ਪਹਿਲਾਂ ਨਾਲੋਂ ਵੱਧ ਦਮਦਾਰ ਹੋਵੇਗੀ ਕੋਰਟ ਰੂਮ ਡਰਾਮਾ ''ਇਲੀਗਲ 3''

06/05/2024 12:31:37 PM

ਫਿਲਮਾਂ ਤੋਂ ਲੈ ਕੇ ਓ.ਟੀ.ਟੀ. ਤੱਕ ’ਚ ਕੋਰਟ ਰੂਮ ਡਰਾਮੇ ਕਾਫ਼ੀ ਮਸ਼ਹੂਰ ਹੋ ਰਹੇ ਹਨ। ਅਜਿਹਾ ਹੀ ਕੋਰਟ ਰੂਮ ਡਰਾਮਾ ਹੈ ਇਲੀਗਲ, ਜਿਸਦੇ ਦੋ ਸੀਜ਼ਨ ਦਰਸ਼ਕਾਂ ਵੱਲੋਂ ਖ਼ੂਬ ਪਸੰਦ ਕੀਤੇ ਗਏ। ਇਸੇ ਦੌਰਾਨ ਇਕ ਵਾਰ ਫਿਰ ਨਿਰਮਾਤਾ ਨਵੇਂ ਸੀਜ਼ਨ ਦੇ ਨਾਲ ਅਾਏ ਹਨ, ਜਿਨ੍ਹਾਂ ’ਚ ਨੇਹਾ ਸ਼ਰਮਾ, ਅਕਸ਼ੇ ਓਬਰਾਏ ਅਤੇ ਪੀਯੂਸ਼ ਮਿਸ਼ਰਾ ਮੁੱਖ ਭੂਮਿਕਾਵਾਂ ਨਿਭਾ ਰਹੇ ਹਨ। ਨਿਹਾਰਿਕਾ ਦੇ ਕਿਰਦਾਰ ’ਚ ਨੇਹਾ ਸ਼ਰਮਾ ਅਤੇ ਜੇਜੇ ਦੇ ਰੋਲ ’ਚ ਪੀਯੂਸ਼ ਮਿਸ਼ਰਾ ਦੇ ਦਰਮਿਅਾਨ ਇਕ ਵਾਰ ਫਿਰ ਜੰਗ ਹੁੰਦੀ ਨਜ਼ਰ ਆਵੇਗੀ। ਸੀਰੀਜ਼ ਦੇ ਬਾਰੇ ਨੇਹਾ ਸ਼ਰਮਾ, ਅਕਸ਼ੈ ਓਬਰਾਏ, ਨੀਲ ਭੂਪਲਮ, ਸਤਿਆਜੀਤ ਮਿਸ਼ਰਾ ਅਤੇ ਪੀਯੂਸ਼ ਮਿਸ਼ਰਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...


