ਵਿਵਾਦਾਂ ਤੋਂ ਬਾਅਦ ਫਿਲਮ ''ਪਰਾਸ਼ਕਤੀ'' ਨੂੰ ਮਿਲੀ ਹਰੀ ਝੰਡੀ, ਸੈਂਸਰ ਬੋਰਡ ਨੇ ਦਿੱਤਾ ''UA 16+'' ਸਰਟੀਫਿਕੇਟ

Friday, Jan 09, 2026 - 05:05 PM (IST)

ਵਿਵਾਦਾਂ ਤੋਂ ਬਾਅਦ ਫਿਲਮ ''ਪਰਾਸ਼ਕਤੀ'' ਨੂੰ ਮਿਲੀ ਹਰੀ ਝੰਡੀ, ਸੈਂਸਰ ਬੋਰਡ ਨੇ ਦਿੱਤਾ ''UA 16+'' ਸਰਟੀਫਿਕੇਟ

ਚੇਨਈ (ਏਜੰਸੀ) - ਦੱਖਣੀ ਭਾਰਤੀ ਫਿਲਮਾਂ ਦੇ ਸੁਪਰਸਟਾਰ ਸ਼ਿਵਕਾਰਤੀਕੇਅਨ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਖ਼ਬਰ ਹੈ। ਉਨ੍ਹਾਂ ਦੀ ਬਹੁ-ਚਰਚਿਤ ਫਿਲਮ 'ਪਰਾਸ਼ਕਤੀ' ਨੂੰ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (CBFC) ਵੱਲੋਂ UA 16+ (16 ਸਾਲ ਤੋਂ ਵੱਧ ਉਮਰ ਲਈ) ਸਰਟੀਫਿਕੇਟ ਮਿਲ ਗਿਆ ਹੈ। ਇਸ ਮਨਜ਼ੂਰੀ ਨਾਲ ਫਿਲਮ ਦੇ 10 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਦਾ ਰਸਤਾ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ। ਫਿਲਮ ਦੇ ਨਿਰਮਾਤਾ 'ਡਾਨ ਪਿਕਚਰਜ਼' ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਪੁਸ਼ਟੀ ਕੀਤੀ ਹੈ।

38 ਕੱਟਾਂ ਦਾ ਸੀ ਸੁਝਾਅ, ਨਿਰਦੇਸ਼ਕ ਨੇ ਲਿਆ ਸਟੈਂਡ 

ਇਸ ਫਿਲਮ ਦੀ ਰਿਲੀਜ਼ ਨੂੰ ਲੈ ਕੇ ਕਾਫ਼ੀ ਅੜਚਨਾਂ ਪੈਦਾ ਹੋਈਆਂ ਸਨ। ਬੋਰਡ ਨੇ ਸ਼ੁਰੂ ਵਿੱਚ ਫਿਲਮ ਵਿੱਚ ਦਿਖਾਏ ਗਏ 1960 ਦੇ ਦਹਾਕੇ ਦੇ ਹਿੰਦੀ ਵਿਰੋਧੀ ਅੰਦੋਲਨਾਂ ਦੇ ਚਿਤਰਣ ਨੂੰ ਲੈ ਕੇ ਲਗਭਗ 38 ਕੱਟ ਲਗਾਉਣ ਦਾ ਸੁਝਾਅ ਦਿੱਤਾ ਸੀ। 162.43 ਮਿੰਟ ਲੰਬੀ ਇਸ ਫਿਲਮ ਵਿੱਚ 1965 ਵਿੱਚ ਪੋਲਾਚੀ ਵਿੱਚ 'ਹਿੰਦੀ ਥੋਪਣ' ਦੇ ਵਿਰੁੱਧ ਹੋਏ ਵਿਦਿਆਰਥੀ ਅੰਦੋਲਨਾਂ ਦੇ ਇਤਿਹਾਸਕ ਸੰਦਰਭ ਨੂੰ ਦਿਖਾਇਆ ਗਿਆ ਹੈ।

ਫਿਲਮ ਜਗਤ ਦੇ ਸੂਤਰਾਂ ਅਨੁਸਾਰ, ਨਿਰਦੇਸ਼ਕ ਸੁਧਾ ਕੋਂਗਾਰਾ ਨੇ ਮੁੰਬਈ ਸਥਿਤ ਬੋਰਡ ਨਾਲ ਸੰਪਰਕ ਕੀਤਾ ਅਤੇ ਇਤਿਹਾਸਕ ਤੱਥਾਂ ਨਾਲ ਛੇੜਛਾੜ ਕਰਨ ਵਾਲੇ ਕਿਸੇ ਵੀ ਬਦਲਾਅ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਦੇ ਇਸ ਦ੍ਰਿੜ ਇਰਾਦੇ ਤੋਂ ਬਾਅਦ ਹੀ ਫਿਲਮ ਨੂੰ ਬਿਨਾਂ ਕਿਸੇ ਵੱਡੇ ਬਦਲਾਅ ਦੇ ਮਨਜ਼ੂਰੀ ਮਿਲੀ ਹੈ।

ਪੋਂਗਲ ਮੌਕੇ ਵੱਡਾ ਧਮਾਕਾ 

'ਪਰਾਸ਼ਕਤੀ' ਪੋਂਗਲ ਦੇ ਤਿਉਹਾਰ ਦੌਰਾਨ ਰਿਲੀਜ਼ ਹੋਣ ਵਾਲੀ ਇੱਕ ਮਹੱਤਵਪੂਰਨ ਫਿਲਮ ਮੰਨੀ ਜਾ ਰਹੀ ਹੈ। ਸੀਬੀਐਫਸੀ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਹੁਣ 'ਬੁੱਕਮਾਈਸ਼ੋ' ਸਮੇਤ ਹੋਰ ਪਲੇਟਫਾਰਮਾਂ 'ਤੇ ਫਿਲਮ ਦੀ ਐਡਵਾਂਸ ਬੁਕਿੰਗ ਤੇਜ਼ੀ ਨਾਲ ਸ਼ੁਰੂ ਹੋ ਗਈ ਹੈ।


author

cherry

Content Editor

Related News