ਜੇ ਸਫ਼ਲਤਾ ਮੈਨੂੰ 70 ਸਾਲਾਂ ’ਚ ਮਿਲਦੀ ਤਾਂ ਵੀ ਮੈਂ ਲੱਗਾ ਰਹਿੰਦਾ : ਨਵਾਜ਼ੂਦੀਨ ਸਿੱਦੀਕੀ
Saturday, Jun 22, 2024 - 10:25 AM (IST)
ਬਾਲੀਵੁੱਡ ਦੇ ਘਾਗ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਪੁਲਸ ਅਫ਼ਸਰ ਦੀ ਭੂਮਿਕਾ ’ਚ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਆਪਣੀ ਨਵੀਂ ਫਿਲਮ ‘ਰੌਤੂ ਕਾ ਰਾਜ’ ਨਾਲ ਪਰਤ ਰਹੇ ਹਨ। ਇਸ ਮਿਸਟਰੀ ਥ੍ਰਿਲਰ ਫਿਲਮ ’ਚ ਰਾਜੇਸ਼ ਕੁਮਾਰ, ਅਤੁਲ ਤਿਵਾੜੀ ਤੇ ਨਾਰਾਇਣੀ ਸ਼ਾਸਤਰੀ ਵੀ ਸਹਾਇਕ ਭੂਮਿਕਾਵਾਂ ਵਿਚ ਹਨ।
ਇਹ ਫਿਲਮ ਇਕ ਪਿੰਡ ਰੌਤੂ ਦੀ ਬੇਲੀ ’ਚ ਨੇਤਰਹੀਣਾਂ ਦੇ ਸਕੂਲ ਦੇ ਵਾਰਡਨ ਦੀ ਰਹੱਸਮਈ ਮੌਤ ਦੇ ਆਲੇ-ਦੁਆਲੇ ਘੁੰਮਦੀ ਹੈ। ਫਿਲਮ 28 ਜੂਨ ਤੋਂ ਓ. ਟੀ. ਟੀ. ਪਲੇਟਫਾਰਮ ਜੀ-5 ’ਤੇ ਮੁਹੱਈਆ ਹੋਵੇਗੀ। ਫਿਲਮ ਬਾਰੇ ਨਵਾਜ਼ੂਦੀਨ ਸਿੱਦੀਕੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼।
ਫਿਲਮ ਦਾ ਨਾਂ ਕਾਫ਼ੀ ਵੱਖਰਾ ਹੈ, ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ?
‘ਰੌਤੂ ਕਾ ਰਾਜ’ ਫਿਲਮ ਦਾ ਨਾਂ ਹੈ। ਰੌਤੂ ਮਤਲਬ ਜੋ ਰਾਵਤ ਹੁੰਦੇ ਹਨ, ਉਨ੍ਹਾਂ ਦਾ ਪਿੰਡ। ਉੱਤਰਾਖੰਡ ਦਾ ਇਕ ਪਿੰਡ ਹੈ, ਜਿੱਥੇ ਇਕ ਘਟਨਾ ਵਾਪਰ ਜਾਂਦੀ ਹੈ ਕਿਉਂਕਿ ਉੱਥੇ ਕਦੇ ਕੋਈ ਘਟਨਾ ਨਹੀਂ ਵਾਪਰੀ ਹੁੰਦੀ ਤਾਂ ਪੁਲਸ ਵਿਭਾਗ ਇਸ ਲਈ ਤਿਆਰ ਨਹੀਂ ਹੁੰਦਾ। ਉੱਥੇ 15 ਸਾਲਾਂ ਤੋਂ ਕੋਈ ਅਪਰਾਧ ਨਹੀਂ ਹੋਇਆ। ਫਿਰ ਹੌਲੀ-ਹੌਲੀ ਜਾਂਚ-ਪੜਤਾਲ ਸ਼ੁਰੂ ਹੁੰਦੀ ਹੈ, ਉਦੋਂ ਉਨ੍ਹਾਂ ਦੀ ਯੋਗਤਾ ਤੇ ਹੁਨਰ ਦਾ ਪਤਾ ਲੱਗਦਾ ਹੈ ਕਿ ਕਿੰਨੀ ਚੌਕਸੀ ਨਾਲ ਉਹ ਲੋਕ ਜਾਂਚ-ਪੜਤਾਲ ਕਰਦੇ ਹਨ। ਆਖ਼ਿਰ ਉਹ ਕੇਸ ਦਾ ਹੱਲ ਕੱਢਦੇ ਹਨ।
ਤੁਸੀਂ ਇਕ ਵਾਰ ਫਿਰ ਪੁਲਸ ਦਾ ਕਿਰਦਾਰ ਨਿਭਾਅ ਰਹੇ ਹੋ ਤਾਂ ਇਕੋ ਜਿਹੇ ਕਿਰਦਾਰ ’ਚ ਵੱਖਰਾ ਦਿਸਣਾ ਕਿੰਨਾ ਮੁਸ਼ਕਲ ਹੁੰਦਾ ਹੈ?