ਮੈਂ ਪਰਦੇ ’ਤੇ ਕਾਮੇਡੀ ਕਰਨਾ ਚਾਹੁੰਦਾ ਹਾਂ : ਨੀਲ ਭੂਪਲਮ

ਤੁਸੀਂ ਇਲੀਗਲ-3 ਦਾ ਹਿੱਸਾ ਕਿਵੇਂ ਬਣੇ?
ਮੈਨੂੰ ਫੋਨ ਆਇਆ ਸੀ ਕਿ ਇਲੀਗਲ ਸੀਜ਼ਨ 3 ’ਚ ਇਕ ਨਵੇਂ ਕਿਰਦਾਰ ਦੀ ਜਾਣ-ਪਚਾਣ ਕਰਵਾਉਣੀ ਹੈ। ਮੈਂ ਇਸ ਸੀਰੀਜ਼ ਦੇ ਪਹਿਲੇ 2 ਸੀਜ਼ਨ ਬਾਰੇ ਜਾਣਦਾ ਸੀ। ਇਸ ਤੋਂ ਬਾਅਦ ਮੈਂ ਪੁੱਛਿਆ ਕਿ ਇਹ ਕਿਸ ਤਰ੍ਹਾਂ ਦਾ ਕਿਰਦਾਰ ਹੋਣ ਵਾਲਾ ਹੈ ਤਾਂ ਪਤਾ ਲੱਗਾ ਕਿ ਇਕ ਕੇਸ ਹੈ, ਜਿੱਥੇ ਰਾਜਸਥਾਨ ਦਾ ਇਕ ਵੱਡਾ ਬਿਜ਼ਨਸਮੈਨ ਹੈ। ਮੈਨੂੰ ਇਹ ਕਿਰਦਾਰ ਚੰਗਾ ਲੱਗਾ। ਮੇਰੇ ਲਈ ਇਸ ਕਿਰਦਾਰ ਨੂੰ ਨਿਭਾਉਣਾ ਬਹੁਤ ਹੀ ਕਮਾਲ ਦਾ ਰਿਹਾ ਕਿਉਂਕਿ ਇਸ ਲਈ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਕਰਨ ਲਈ ਮਿਲੀਆਂ।

ਜਦੋਂ ਤੁਹਾਨੂੰ ਇਹ ਰੋਲ ਆਫਰ ਹੋਇਅਾ ਤਾਂ ਤੁਹਾਡੇ ਨਿਰਦੇਸ਼ਕ ਨਾਲ ਕੀ ਸਵਾਲ ਸਨ?
ਮੈਂ ਮਨ ਵਿਚ ਸੀ ਕਿ ਕਰ ਸਕਾਂਗਾ ਜਾਂ ਨਹੀਂ ਪਰ ਸਾਹਿਰ ਰਜ਼ਾ ਜੋ ਨਿਰਦੇਸ਼ਕ ਹਨ, ਉਨ੍ਹਾਂ ਨੂੰ ਮੇਰੇ ਬਾਰੇ ਪੂਰਾ ਯਕੀਨ ਸੀ। ਉਹ ਮੈਨੂੰ ਸੈੱਟ ’ਤੇ ਤੰਗ ਵੀ ਕਰਦੇ ਸਨ ਤੇ ਕਹਿੰਦੇ ਸਨ ਕਿ ਇਹ ਨੀਲ ਨਹੀਂ ਹੈ, ਇਹ ਦੁਸ਼ਯੰਤ ਹੈ। ਫਿਰ ਮੈਂ ਉਸ ਬਾਰੇ ਸੋਚਦਾ ਸੀ ਕਿ ਦੁਸ਼ਯੰਤ ਨੂੰ ਪੂਰੀ ਤਰ੍ਹਾਂ ਪਰਦੇ ’ਤੇ ਦਿਖਾ ਸਕਾਂ।

ਤੁਸੀਂ ਬਹੁਤ ਘੱਟ ਪ੍ਰੋਜੈਕਟਾਂ ’ਚ ਦਿਖਾਈ ਦਿੰਦੇ ਹੋ ਤਾਂ ਕਿਸ ਆਧਾਰ ’ਤੇ ਕੋਈ ਸਕ੍ਰਿਪਟ ਚੁਣਦੇ ਹੋ?
ਨੇਹਾ ਨੂੰ ਵੀ ਅਜਿਹਾ ਲੱਗਦਾ ਹੈ ਕਿ ਮੈਂ ਥੋੜ੍ਹਾ ਚੂਜ਼ੀ ਹਾਂ। ਮੈਨੂੰ ਸ਼ਾਇਦ ਲਗਦਾ ਹੈ ਕਿ ਜੋ ਮੈਨੂੰ ਆਫਰ ਹੁੰਦਾ ਹੈ ਅਤੇ ਮੈਂ ਕੀ ਕਰਨਾ ਚਾਹੁੰਦਾ ਹਾਂ, ਉਹ ਇਕ ਮਿਸ਼ਰਣ ਹੈ ਪਰ ਮੈਂ ਜੋ ਵੀ ਕਰਦਾ ਹਾਂ, ਉਸ ਦੇ ਲਈ ਮੈਂਨੂੰ ਖ਼ੁਸ਼ੀ ਹੁੰਦੀ ਹੈ। ਇਸ ਤੋਂ ਇਲਾਵਾ ਮੈਂ ਸਕਰੀਨ ’ਤੇ ਕਾਮੇਡੀ ਕਰਨਾ ਚਾਹੁੰਦਾ ਹਾਂ ਅਤੇ ਖ਼ਾਸ ਤੌਰ ’ਤੇ ਉਸ ਤਰ੍ਹਾਂ ਦੀ ਸਾਈਲੈਂਟ ਕਾਮੇਡੀ ਜੋ ਚਾਰਲੀ ਚੈਪਲਿਨ ਵਰਗੀ ਹੋਵੇ। ਇਹ ਕਰਨ ’ਚ ਮੈਨੂੰ ਬੜਾ ਮਜ਼ਾ ਆਵੇਗਾ।

ਤੁਸੀਂ ਨਿਹਾਰਿਕਾ ਨੂੰ ਵੱਖਰੇ ਲੈਵਲ ’ਤੇ ਦੇਖੋਗੇ : ਨੇਹਾ ਸ਼ਰਮਾ

ਪਹਿਲੇ ਤੇ ਦੂਜੇ ਸੀਜ਼ਨ ’ਚ ਤੁਹਾਡੇ ਕਿਰਦਾਰ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਹਨ, ਜਿਸ ਨੂੰ ਤੀਜੇ ਸੀਜ਼ਨ ’ਚ ਵੀ ਲੈ ਕੇ ਆਏ ਹੋ?
ਸੀਰੀਜ਼ ’ਚ ਜਿਸ ਨਿਹਾਰਿਕਾ ਨਾਂ ਦੀ ਕੁੜੀ ਦਾ ਕਿਰਦਾਰ ਮੈਂ ਨਿਭਾ ਰਹੀ ਹਾਂ, ਉਹ ਬੜੀ ਮਿਹਨਤੀ ਹੈ। ਉਹ ਹਮੇਸ਼ਾ ਇਸ ਬੁਰੀ ਬੇਕਾਰ ਦੁਨੀਆ ’ਚ ਜਗ੍ਹਾ ਬਣਾਉਣਾ ਚਾਹੁੰਦੀ ਹੈ ਅਤੇ ਇਸ ਸੀਜ਼ਨ ’ਚ ਤੁਸੀਂ ਉਸ ਨੂੰ ਇਕ ਵੱਖਰੇ ਲੈਵਲ ’ਤੇ ਜਾਂਦੇ ਦੇਖੋਗੇ।
ਉਹ ਕਿਤੇ ਗੁਆਚ ਗਈ ਹੈ, ਜਿੱਥੇ ਸਹੀ ਅਤੇ ਗ਼ਲਤ ਦੀ ਹੱਦ ਉਸ ਨੂੰ ਸਾਫ਼ ਨਹੀਂ ਦਿਖਾਈ ਦੇ ਰਹੀ। ਕਈ ਵਾਰ ਸਮਝ ਨਹੀਂ ਆਉਂਦੀ ਕਿ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ। ਇਸ ਲਈ ਹੋ ਸਕਦਾ ਹੈ ਕਿ ਉਸ ਦਾ ਇਕ ਵੱਖਰਾ ਅਵਤਾਰ ਇਸ ਸੀਜ਼ਨ ’ਚ ਵੇਖਣ ਨੂੰ ਮਿਲੇ। ਇਸ ਸੀਜ਼ਨ ’ਚ ਉਸ ਨੂੰ ਰੋਕਣਾ ਮੁਸ਼ਕਲ ਹੋਵੇਗਾ ਅਤੇ ਉਸ ’ਚ ਕਿਤੇ-ਕਿਤੇ ਉਸ ਦਾ ਡਾਰਕ ਸਾਈਡ ਵੀ ਨਜ਼ਰ ਆਉਣ ਵਾਲਾ ਹੈ।

