ਬੱਬੂ ਮਾਨ ਦੇ ਬਰੈਂਪਟਨ ਸ਼ੋਅ ’ਚ ਹੋਈ ਭੰਨ-ਤੋੜ, ਵਿਚਾਲੇ ਕਰਨਾ ਪਿਆ ਬੰਦ (ਵੀਡੀਓ)
Monday, May 23, 2022 - 10:46 AM (IST)

ਚੰਡੀਗੜ੍ਹ (ਬਿਊਰੋ)– ਬੱਬੂ ਮਾਨ ਇਨ੍ਹੀਂ ਦਿਨੀਂ ਵਿਦੇਸ਼ਾਂ ’ਚ ਸ਼ੋਅ ਕਰ ਰਹੇ ਹਨ। ਹਾਲ ਹੀ ’ਚ ਬੱਬੂ ਮਾਨ ਦਾ ਬਰੈਂਪਟਨ ’ਚ ਸ਼ੋਅ ਸੀ, ਜਿਥੋਂ ਭੰਨ-ਤੋੜ ਦਾ ਮਾਮਲਾ ਸਾਹਮਣੇ ਆਇਆ ਹੈ। ਬੱਬੂ ਮਾਨ ਦੇ ਇਸ ਸ਼ੋਅ ’ਚ ਕੁਝ ਵਿਅਕਤੀਆਂ ਵਲੋਂ ਸੁਰੱਖਿਆ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ : ਵਿਵਾਦਾਂ ’ਚ ਅਕਸ਼ੈ ਦੀ ਫ਼ਿਲਮ 'ਪ੍ਰਿਥਵੀਰਾਜ', ਕਰਣੀ ਸੈਨਾ ਨੇ ਰਾਜਸਥਾਨ 'ਚ ਰਿਲੀਜ਼ 'ਤੇ ਰੋਕ ਲਗਾਉਣ ਦੀ ਦਿੱਤੀ ਧਮਕੀ
ਇਸ ਦੇ ਨਾਲ ਹੀ ਉਕਤ ਵਿਅਕਤੀਆਂ ਨੇ ਕਾਫੀ ਭੰਨ-ਤੋੜ ਵੀ ਕੀਤੀ, ਜਿਸ ਤੋਂ ਬਾਅਦ ਬੱਬੂ ਮਾਨ ਨੂੰ ਸ਼ੋਅ ਬੰਦ ਕਰਨ ਲਈ ਕਿਹਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਭੰਨ-ਤੋੜ ਕੀਤੀ ਹੈ, ਉਹ ਸ਼ੋਅ ਦੀ ਟਿਕਟ ਨਾ ਮਿਲਣ ਕਾਰਨ ਗੁੱਸੇ ’ਚ ਆ ਗਏ ਸਨ।
ਸ਼ੋਅ ’ਚ ਸਟੇਜ ਤੋਂ ਇਕ ਵਿਅਕਤੀ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ ਹੈ। ਉਹ ਇਹ ਵੀ ਕਹਿੰਦਾ ਹੈ ਕਿ ਉਹ ਸਾਰਿਆਂ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦੇ ਹਨ ਤੇ ਇਸ ਤੋਂ ਪਹਿਲਾਂ ਕਿਸੇ ਦਾ ਜਾਨੀ ਨੁਕਸਾਨ ਹੋਵੇ ਸਾਨੂੰ ਸ਼ੋਅ ਬੰਦ ਕਰਨਾ ਪੈਣਾ ਹੈ।
ਦੱਸ ਦੇਈਏ ਕਿ ਸ਼ੋਅ ਦੇ ਅਖੀਰ ’ਚ ਬੱਬੂ ਮਾਨ ਨੇ ਆਪਣੇ ਚਾਹੁਣ ਵਾਲਿਆਂ ਨੂੰ ਇਕ ਬੋਲੀ ਵੀ ਪਾਈ, ਉਥੇ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਬੱਬੂ ਮਾਨ ਪ੍ਰਮੋਟਰਾਂ ਨੂੰ ਕਹਿ ਰਹੇ ਹਨ ਕਿ ਆਰਮੀ ਚੀਫ ਨੂੰ ਕਹਿ ਕੇ ਦੇਖ ਲਓ ਜੇ ਮਾਮਲਾ ਕੰਟਰੋਲ ਹੁੰਦਾ ਹੈ ਤਾਂ ਗਾ ਲੈਂਦੇ ਹਾਂ ਕਿਉਂਕਿ ਉਹ 3-4 ਘੰਟੇ ਗਾਉਣ ਵਾਲੇ ਵਿਅਕਤੀ ਹਨ, ਇਸ ਤਰ੍ਹਾਂ ਜਾਣਾ ਉਨ੍ਹਾਂ ਨੂੰ ਵੀ ਚੰਗਾ ਨਹੀਂ ਲੱਗ ਰਿਹਾ।
ਨੋਟ– ਇਸ ਮਾਮਲੇ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।