂਲੀਅਨ 'ਤੇ ਕਈ ਵਾਰ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਮਾਡਲ ਦਾ ਕਹਿਣਾ ਹੈ ਕਿ ਉਹ ਅਦਾਕਾਰੀ ਲਈ ਮੁੰਬਈ ਆਈ ਸੀ। ਫ਼ਿਲਮਾਂ 'ਚ ਭੂਮਿਕਾਵਾਂ ਪਾਉਣ ਦੇ ਨਾਮ 'ਤੇ ਉਸ ਦਾ ਸਰੀਰਕ ਸੋਸ਼ਣ ਕੀਤਾ ਗਿਆ। ਪੁਲਸ ਨੇ ਇਸ ਮਾਮਲੇ ਵਿਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਹੈ।
ਸੀਨੀਅਰ ਅਧਿਕਾਰੀ ਨੇ ਆਖੀ ਇਹ ਗੱਲ
ਬਾਂਦਰਾ ਥਾਣੇ ਦੇ ਇੱਕ ਸੀਨੀਅਰ ਪੁਲਸ ਇੰਸਪੈਕਟਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮਾਮਲੇ ਵਿਚ ਇੱਕ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਪਰ ਇਸ ਮਾਮਲੇ 'ਤੇ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਇਕ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਨੇ ਕਿਹਾ ਕਿ ਅਸੀਂ ਸਾਰੇ ਦੋਸ਼ੀਆਂ 'ਤੇ ਧਾਰਾ 378 (ਐਨ), 354 ਅਤੇ 34 ਦੇ ਤਹਿਤ ਕੇਸ ਦਰਜ ਕੀਤਾ ਹੈ। ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਜਲਦ ਹੀ ਅਸੀਂ ਮੁਲਜ਼ਮਾਂ ਤੋਂ ਪੁੱਛ-ਗਿੱਛ ਕਰਾਂਗੇ।