‘ਰਾਮਾਇਣ’ ਦੇ ‘ਸੁਮੰਤ’ ਦਾ ਦਿਹਾਂਤ, ਰਾਜੇਸ਼ ਖੰਨਾ ਤੇ ਅਮਿਤਾਭ ਬੱਚਨ ਨਾਲ ਕਰ ਚੁੱਕੇ ਨੇ ਕੰਮ

06/16/2021 12:13:55 PM

ਮੁੰਬਈ (ਬਿਊਰੋ)– ਟੀ. ਵੀ. ਦੇ ਮਸ਼ਹੂਰ ਸੀਰੀਅਲ ‘ਰਾਮਾਇਣ’ ਦੇ ਇਕ ਹੋਰ ਕਿਰਦਾਰ ਨੇ ਅੱਜ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਮਸ਼ਹੂਰ ਅਦਾਕਾਰ ਚੰਦਰਸ਼ੇਖਰ ਦਾ 98 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਬੁੱਧਵਾਰ ਸਵੇਰੇ ਕਰੀਬ 7 ਵਜੇ ਆਖਰੀ ਸਾਹ ਲਿਆ। ਚੰਦਰਸ਼ੇਖਰ ਨੇ ਮਸ਼ਹੂਰ ਟੀ. ਵੀ. ਸੀਰੀਅਲ ‘ਰਾਮਾਇਣ’ ’ਚ ਸੁਮੰਤ ਦਾ ਕਿਰਦਾਰ ਨਿਭਾਇਆ ਸੀ। ਉਹ ਟੀ. ਵੀ. ਅਦਾਕਾਰ ਸ਼ਕਤੀ ਅਰੋੜਾ ਦੇ ਨਾਨਾ ਹਨ।

ਚੰਦਰਸ਼ੇਖਰ ਦੇ ਬੇਟੇ ਪ੍ਰੋਫੈਸਰ ਅਸ਼ੋਕ ਚੰਦਰਸ਼ੇਖਰ ਨੇ ਆਪਣੇ ਪਿਤਾ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਅਸ਼ੋਕ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਚੰਦਰਸ਼ੇਖਰ ਦਾ ਅੰਤਿਮ ਸੰਸਕਾਰ ਬੁੱਧਵਾਰ ਸ਼ਾਮ 3 ਵਜੇ ਵਿਲੇ ਪਾਰਲੇ ਸ਼ਮਸ਼ਾਨਘਾਟ ’ਚ ਕੀਤਾ ਜਾਵੇਗਾ। ਚੰਦਰਸ਼ੇਖਰ ਦੀ ਮੌਤ ਵਧਦੀ ਉਮਰ ਦੇ ਚਲਦਿਆਂ ਹੋਣ ਵਾਲੀਆਂ ਦਿੱਕਤਾਂ ਕਾਰਨ ਹੋਈ ਹੈ। ਉਨ੍ਹਾਂ ਨੇ ‘ਰਾਮਾਇਣ’ ਸੀਰੀਅਲ ਰਾਹੀਂ ਦਰਸ਼ਕਾਂ ਵਿਚਾਲੇ ਪ੍ਰਸਿੱਧੀ ਹਾਸਲ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ : ਟਾਈਮਜ਼ ਸੁਕੇਅਰ ’ਤੇ ਅਫਸਾਨਾ ਖ਼ਾਨ ਦੀ ਬੱਲੇ-ਬੱਲੇ, ਹਾਸਲ ਕੀਤਾ ਇਹ ਮੁਕਾਮ

ਚੰਦਰਸ਼ੇਖਰ ਦਾ ਜਨਮ 7 ਜੁਲਾਈ, 1922 ’ਚ ਹੋਇਆ ਸੀ। ਉਨ੍ਹਾਂ ਦੀ ਜ਼ਿੰਦਗੀ ਸੰਘਰਸ਼ਾਂ ਨਾਲ ਭਰੀ ਰਹੀ। 13 ਸਾਲ ਦੀ ਉਮਰ ’ਚ ਵਿਆਹ ਕਰ ਦਿੱਤਾ ਗਿਆ, ਜਿਸ ਦੇ ਚਲਦਿਆਂ 7ਵੀਂ ਜਮਾਤ ਤੋਂ ਬਾਅਦ ਉਨ੍ਹਾਂ ਦੀ ਪੜ੍ਹਾਈ ਛੁੱਟ ਗਈ ਸੀ। ਇਕ ਸਮਾਂ ਅਜਿਹਾ ਵੀ ਸੀ, ਜਦੋਂ ਚੰਦਰਸ਼ੇਖਰ ਨੂੰ ਚੌਕੀਦਾਰ ਦੀ ਨੌਕਰੀ ਤੇ ਟਰਾਲੀ ਖਿੱਚਣ ਦਾ ਕੰਮ ਵੀ ਕਰਨਾ ਪਿਆ ਸੀ। ਉਹ ਭਾਰਤ ਛੱਡੋ ਅੰਦੋਲਨ ਦਾ ਵੀ ਹਿੱਸਾ ਰਹਿ ਚੁੱਕੇ ਹਨ।

‘ਰਾਮਾਇਣ’ ਤੋਂ ਪਹਿਲਾਂ ਚੰਦਰਸ਼ੇਖਰ ਨੇ ਕਈ ਫ਼ਿਲਮਾਂ ’ਚ ਵੀ ਕੰਮ ਕੀਤਾ ਸੀ। ਉਹ 1950 ਦੇ ਦਹਾਕੇ ਦੇ ਮਸ਼ਹੂਰ ਅਦਾਕਾਰ ਰਹਿ ਚੁੱਕੇ ਹਨ। ਚੰਦਰਸ਼ੇਖਰ ਦਾ ਪੂਰਾ ਨਾਂ ਚੰਦਰਸ਼ੇਖਰ ਵਿਦਿਆ ਹੈ। ਉਨ੍ਹਾਂ ਨੇ ਫ਼ਿਲਮ ‘ਔਰਤ ਤੇਰੀ ਯਹੀ ਕਹਾਨੀ’ ਨਾਲ ਡੈਬਿਊ ਕੀਤਾ ਸੀ। ਇਹ ਫ਼ਿਲਮ ਵੀ. ਸ਼ਾਂਤਾਰਾਮ ਨੇ ਸਾਲ 1954 ’ਚ ਬਣਾਈ ਸੀ। ਉਨ੍ਹਾਂ ਨੇ ਲਗਭਗ 112 ਪ੍ਰਾਜੈਕਟਾਂ ’ਚ ਕੰਮ ਕੀਤਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News