ਯੁਵਿਕਾ ਚੌਧਰੀ ਖ਼ਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਤਹਿਤ FIR ਦਰਜ, ਜਲਦ ਹੋ ਸਕਦੀ ਹੈ ਗ੍ਰਿਫ਼ਤਾਰੀ
Saturday, May 29, 2021 - 03:29 PM (IST)
ਨਵੀਂ ਦਿੱਲੀ (ਬਿਊਰੋ) - ਮਸ਼ਹੂਰ ਅਦਾਕਾਰਾ ਯੁਵਿਕਾ ਚੌਧਰੀ ਆਪਣੀ ਇਕ ਵੀਡੀਓ ਵਿਚ ਨਸਲਵਾਦੀ ਸ਼ਬਦਾਂ ਦੀ ਵਰਤੋਂ ਕਰ ਬੁਰੀ ਫਸੀ ਹੈ। ਉਸ ਦੇ ਖ਼ਿਲਾਫ਼ 'ਹਾਂਸੀ ਪੁਲਸ' ਅਨੁਸੂਚਿਤ ਜਾਤੀ ਅਤੇ ਜਨਜਾਤੀ ਅੱਤਿਆਚਾਰ ਐਕਟ ਦੇ ਤਹਿਤ ਐੱਫ. ਆਈ. ਆਰ. ਦਰਜ ਕੀਤੀ ਹੈ। ਇਹ ਕਾਰਵਾਈ ਅਨੁਸੂਚਿਤ ਜਾਤੀ ਅਧਿਕਾਰ ਮੰਚ ਦੇ ਕਾਰਜਕਰਤਾ ਰਜਤ ਕਲਸਨ ਦੀ ਲਿਖਤੀ ਸ਼ਿਕਾਇਤ 'ਤੇ ਕੀਤੀ ਗਈ ਹੈ। ਮੰਚ ਦੇ ਕਾਰਜਕਰਤਾ ਦਾ ਦੋਸ਼ ਹੈ ਕਿ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਇੱਕ ਵਿਸ਼ੇਸ਼ ਜਾਤੀ ਦੇ ਲੋਕਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਗ਼ੈਰ ਜ਼ਮਾਨਤੀ ਧਾਰਾਵਾਂ ਤਹਿਤ ਐੱਫ. ਆਈ. ਆਰ. ਕੀਤੀ ਗਈ ਦਰਜ
ਇਸ ਸ਼ਿਕਾਇਤ ਦੇ ਨਾਲ ਸ਼ਿਕਾਇਤਕਰਤਾ ਨੇ ਸਬੰਧਿਤ ਵੀਡੀਓ ਦੀ ਸੀਡੀ ਵੀ ਦਿੱਤੀ ਸੀ, ਸਾਈਬਰ ਸੈੱਲ ਦੁਆਰਾ ਰਸਮੀ ਜਾਂਚ ਤੋਂ ਬਾਅਦ ਸ਼ੁੱਕਰਵਾਰ ਨੂੰ ਯੁਵਿਕਾ ਚੌਧਰੀ ਦੇ ਖ਼ਿਲਾਫ਼ ਸਿਟੀ ਥਾਣੇ ਵਿਖੇ ਐੱਫ. ਆਈ. ਆਰ. ਦਰਜ ਕੀਤੀ ਗਈ। ਐੱਫ. ਆਈ. ਆਰ. ਅਨੁਸੂਚਿਤ ਜਾਤੀ ਅਤੇ ਜਨਜਾਤੀ ਅੱਤਿਆਚਾਰ ਐਕਟ ਦੀ ਧਾਰਾ 3 (1) (ਯੂ) ਦੇ ਤਹਿਤ ਦਰਜ ਕੀਤੀ ਗਈ ਹੈ, ਜੋ ਗੈਰ ਜ਼ਮਾਨਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਪੁਲਸ ਯੁਵਿਕਾ ਚੌਧਰੀ ਨੂੰ ਇਸ ਮਾਮਲੇ ਵਿਚ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕਰੇਗੀ, ਜਿਸ ਤੋਂ ਬਾਅਦ ਉਸ ਦੀ ਸੰਭਾਵਤ ਗ੍ਰਿਫ਼ਤਾਰੀ ਹੋ ਸਕਦੀ ਹੈ।
ਦੱਸ ਦੇਈਏ ਕਿ ਯੁਵਿਕਾ ਚੌਧਰੀ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਨੂੰ ਵੇਖਣ ਤੋਂ ਬਾਅਦ ਵਿਵਾਦ ਹੋਰ ਵੱਧ ਗਿਆ ਹੈ। ਵੀਡੀਓ ਵਿਚ ਯੁਵਿਕਾ ਦੇ ਪਤੀ ਪ੍ਰਿੰਸ ਨਰੂਲਾ ਵਾਲ ਕਟਵਾ ਰਹੇ ਹਨ। ਫਿਰ ਨੌਜਵਾਨ ਉਥੇ ਫੋਨ ਲਿਆਉਂਦਾ ਹੈ ਅਤੇ ਵੀਡੀਓ ਬਣਾਉਣਾ ਸ਼ੁਰੂ ਕਰਦਾ ਹੈ। ਇਸੇ ਦੌਰਾਨ ਯੁਵਿਕਾ ਕਹਿੰਦੀ ਹੈ, ਜਦੋਂ ਵੀ ਮੈਂ ਇੱਕ ਬਲਾਗ ਬਣਾਉਂਦੀ ਹਾਂ, ਮੈਂ ਇਸ ਤਰ੍ਹਾਂ ਖੜਦੀ ਹਾਂ। ਮੈਨੂੰ ਇੰਨਾ ਸਮਾਂ ਮਿਲਦਾ ਹੀ ਨਹੀਂ ਹੈ ਕਿ ਮੈਂ ਢੰਗ ਨਾਲ ਤਿਆਰ ਹੋ ਸਕਾ। ਇਸ ਦੌਰਾਨ ਉਹ ਵਿਸ਼ੇਸ਼ ਜਾਤੀ ਬਾਰੇ ਇਤਰਾਜ਼ਯੋਗ ਟਿੱਪਣੀ ਕਰਦੀ ਹੈ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਗੁੱਸਾ ਭੜਕ ਉੱਠਿਆ ਹੈ ਅਤੇ ਉਹ ਯੁਵਿਕਾ ਚੌਧਰੀ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ। ਵਿਵਾਦ ਵਧਦਾ ਵੇਖ ਯੁਵਿਕਾ ਨੇ ਇਸ ਮਾਮਲੇ ਵਿਚ ਟਵੀਟ ਕਰਕੇ ਮੁਆਫ਼ੀ ਮੰਗ ਲਈ ਹੈ।