ਸੀਰੀਜ਼ ’ਚ ਤੁਹਾਡੇ ਕਿਰਦਾਰ ਦੀ ਸਭ ਤੋਂ ਚੰਗੀ ਗੱਲ ਤੁਹਾਨੂੰ ਕੀ ਲੱਗਦੀ ਹੈ?
ਨਿਹਾਰਿਕਾ ਬਾਰੇ ਮੈਨੂੰ ਸਭ ਤੋਂ ਵੱਧ ਜਿਹੜੀ ਚੀਜ਼ ਪਸੰਦ ਆਈ, ਉਹ ਹੈ ਕਿ ਜੋ ਸਹੀ ਹੈ, ਉਸ ਦੇ ਨਾਲ ਖੜ੍ਹੀ ਰਹਿੰਦੀ ਹੈ ਤੇ ਉਹ ਇਹ ਯਕੀਨੀ ਵੀ ਬਣਾਉਂਦੀ ਹੈ ਕਿ ਉਹ ਸਹੀ ਚੀਜ਼ਾਂ ਲਈ ਖੜ੍ਹੀ ਹੈ। ਕਈ ਸਾਰੇ ਕੇਸ ਇਸ ਦੀਆਂ ਉਦਾਹਰਣਾਂ ਹਨ, ਜਿਵੇਂ -ਮੇਹਰਸਲਾਮ, ਵਰਤਿਕਾ। ਇਨ੍ਹਾਂ ਕੇਸਾਂ ’ਚ ਨਿਹਾਰਿਕਾ ਨੇ ਸ਼ਾਨਦਾਰ ਕੰਮ ਕੀਤਾ ਸੀ। ਮੈਨੂੰ ਉਸ ’ਤੇ ਮਾਣ ਵੀ ਹੈ ਪਰ ਇਹ ਸੀਜ਼ਨ ਉਹੋ ਜਿਹਾ ਨਹੀਂ ਹੈ, ਕੁਝ ਵੱਖਰਾ ਹੈ। ਇਹ ਕੁਝ ਗੱਲਾਂ ਹਨ, ਜੋ ਇਸ ਭੂਮਿਕਾ ਬਾਰੇ ਬਹੁਤ ਵਧੀਆ ਹਨ।

ਤੁਸੀਂ ਆਪਣੇ ਕਿਰਦਾਰ ’ਚੋਂ ਕੀ ਛੱਡਣਾ ਚਾਹੋਗੇ ਅਤੇ ਕੀ ਅਪਣਾਉਣਾ ਚਾਹੋਗੇ?
ਇਸ ਕਿਰਦਾਰ ’ਚੋਂ ਪਹਿਲੀ ਗੱਲ ਜੋ ਮੈਂ ਆਪਣੀ ਜ਼ਿੰਦਗੀ ’ਚ ਅਪਣਾਉਣਾ ਚਾਹੁੰਦੀ ਹਾਂ, ਉਹ ਇਹ ਹੈ ਕਿ ਜੋ ਤੁਹਾਨੂੰ ਲੱਗਦਾ ਹੈ ਕਿ ਸਹੀ ਨਹੀਂ ਹੈ, ਸਹੀ ਹੋਣਾ ਚਾਹੀਦਾ ਹੈ, ਉਸ ਲਈ ਖੜ੍ਹੇ ਰਹੋ ਅਤੇ ਦੂਜੀ ਗੱਲ ਜੋ ਮੈਂ ਅਪਣਾਉਣਾ ਨਹੀਂ ਚਾਹੁੰਦੀ, ਉਹ ਇਹ ਹੈ ਕਿ ਜ਼ਿੰਦਗੀ ਬੜੀ ਛੋਟੀ ਹੈ ਤਾਂ ਅੱਗੇ ਵਧਣ ਲਈ ਆਪਣੇ ਰਿਸ਼ਤੇ ਜਾਂ ਜੋ ਲੋਕ ਤੁਹਾਡੇ ਕਰੀਬੀ ਹਨ, ਉਨ੍ਹਾਂ ਨੂੰ ਨਿਰਾਸ਼ ਨਾ ਕਰੋ। ਨਿਹਾਰਿਕਾ ਦਾ ਜੋ ਮਕਸਦ ਹੈ ਕਿ ਹਰ ਕੀਮਤ ’ਤੇ ਉਸ ਨੇ ਅੱਗੇ ਵਧਣਾ ਹੈ ਜਾਂ ਕਿਤੇ ਪਹੁੰਚਣਾ ਹੈ, ਇਹ ਆਦਤ ਮੈਂ ਆਪਣੀ ਜ਼ਿੰਦਗੀ ’ਚ ਨਹੀਂ ਅਪਣਾਉਣੀ ਹੈ।

ਪਿਤਾ ਦੀ ਕਠਪੁਤਲੀ ਨਹੀਂ ਰਿਹਾ ਅਕਸ਼ੈ ਜੇਟਲੀ : ਅਕਸ਼ੈ ਓਬਰਾਏ

ਤੁਹਾਡੇ ਕਿਰਦਾਰ ’ਚ ਕਿਹੜੀਆਂ ਨਵੀਆਂ ਪਰਤਾਂ ਵੇਖਣ ਨੂੰ ਮਿਲਣਗੀਆਂ?
ਮੈਨੂੰ ਲੱਗਦਾ ਹੈ ਕਿ ਉਹ ਸਕ੍ਰਿਪਟ ’ਤੇ ਨਿਰਭਰ ਕਰਦਾ ਹੈ ਅਤੇ ਇਸ ਦੀ ਜੋ ਸਕ੍ਰਿਪਟ ਹੈ, ਉਹ ਹਰ ਕਿਰਦਾਰ ਨੂੰ ਅੱਗੇ ਵਧਾਉਂਦੀ ਹੈ। ਖ਼ਾਸ ਤੌਰ ’ਤੇ ਜਦੋਂ ਮੇਰੀ ਗੱਲ ਹੋਵੇ ਤਾਂ ਜਿਸ ਅਕਸ਼ੈ ਜੇਟਲੀ ਨੂੰ ਪਹਿਲੇ ਦੋ ਸੀਜ਼ਨਾਂ ’ਚ ਉਸ ਦੀਆਂ ਹਾਲਤਾਂ ਕੰਟਰੋਲ ਕਰਦੀਆਂ ਸਨ, ਉਹ ਇਸ ਸੀਜ਼ਨ ਵਿਚ ਆਪਣੀਆਂ ਹਾਲਤਾਂ ਨੂੰ ਕੰਟਰੋਲ ਕਰੇਗਾ, ਦੁਨੀਆਦਾਰੀ ਨੂੰ ਸਮਝੇਗਾ। ਨਾਲ ਹੀ ਉਸ ਦੀ ਲਵ ਸਟੋਰੀ ਵੀ ਅੱਗੇ ਵਧ ਚੁੱਕੀ ਹੈ। ਹੁਣ ਉਹ ਪਿਤਾ ਦੀ ਕਠਪੁਤਲੀ ਨਹੀਂ , ਖੁਦ ਦੀ ਗੱਲ ਖੁੱਲ੍ਹ ਕੇ ਕਹਿ ਸਕਦਾ ਹੈ। ਉਹ ਸੋਚਦਾ ਹੈ, ਜੋ ਵੀ ਕਰਾਂਗਾ, ਆਪਣੇ ਮਨ ਤੋਂ ਹੀ ਕਰਾਂਗਾ।