ਜੇ ਅਸੀਂ ਪਹਿਰਾਵੇ ਪੱਖੋਂ ਦੇਖੀਏ ਤਾਂ ਸਭ ਕੁਝ ਇਕ ੋ ਜਿਹਾ ਹੀ ਹੁੰਦਾ ਹੈ। ਪੁਲਸ ਦੀ ਉਹੀ ਵਰਦੀ ਹੁੰਦੀ ਹੈ ਪਰ ਵਰਦੀ ਪਿਛਲਾ ਇਨਸਾਨ ਵੱਖਰੀ ਕਿਸਮ ਦਾ ਹੁੰਦਾ ਹੈ। ਜਿਵੇਂ ਜੇ ਮੈਂ ‘ਰਾਤ ਅਕੇਲੀ’ ਹੈ ਜਾਂ ‘ਰਈਸ’ ਦੀ ਗੱਲ ਕਰਾਂ ਤਾਂ ਉਸ ਵਿਚ ਜੋ ਪੁਲਸ ਵਾਲਾ ਸੀ, ਉਹ ਬਹੁਤ ਵੱਖਰਾ ਸੀ। ਰੋਲ ਭਾਵੇਂ ਹੀ ਇਕੋ ਜਿਹਾ ਹੋਵੇ ਪਰ ਕਹਾਣੀ, ਤਰੀਕਾ ਤੇ ਤਿਆਰੀ ਵੱਖਰੀ ਹੁੰਦੀ ਹੈ।
ਇੰਡਸਟਰੀ ’ਚ ਸਾਲਾਂ ਦੇ ਤਜ਼ਰਬੇ ਤੋਂ ਬਾਅਦ ਕੀ ਹੁਣ ਤੁਹਾਡਾ ਕਿਸੇ ਕਿਰਦਾਰ ਨੂੰ ਨਿਭਾਉਣ ਦਾ ਕੋਈ ਖ਼ਾਸ ਤਰੀਕਾ ਹੈ?
ਜ਼ਿੰਦਗੀ ਜਿਵੇਂ-ਜਿਵੇਂ ਅੱਗੇ ਵਧਦੀ ਹੈ ਤਾਂ ਜੀਵਨ ਦਾ ਤਜ਼ਰਬਾ ਕੰਮ ਆਉਂਦਾ ਹੀ ਹੈ। ਬਦਲਾਅ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਪਹਿਲਾਂ ਅਸੀਂ ਵੱਖਰੇ ਤਰੀਕੇ ਦੇ ਕਿਰਦਾਰ ਨਿਭਾਉਂਦੇ ਸੀ, ਹੁਣ ਕੰਮ ਕਰਨ ਦਾ ਤਰੀਕਾ ਥੋੜ੍ਹਾ ਵੱਖਰਾ ਹੈ।
ਤੁਹਾਡੀ ਜ਼ਿੰਦਗੀ ਵਿਚ ਵੀ ਕਈ ਚੀਜ਼ਾਂ ਵਾਪਰਦੀਆਂ ਹਨ ਤਾਂ ਤੁਹਾਡਾ ਕੰਮ ਕਰਨ ਦਾ ਅੰਦਾਜ਼ ਵੀ ਬਦਲ ਜਾਂਦਾ ਹੈ। ਤੁਸੀਂ ਇੰਨਾ ਸਿੱਖ ਜਾਂਦੇ ਹੋ ਕਿ ਤੁਹਾਨੂੰ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੁੰਦੀ । ਤੁਹਾਨੂੰ ਥੋੜ੍ਹਾ ਆਈਡੀਆ ਹੋ ਜਾਂਦਾ ਹੈ ਕਿ ਕਿਹੜੇ ਕਿਰਦਾਰ ਨੂੰ ਕਿਵੇਂ ਕਰਨਾ ਹੈ ਜਾਂ ਕੀ ਕੁਝ ਉਸ ਲਈ ਖ਼ਾਸ ਕਰਨਾ ਹੈ। ਕਿਰਦਾਰਾਂ ’ਤੇ ਵੀ ਨਿਰਭਰ ਕਰਦਾ ਹੈ ਕਿਉਂਕਿ ਹਰ ਕਿਰਦਾਰ ਦੀ ਪ੍ਰਕਿਰਿਆ ਇਕੋ ਜਿਹੀ ਨਹੀਂ ਹੁੰਦੀ। ਹਰ ਕਿਸੇ ਲਈ ਵੱਖਰੇ-ਵੱਖਰੇ ਤਰੀਕੇ ਹੁੰਦੇ ਹਨ।
ਤੁਹਾਨੂੰ ਆਪਣੇ ਸਹਿ-ਕਲਾਕਾਰਾਂ ਨਾਲ ਕੰਮ ਕਰਨ ਦਾ ਤਜ਼ਰਬਾ ