ਸਾਜਿਦ ਖ਼ਾਨ ਦਾ ਸਮਰਥਨ ਕਰਨ ’ਤੇ ਬੁਰੀ ਫਸੀ ਰਾਖੀ ਸਾਵੰਤ, ਦਰਜ ਹੋਈ ਐੱਫ. ਆਈ. ਆਰ.
Thursday, Nov 10, 2022 - 01:53 PM (IST)
ਮੁੰਬਈ (ਬਿਊਰੋ)– ‘ਡਰਾਮਾ ਕੁਈਨ’ ਰਾਖੀ ਸਾਵੰਤ ਮੁਸ਼ਕਿਲਾਂ ’ਚ ਘਿਰ ਗਈ ਹੈ। ਮੀਟੂ ਦੋਸ਼ੀ ਸਾਜਿਦ ਖ਼ਾਨ ਦਾ ਸਮਰਥਨ ਕਰਨਾ ਉਸ ਨੂੰ ਭਾਰੀ ਪੈ ਗਿਆ ਹੈ। ਰਾਖੀ ਸਾਵੰਤ ਤੇ ਉਸ ਦੀ ਵਕੀਲ ਖ਼ਿਲਾਫ਼ ਐੱਫ. ਆਈ. ਆਰ. ਦਰਜ ਹੋਈ ਹੈ। ਦੋਵਾਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 354 ਏ, 500, 504, 509 ਤੇ ਆਈ. ਟੀ. ਐਕਟ 67 ਏ ਤਹਿਤ ਐੱਫ. ਆਈ. ਆਰ. ਦਰਜ ਕਰਵਾਈ ਗਈ ਹੈ।
ਕੁਝ ਦਿਨ ਪਹਿਲਾਂ ਮੀਡੀਆ ’ਚ ਖ਼ਬਰ ਆਈ ਸੀ ਕਿ ਰਾਖੀ ਸਾਵੰਤ ਨੇ ਸ਼ਰਲਿਨ ਚੋਪੜਾ ਖ਼ਿਲਾਫ਼ ਮਾਨਹਾਨੀ ਕੇਸ ਦਰਜ ਕੀਤਾ ਹੈ। ਇਹ ਕਦਮ ਰਾਖੀ ਨੇ ਉਦੋਂ ਚੁੱਕਿਆ, ਜਦੋਂ ਸ਼ਰਲਿਨ ਚੋਪੜਾ ਨੇ ਉਸ ਖ਼ਿਲਾਫ਼ ਮਾੜਾ-ਚੰਗਾ ਬੋਲਿਆ ਕਿਉਂਕਿ ਰਾਖੀ ਨੇ ਸਾਜਿਦ ਖ਼ਾਨ ਦਾ ਸਮਰਥਨ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ : ਹਸਪਤਾਲ ਤੋਂ ਡਿਸਚਾਰਜ ਹੋਈ ਆਲੀਆ ਭੱਟ, ਨੰਨ੍ਹੀ ਪਰੀ ਨੂੰ ਦੇਖਣ ਲਈ ਪ੍ਰਸ਼ੰਸਕ ਬੇਤਾਬ, ਦੇਖੋ ਪਹਿਲੀ ਝਲਕ
ਸ਼ਰਲਿਨ ਚੋਪੜਾ ਨੇ ਰਾਖੀ ਸਾਵੰਤ ਖ਼ਿਲਾਫ਼ ਇਹ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਖੀ ਨੇ ਜਿਸ ਤਰ੍ਹਾਂ ਮੀਟੂ ਦੋਸ਼ੀ ਸਾਜਿਦ ਖ਼ਾਨ ਦਾ ਸਮਰਥਨ ਕੀਤਾ, ਉਹ ਗਲਤ ਸੀ। ਇਸ ਤੋਂ ਪਹਿਲਾਂ ਵੀ ਸ਼ਰਲਿਨ ਚੋਪੜਾ ਨੇ ਰਾਖੀ ਖ਼ਿਲਾਫ਼ ਮੋਲੇਸਟੇਸ਼ਨ ਦਾ ਕੇਸ ਦਰਜ ਕਰਵਾਇਆ ਸੀ।
ਰਾਖੀ ਨੇ ਸ਼ਰਲਿਨ ’ਤੇ ਕਾਫੀ ਖ਼ਰਾਬ ਬਿਆਨ ਦਿੱਤੇ ਸਨ, ਜਿਸ ਤੋਂ ਬਾਅਦ ਅਦਾਕਾਰਾ ਨੂੰ ਇਹ ਕਦਮ ਚੁੱਕਣਾ ਪਿਆ ਸੀ। ਮੰਗਲਵਾਰ ਦੇ ਦਿਨ ਅੰਬੋਲੀ ਪੁਲਸ ਸਟੇਸ਼ਨ ’ਚ ਰਾਖੀ ਸਾਵੰਤ ਤੇ ਉਸ ਦੀ ਵਕੀਲ ਖ਼ਿਲਾਫ਼ ਐੱਫ. ਆਈ. ਆਰ. ਦਰਜ ਹੋਈ ਹੈ। ਪੁਲਸ ਅਧਿਕਾਰੀ ਮੁਤਾਬਕ ਹੁਣ ਤਕ ਰਾਖੀ ਤੇ ਉਸ ਦੀ ਵਕੀਲ ਕੋਲੋਂ ਇਸ ਮਾਮਲੇ ’ਚ ਕੋਈ ਪੁੱਛਗਿੱਛ ਨਹੀਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਰਾਖੀ ਸਾਵੰਤ ਤੇ ਸ਼ਰਲਿਨ ਚੋਪੜਾ ਵਿਚਾਲੇ ਵਿਵਾਦ ਉਦੋਂ ਛਿੜਿਆ, ਜਦੋਂ ‘ਡਰਾਮਾ ਕੁਈਨ’ ਨੇ ਮੀਟੂ ਦੋਸ਼ੀ ਸਾਜਿਦ ਖ਼ਾਨ ਤੇ ਰਾਜ ਕੁੰਦਰਾ ਦਾ ਸਮਰਥਨ ਕੀਤਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।