ਇੰਡਸਟਰੀ ’ਚ ਬਣੇ ਰਹਿਣ ਦੇ ਦਬਾਅ ਤੋਂ ਤੁਸੀਂ ਖੁਦ ਨੂੰ ਕਿਵੇਂ ਉਤਸ਼ਾਹਿਤ ਕਰਦੇ ਹੋ?
ਕੰਮ ਮੈਨੂੰ ਹਮੇਸ਼ਾ ਮਿਲਿਆ ਹੈ, ਹਾਂ ਕਈ ਵਾਰ ਅਜਿਹਾ ਹੁੰਦਾ ਹੈ ਕਿ ਕੁਝ ਚੀਜ਼ਾਂ ਫਲਾਪ ਹੋ ਜਾਂਦੀਆਂ ਹਨ, ਨਹੀਂ ਚੱਲਦੀਆਂ ਹਨ, ਬਸ ਇੰਨਾ ਹੀ ਫ਼ਰਕ ਹੁੰਦਾ ਹੈ। ਚੰਗੀਆਂ ਫਿਲਮਾਂ ਕਿਤੇ ਨਾ ਕਿਤੇ ਚੱਲ ਹੀ ਜਾਂਦੀਆਂ ਹਨ ਅਤੇ ਮੈਂ ਹਮੇਸ਼ਾ ਤੋਂ ਪ੍ਰੇਰਿਤ ਸੀ, ਮੈਂ ਆਪਣੇ ਕੰਮ ਪ੍ਰਤੀ ਜਨੂੰਨੀ ਹਾਂ। ਮੈਂ ਕਦੇ ਇੱਧਰ-ਉੱਧਰ ਨਹੀਂ ਦੇਖਿਆ, ਮੈਂ ਸਿਰਫ਼ ਅਦਾਕਾਰੀ ਪਿੱਛੇ ਹੀ ਚੱਲਦਾ ਰਿਹਾ। ਅਦਾਕਾਰੀ ’ਚ ਬੜੀ ਖ਼ੁਸ਼ੀ ਮਿਲਦੀ ਹੈ ਤੇ ਮੈਂ ਇਸ ਸਭ ਤੋਂ ਹੀ ਉਤਸ਼ਾਹਿਤ ਰਹਿੰਦਾ ਹਾਂ। ਮੈਨੂੰ ਕੰਮ ਤਾਂ ਹਮੇਸ਼ਾ ਹੀ ਮਿਲਿਆ, ਭਾਵੇਂ ਛੋਟਾ ਹੀ ਰੋਲ ਕਿਉਂ ਨਾ ਹੋਵੇ।

ਸਕ੍ਰਿਪਟ ਕਿਸੇ ਅਦਾਕਾਰ ਤੋਂ ਵੱਡੀ ਹੁੰਦੀ ਹੈ : ਪੀਯੂਸ਼ ਮਿਸ਼ਰਾ

ਇਸ ਸੀਜ਼ਨ ’ਚ ਤੁਹਾਡੇ ਕਿਰਦਾਰ ’ਚ ਕਿਸ ਤਰ੍ਹਾਂ ਦੇ ਸ਼ੇਡਜ਼ ਵੇਖਣ ਨੂੰ ਮਿਲਣਗੇ?
ਜੀ, ਬਿਲਕੁਲ ਇਸ ਸੀਜ਼ਨ ’ਚ ਵੀ ਕਈ ਨਵੇਂ-ਨਵੇਂ ਸ਼ੇਡਸ ਦੇਖਣ ਨੂੰ ਮਿਲਣ ਵਾਲੇ ਹਨ। ਇਸ ਵਾਰ ਤਾਂ ਕਾਫ਼ੀ ਕੁਝ ਵੱਖਰਾ ਹੈ। ਇਸ ਵਾਰ ਜੋ ਮੇਰਾ ਕਿਰਦਾਰ ਹੈ, ਜੋ ਇੰਨਾ ਚਲਾਕ ਬੰਦਾ ਹੈ, ਜੋ ਪੂਰੀ ਸਰਕਾਰ ਤੱਕ ਨੂੰ ਰੂਲ ਕਰ ਲੈਂਦਾ ਹੈ, ਉਹ ਵੀ ਰੋਂਦਾ ਹੋਇਆ ਨਜ਼ਰ ਆਉਣ ਵਾਲਾ ਹੈ। ਉਹ ਬੰਦਾ ਵੀ ਇਸ ਵਾਰ ਟੁੱਟਿਆ ਹੋਇਆ ਨਜ਼ਰ ਆਵੇਗਾ ਤੇ ਦਰਸ਼ਕਾਂ ਲਈ ਇਹ ਵੇਖਣਾ ਬੜਾ ਹੈਰਾਨੀਜਨਕ ਹੋਵੇਗਾ ਤੇ ਮੈਨੂੰ ਲੱਗਦਾ ਹੈ ਕਿ ਇਹ ਮੇਰੇ ਲਈ ਵੀ ਇਕ ਖ਼ਾਸ ਕਿਸਮ ਦਾ ਕਿਰਦਾਰ ਹੋਵੇਗਾ। ਇਸ ਨੂੰ ਕਰਨ ’ਚ ਮੈਨੂੰ ਬੜਾ ਮਜ਼ਾ ਆਇਆ।

