ਸ਼ੀਨਾ ਬੋਰਾ ਕਤਲ ਕਾਂਡ : ਫਿਲਮ ''ਡਾਰਕ ਚਾਕਲੇਟ'' ਨੂੰ ਹਾਈ ਕੋਰਟ ਵਲੋਂ ਝਟਕਾ
Saturday, Feb 20, 2016 - 01:48 PM (IST)

ਨਵੀਂ ਦਿੱਲੀ : ਮੁੰਬਈ ਹਾਈ ਕੋਰਟ ਨੇ ਸ਼ੀਨਾ ਬੋਰਾ ਕਤਲ ਕਾਂਡ ''ਤੇ ਅਧਾਰਿਤ ਫਿਲਮ ''ਡਾਰਕ ਚਾਕਲੇਟ'' ਦੇ ਨਿਰਮਾਤਾਨਾਂ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਨੇ ਨਿਰਮਾਤਾ ਅਤੇ ਨਿਰਦੇਸ਼ਕ ਨੂੰ ਇੰਟਰਨੈੱਟ ''ਤੇ ਪਹਿਲਾਂ ਤੋਂ ਜਾਰੀ ਇਸ ਦੇ ਟ੍ਰੇਲਰ ਤੋਂ ਇਲਾਵਾ ਫਿਲਮ ਦਾ ਕੋਈ ਵੀ ਹਿੱਸਾ ਜਾਰੀ ਨਾ ਕਰਨ ਲਈ ਕਿਹਾ ਗਿਆ ਹੈ। ਅਸਲ ''ਚ ਦੋਸ਼ੀ ਪੀਟਰ ਮੁਖਰਜੀ ਦੀ ਭੈਣ ਦੀ ਪਟੀਸ਼ਨ ''ਤੇ ਸੁਣਵਾਈ ਅਜੇ ਬਾਕੀ ਹੈ।
ਮੁਖਰਜੀ ਦੀ ਭੈਣ ਸ਼ਾਨਗੋਮ ਦਾਸ ਗੁਪਤਾ ਨੇ ਹਾਈ ਕੋਰਟ ''ਚ ਪਟੀਸ਼ਨ ਦਾਇਰ ਕਰਕੇ ਬੰਗਾਲੀ ਫਿਲਮ ''ਡਾਰਕ ਚਾਕਲੇਟ'' ਦੀ ਰਿਲੀਜ਼ ''ਤੇ ਇਸ ਅਧਾਰ ''ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਕਿ ਇਹ ਫਿਲਮ ਨਿਰਪੱਖ ਜਾਂਚ ਲਈ ਪੀਟਰ ਨੂੰ ਮਿਲੇ ਮੌਕੇ ਨੂੰ ਪ੍ਰਭਾਵਿਤ ਕਰੇਗੀ। ਸੀਨੀਅਰ ਵਕੀਲ ਵੈਂਕਟੇਸ਼ਨ ਧੋਂਡ ਨੇ ਸ਼ਾਨਗੋਮ ਵਲੋਂ ਜੱਜ ਐੱਸ.ਸੀ. ਧਰਮ ਅਧਿਕਾਰੀ ਅਤੇ ਜੱਜ ਜੀ.ਐੱਸ. ਪਟੇਲ ਦੇ ਸਾਹਮਣੇ ਕਿਹਾ ਕਿ ਪੀਟਰ ਆਪ ਪਟੀਸ਼ਨ ਦਾਇਰ ਨਹੀਂ ਕਰ ਸਕੇ ਕਿਉਂਕਿ ਇਸ ਵੇਲੇ ਉਹ ਜੇਲ ''ਚ ਹਨ ਅਤੇ ਇਸ ਲਈ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਨਹੀਂ ਕੀਤੀ ਜਾ ਸਕੀ।
ਧੋਂਡ ਨੇ ਕਿਹਾ ਕਿ ਅਸੀਂ ਪ੍ਰਕਿਰਿਆ ਸ਼ੁਰੂ ਕਰਾਂਗੇ ਅਤੇ ਪੀਟਰ ਨੂੰ ਦੂਜੇ ਪਟੀਸ਼ਨਕਰਤਾ ਦੇ ਰੂਪ ''ਚ ਸ਼ਾਮਲ ਕਰਾਂਗੇ। ਇਸ ਦੌਰਾਨ ਅਦਾਲਤ ''ਚ ਮੌਜੂਦ ਫਿਲਮ ਦੇ ਨਿਰਦੇਸ਼ਕ ਅਗਨੀਦੇਵ ਚੈਟਰਜੀ ਨੇ ਜੱਜਾਂ ਨੂੰ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਖਤਮ ਹੋ ਗਈ ਹੈ ਅਤੇ ਫਿਲਹਾਲ ਇਹ ਪੋਸਟ ਪ੍ਰੋਡਕਸ਼ਨ ਪੜਾਅ ''ਤੇ ਹੈ। ਫਿਲਮ ਲੱਗਭਗ 20 ਦਿਨਾਂ ''ਚ ਤਿਆਰ ਹੋਵੇਗੀ, ਜਿਸ ਤੋਂ ਬਾਅਦ ਇਸ ਨੂੰ ਮਨਜ਼ੂਰੀ ਲਈ ਸੈਂਸਰ ਬੋਰਡ ਕੋਲ ਭੇਜਿਆ ਜਾਵੇਗਾ। ਪ੍ਰਚਾਰ ਲਈ ਫਿਲਮ ਦਾ ਟ੍ਰੇਲਰ ਯੂ-ਟਿਊਬ ''ਤੇ ਜਾਰੀ ਕੀਤਾ ਗਿਆ ਹੈ।
ਅਦਾਲਤ ਨੇ ਨਿਰਦੇਸ਼ਕ ਅਤੇ ਨਿਰਮਾਤਾ ਕੰਪਨੀ ਮੈਕਨੇਲ ਇੰਜੀਨੀਅਰਿੰਗ ਸਟੂਡੀਓ ਨੂੰ ਫਿਲਮ ਦਾ ਕੋਈ ਹੋਰ ਹਿੱਸਾ ਇੰਟਰਨੈੱਟ ''ਤੇ ਜਾਰੀ ਨਾ ਕਰਨ ਲਈ ਕਿਹਾ ਹੈ। ਜਿਊਰੀ ਨੇ ਪਟੀਸ਼ਨ ਦੀ ਸੁਣਵਾਈ ਫਿਲਹਾਲ ਦੋ ਹਫਤਿਆਂ ਲਈ ਟਾਲ ਦਿੱਤੀ ਹੈ ਅਤੇ ਬਚਾਅ ਪੱਖ ਨੂੰ ਜਵਾਬੀ ਹਲਫਨਾਮਾ ਜਾਰੀ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਫਿਲਮ ''ਚ ਮਹਿਮਾ ਚੌਧਰੀ ਨੇ ਇੰਦਰਾਣੀ ਮੁਖਰਜੀ ਦਾ ਮੁਖ ਕਿਰਦਾਰ ਅਤੇ ਰੀਆ ਸੇਨ ਨੇ ਉਨ੍ਹਾਂ ਦੀ ਬੇਟੀ ਸ਼ੀਨਾ ਬੋਰਾ ਦਾ ਕਿਰਦਾਰ ਨਿਭਾਇਆ ਹੈ।