ਕਾਰਤਿਕ ਤੇ ਅਭਿਸ਼ੇਕ ਨੂੰ ਸਰਵੋਤਮ ਅਦਾਕਾਰ ਤੇ ਆਲੀਆ ਨੂੰ ਮਿਲਿਆ ਸਰਵੋਤਮ ਅਦਾਕਾਰਾ ਦਾ ਫਿਲਮਫੇਅਰ ਪੁਰਸਕਾਰ
Sunday, Oct 12, 2025 - 12:40 PM (IST)

ਅਹਿਮਦਾਬਾਦ (ਏਜੰਸੀ)- ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਅਤੇ ਅਭਿਸ਼ੇਕ ਬੱਚਨ ਨੂੰ ਸਰਵੋਤਮ ਅਦਾਕਾਰ ਅਤੇ ਆਲੀਆ ਭੱਟ ਨੂੰ ਸਰਵੋਤਮ ਅਦਾਕਾਰਾ ਦੇ ਫਿਲਮਫੇਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 70ਵੇਂ ਫਿਲਮਫੇਅਰ ਪੁਰਸਕਾਰ ਦਾ ਆਯੋਜਨ ਸ਼ਨੀਵਾਰ ਰਾਤ ਨੂੰ ਅਹਿਮਦਾਬਾਦ ਵਿੱਚ ਕੀਤਾ ਗਿਆ। ਸ਼ਾਹਰੁਖ ਖਾਨ, ਕਰਨ ਜੌਹਰ ਅਤੇ ਮਨੀਸ਼ ਪਾਲ ਨੇ ਸਾਂਝੇ ਤੌਰ 'ਤੇ ਪੁਰਸਕਾਰਾਂ ਦੀ ਮੇਜ਼ਬਾਨੀ ਕੀਤੀ। ਫਿਲਮਫੇਅਰ ਪੁਰਸਕਾਰ ਇਵੈਂਟ ਵਿਚ ਸਭ ਤੋਂ ਜ਼ਿਆਦਾ ਜਲਵਾ "ਲਾਪਤਾ ਲੇਡੀਜ਼" ਦਾ ਰਿਹਾ, ਜਿਸ ਨੇ ਕਈ ਪੁਰਸਕਾਰ ਆਪਣੇ ਨਾਮ ਕੀਤੇ। ਕਾਰਤਿਕ ਆਰੀਅਨ ਅਤੇ ਅਭਿਸ਼ੇਕ ਬੱਚਨ ਨੇ ਸਾਂਝੇ ਤੌਰ 'ਤੇ ਫਿਲਮਫੇਅਰ ਸਰਵੋਤਮ ਅਦਾਕਾਰ ਦਾ ਪੁਰਸਕਾਰ ਜਿੱਤਿਆ। ਕਾਰਤਿਕ ਆਰੀਅਨ ਨੂੰ "ਚੰਦੂ ਚੈਂਪੀਅਨ" ਲਈ ਅਤੇ ਅਭਿਸ਼ੇਕ ਬੱਚਨ ਨੂੰ "ਆਈ ਵਾਂਟ ਟੂ ਟਾਕ" ਲਈ ਪੁਰਸਕਾਰ ਮਿਲਿਆ। ਆਲੀਆ ਭੱਟ ਨੂੰ ਫਿਲਮ "ਜਿਗਰਾ" ਲਈ ਫਿਲਮਫੇਅਰ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ।
ਰਾਜਕੁਮਾਰ ਰਾਓ ਨੂੰ ਫਿਲਮ "ਸ਼੍ਰੀਕਾਂਤ" ਲਈ ਸਰਬੋਤਮ ਅਦਾਕਾਰ ਦਾ ਆਲੋਚਕ ਪੁਰਸਕਾਰ ਮਿਲਿਆ, ਜਦੋਂ ਕਿ ਪ੍ਰਤਿਭਾ ਰੰਤਾ ਨੂੰ ਫਿਲਮ "ਲਾਪਤਾ ਲੇਡੀਜ਼" ਲਈ ਸਰਬੋਤਮ ਅਦਾਕਾਰਾ ਦਾ ਆਲੋਚਕ ਪੁਰਸਕਾਰ ਮਿਲਿਆ। ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਰਵੀ ਕਿਸ਼ਨ ਨੂੰ ਫਿਲਮ ਲਾਪਤਾ ਲੇਡੀਜ਼ ਲਈ ਦਿੱਤਾ ਗਿਆ। ਇਸੇ ਫਿਲਮ ਲਈ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਛਾਇਆ ਕਦਮ ਨੂੰ ਦਿੱਤਾ ਗਿਆ। ਸਰਵੋਤਮ ਫਿਲਮ ਦਾ ਪੁਰਸਕਾਰ 'ਲਾਪਤਾ ਲੇਡੀਜ਼' ਨੂੰ ਦਿੱਤਾ ਗਿਆ। ਇਸੇ ਫਿਲਮ ਲਈ ਕਿਰਨ ਰਾਓ ਨੂੰ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਦਿੱਤਾ ਗਿਆ। ਸ਼ੂਜੀਤ ਸਰਕਾਰ ਨੂੰ 'ਆਈ ਵਾਂਟ ਟੂ ਟਾਕ' ਲਈ ਸਰਵੋਤਮ ਫਿਲਮ (ਆਲੋਚਕ) ਦਾ ਪੁਰਸਕਾਰ ਦਿੱਤਾ ਗਿਆ। ਲਕਸ਼ਯ ਨੂੰ ਫਿਲਮ 'ਕਿਲ' ਲਈ ਸਰਵੋਤਮ ਡੈਬਿਊ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ। ਨਿਤਾਂਸ਼ੀ ਗੋਇਲ ਨੂੰ ਫਿਲਮ 'ਲਾਪਤਾ ਲੇਡੀਜ਼' ਲਈ ਸਰਵੋਤਮ ਡੈਬਿਊ ਮਹਿਲਾ ਅਦਾਕਾਰਾ ਦਾ ਪੁਰਸਕਾਰ ਦਿੱਤਾ ਗਿਆ। 'ਮਡਗਾਓਂ ਐਕਸਪ੍ਰੈਸ' ਲਈ ਕੁਨਾਲ ਖੇਮੂ ਅਤੇ 'ਆਰਟੀਕਲ 370' ਲਈ ਆਦਿਤਿਆ ਸੁਹਾਸ ਜੰਭਾਲੇ ਨੂੰ ਸਰਵੋਤਮ ਡੈਬਿਊ ਨਿਰਦੇਸ਼ਕ ਦਾ ਪੁਰਸਕਾਰ ਦਿੱਤਾ ਗਿਆ।