ਤੁਹਾਨੂੰ ਹਰ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਂਦਿਆਂ ਦੇਖਿਆ ਹੈ ਅਕਸਰ, ਆਪਣੀ ਸਕ੍ਰਿਪਟ ’ਚ ਕੁਝ ਬਦਲਾਅ ਜਾਂ ਸੁਧਾਰ ਵੀ ਕਰਦੇ ਹੋ?
ਹਾਂ, ਬਿਲਕੁਲ ਮੈਂ ਸਕ੍ਰਿਪਟ ਨੂੰ ਸੁਧਾਰਦਾ ਹਾਂ ਪਰ ਇਕ ਪੈਰਾਮੀਟਰ ਵਿਚ ਰਹਿ ਕੇ । ਕੋਈ ਵੀ ਸਕ੍ਰਿਪਟ ਤੋਂ ਪਰੇ ਜਾ ਕੇ ਉਸ ’ਚ ਬਦਲਾਅ ਨਹੀਂ ਕਰ ਸਕਦਾ। ਜੋ ਵੀ ਸੁਧਾਰ ਕਰਨਾ ਹੁੰਦਾ ਹੈ, ਉਸ ਸਕ੍ਰਿਪਟ ਦੇ ਅੰਦਰ ਹੀ ਕਰਨਾ ਹੁੰਦਾ ਹੈ। ਸਕ੍ਰਿਪਟ ਹੀ ਸੁਪਰੀਮ ਹੈ, ਹਰ ਰੋਲ ’ਚ ਸਕ੍ਰਿਪਟ ਐਕਟਰ ਤੋਂ ਵੱਡੀ ਹੈ ਤੇ ਕੁਝ ਹੀ ਅਜਿਹੇ ਫਿਲਮ ਮੇਕਰ ਹਨ, ਜੋ ਇੰਪ੍ਰੋਵਾਈਜੇਸ਼ਨ ਦਾ ਮੌਕਾ ਦਿੰਦੇ ਹਨ। ਨਹੀਂ ਤਾਂ ਹਰ ਕੋਈ ਨਹੀਂ ਦਿੰਦਾ, ਤੁਹਾਨੂੰ ਉਵੇਂ ਹੀ ਕਰਨਾ ਹੁੰਦਾ ਹੈ ਜਿਵੇਂ ਸਕ੍ਰਿਪਟ ’ਚ ਲਿਖਿਆ ਹੈ।

