ਬੌਬੀ ਦਿਓਲ ਦੀ ਵੈੱਬ ਸੀਰੀਜ਼ ''ਆਸ਼ਰਮ'' ਨੂੰ ਲੈ ਕੇ ਮੁੜ ਵਿਵਾਦ, ਜੋਧਪੁਰ ''ਚ ਸ਼ਿਕਾਇਤ ਦਰਜ

1/15/2021 12:19:27 PM

ਨਵੀਂ ਦਿੱਲੀ (ਬਿਊਰੋ) : ਐੱਮ. ਐਕਸ. ਪਲੇਅਰ 'ਤੇ ਆਈ ਪ੍ਰਕਾਸ਼ ਝਾਅ ਨਿਰਦੇਸ਼ਿਤ ਵੈੱਬ ਸੀਰੀਜ਼ 'ਆਸ਼ਰਮ' ਰਿਲੀਜ਼ਿੰਗ ਦੇ ਕੁਝ ਮਹੀਨਿਆਂ ਬਾਅਦ ਵੀ ਵਿਵਾਦਾਂ 'ਚ ਹੈ। ਤਾਜ਼ਾ ਮਾਮਲਿਆਂ 'ਚ 'ਆਸ਼ਰਮ' ਖ਼ਿਲਾਫ਼ ਰਾਜਸਥਾਨ ਦੇ ਜੋਧਪੁਰ ਇਲਾਕੇ 'ਚ ਅਨੁਸੂਚਿਤ ਜਾਤੀ-ਜਨਜਾਤੀ ਐਕਟ ਤਹਿਤ ਪੁਲਸ ਰਿਪੋਰਟ ਦਰਜ ਕਰਵਾਈ ਗਈ ਹੈ। ਸੀਰੀਜ਼ ਦੇ ਪਹਿਲੇ ਐਪੀਸੋਡ 'ਚ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਉਣ ਦਾ ਦੋਸ਼ ਹੈ। ਏ. ਐੱਨ. ਆਈ. ਦੀ ਰਿਪੋਰਟ ਅਨੁਸਾਰ, ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦੇ ਲੂਨੀ ਥਾਣੇ 'ਚ ਵੀਰਵਾਰ ਨੂੰ ਰਿਪੋਰਟ ਦਰਜ ਕਰਵਾਈ ਗਈ ਹੈ। ਥਾਣਾ ਇੰਚਾਰਜ ਸੀਤਾਰਾਮ ਪਵਾਰ ਅਨੁਸਾਰ, ਸੀਰੀਜ਼ ਤੋਂ ਪਹਿਲੇ ਐਪੀਸੋਡ 'ਚ ਐੱਸਸੀ-ਐੱਸਟੀ ਭਾਈਚਾਰੇ ਨੂੰ ਨੈਗੇਟਿਵ ਦਿਖਾਉਣ ਦੀ ਸ਼ਿਕਾਇਤ ਆਉਣ 'ਤੇ ਐੱਸਸੀ-ਐੱਸਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਸ਼ਿਕਾਇਤ ਕਰਤਾ ਡੀਆਰ ਮੇਘਵਾ ਦਾ ਕਹਿਣਾ ਹੈ ਕਿ ਪਹਿਲੇ ਐਪੀਸੋਡ 'ਚ ਭਾਈਚਾਰੇ ਦਾ ਅਪਮਾਨ ਕੀਤਾ ਗਿਆ ਹੈ। ਸੀਰੀਜ਼ ਭੇਦਭਾਵ ਨੂੰ ਮਜ਼ਬੂਤੀ ਦਿੰਦੀ ਹੈ। ਦਸੰਬਰ 2020 'ਚ ਜੋਧਪੁਰ ਕੋਰਟ ਨੇ ਬੌਬੀ ਦਿਓਲ ਤੇ ਪ੍ਰਕਾਸ਼ ਝਾਅ ਨੂੰ ਇਕ-ਦੂਸਰੇ ਕੇਸ 'ਚ ਨੋਟਿਸ ਭੇਜਿਆ ਸੀ।

ਦੱਸ ਦੇਈਏ ਸੀਰੀਜ਼ ਦਾ ਦੂਸਰਾ ਸੀਜ਼ਨ 'ਆਸ਼ਰਮ ਚੈਪਟਰ 2 - ਦਿ ਡਾਰਕ ਸਾਈਡ' 11 ਨਵੰਬਰ ਨੂੰ ਐੱਮ. ਐਕਸ. ਪਲੇਅਰ 'ਤੇ ਸਟਰੀਮ ਕੀਤਾ ਗਿਆ ਸੀ। ਇਸ ਸੀਰੀਜ਼ 'ਚ ਬੌਬੀ ਦਿਓਲ ਇਕ ਕਥਿਤ ਧਰਮ ਗੁਰੂ ਦੇ ਕਿਰਦਾਰ 'ਚ ਹਨ। ਰਿਪੋਰਟਰਸ ਅਨੁਸਾਰ, ਸਥਾਨਕ ਵਾਸੀ ਖੁਸ਼ ਖੰਡੇਲਵਾਲ ਵੱਲੋਂ ਇਹ ਪਟੀਸ਼ਨ ਦਰਜ ਕੀਤੀ ਗਈ ਸੀ, ਜਿਸ 'ਚ ਕਿਹਾ ਗਿਆ ਹੈ ਕਿ ਹਿੰਦੂ ਸੰਤ ਦੇ ਰੂਪ 'ਚ ਬੌਬੀ ਦਿਓਲ ਦੇ ਕਿਰਦਾਰ ਨਾਲ ਹਿੰਦੂਆਂ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ। ਇਕ ਦੁਸ਼ਟਾਕ੍ਰਮੀ, ਭ੍ਰਿਸ਼ਟ ਤੇ ਡਰੱਗ ਡੀਲਰ ਦੇ ਰੂਪ 'ਚ ਦਿਖਾਇਆ ਜਾਣਾ ਸੰਤਾਂ ਦਾ ਅਪਮਾਨ ਹੈ।

ਸੀਰੀਜ਼ ਖ਼ਿਲਾਫ਼ ਸੋਸ਼ਲ ਮੀਡੀਆ 'ਚ ਮੁਹਿੰਮ ਚਲਾਈ ਗਈ ਸੀ ਕਿ ਇਹ ਇਕ ਵਰਗ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ। ਸੀਰੀਜ਼ 'ਚ ਕੁਝ ਦ੍ਰਿਸ਼ਾਂ ਨੂੰ ਲੈ ਕੇ ਵੀ ਨੋਟਿਸ 'ਚ ਇਤਰਾਜ਼ ਪ੍ਰਗਟਾਇਆ ਗਿਆ ਸੀ। ਇਨ੍ਹਾਂ ਨੂੰ ਹਿੰਦੂ ਸੰਸਕ੍ਰਿਤੀ 'ਚ ਆਸ਼ਰਮ ਦੀ ਪਰੰਪਰਾ ਵਿਰੁੱਧ ਕਿਹਾ ਗਿਆ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor sunita