ਕਮਰਸ਼ੀਅਲ ਪ੍ਰੋਜੈਕਟ ਦਾ ਠੱਪਾ ਤੁਹਾਡੇ ਕਰੀਅਰ ’ਚ ਮਦਦ ਕਰਦਾ ਹੈ : ਸਤਿਆਦੀਪ ਮਿਸ਼ਰਾ

ਕੀ ਤੁਹਾਨੂੰ ਕਦੇ ਇੰਡਸਟਰੀ ’ਚ ਕਿਸੇ ਤੋਂ ਕੋਈ ਸਲਾਹ ਮਿਲੀ ਹੈ?
ਸਲਾਹ ਨਹੀਂ ਪਰ ਜਦੋਂ ਮੈਂ ਅਦਾਕਾਰੀ ਕਰਨ ਮੁੰਬਈ ਆਇਆ ਸੀ, ਉਦੋਂ ਮੇਰੀ ਉਮਰ 35 ਸਾਲ ਸੀ ਤੇ ਜਦੋਂ ਜਵਾਨ ਉਮਰ ’ਚ ਤੁਸੀਂ ਇਸ ਪੇਸ਼ੇ ’ਚ ਆਉਂਦੇ ਹੋ ਤਾਂ ਉਸ ’ਚ ਫਰਕ ਹੁੰਦਾ ਹੈ। ਮੈਂ ਕਦੇ ਇਹ ਨਹੀਂ ਸੋਚਿਆ ਕਿ ਮੈਂ ਆਪਣੇ ਪੋਸਟਰ ਜਾਂ ਹੋਰਡਿੰਗ ਲਗਵਾਉਣੇ ਹਨ, ਮੈਂ ਸਿਰਫ਼ ਇਕ ਚੰਗੀ ਜਾਬ ਕਰਨੀ ਸੀ। ਮੇਰੇ ਲਈ ਸੈੱਟ ’ਤੇ ਜਾਣਾ ਦਫ਼ਤਰ ਜਾਣ ਵਾਂਗ ਹੈ। ਫਿਰ ਕਦੇ ਜਲਦੀ ਕੰਮ ਮਿਲਿਆ , ਕਦੇ ਦੇਰ ਨਾਲ ਪਰ ਹਰ ਤਰ੍ਹਾਂ ਦੇ ਫੇਜ਼ ਦੇਖ ਕੇ ਹੀ ਤੁਸੀਂ ਪਰਫੈਕਟ ਵਿਅਕਤੀ ਬਣਦੇ ਹੋ। ਕਮਰਸ਼ੀਅਲ ਪ੍ਰੋਜੈਕਟ ਜਾਂ ਸਫਲਤਾ ਦਾ ਠੱਪਾ ਮਤਲਬ ਤੁਹਾਡੇ ਕੈਰੀਅਰ ’ਚ ਮਦਦ ਕਰੇਗਾ। ਇਸ ਤੋਂ ਇਲਾਵਾ ਤੁਹਾਡੀ ਕਿਸਮਤ ਵੀ ਜ਼ਰੂਰੀ ਹੁੰਦੀ ਹੀ ਹੈ।

ਪੀਯੂਸ਼ ਮਿਸ਼ਰਾ ਨਾਲ ਕੰਮ ਕਰ ਕੇ ਤੁਹਾਨੂੰ ਕੀ ਕੁੱਝ ਸਿੱਖਣ ਨੂੰ ਮਿਲਿਆ?
ਸਰ ਨਾਲ ਕੰਮ ਕਰ ਕੇ ਸਭ ਤੋਂ ਪਹਿਲਾਂ ਤਾਂ ਇਹੋ ਸਿੱਖਿਆ ਕਿ ਜਦੋਂ ਉਹ ਲਾਈਨਾਂ ਯਾਦ ਕਰ ਰਹੇ ਹੋਣ ਤਾਂ ਇਨ੍ਹਾਂ ਦੇ ਕੋਲ ਨਹੀਂ ਜਾਣਾ ਚਾਹੀਦਾ। ਕਈ ਵਾਰ ਜਦੋਂ ਲੰਬੀਆਂ-ਲੰਬੀਆਂ ਲਾਈਨਾਂ ਹੁੰਦੀਆਂ ਹਨ ਤਾਂ ਇਹ ਆਪਣੇ ਥੋੜ੍ਹੇ ਖੜੂਸ ਅਵਤਾਰ ’ਚ ਆ ਜਾਂਦੇ ਹਨ। ਸਰ ਨੂੰ ਬੜਾ ਫੋਕਸ ਮਾਹੌਲ ਚਾਹੀਦਾ ਹੁੰਦਾ ਹੈ ਸੈੱਟ ਉਤੇ। ਸਰ ਸੀਨ ਤੋਂ ਪਹਿਲਾਂ ਗੱਲ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਆਪਣੇ ਐਕਟ ’ਤੇ ਪੂਰਾ ਧਿਆਨ ਦੇਣਾ ਹੁੰਦਾ ਹੈ ਅਤੇ ਬੜੇ ਹੀ ਇਕਾਗਰਚਿੱਤ ਰਹਿੰਦੇ ਹਨ।


sunita

Content Editor

Related News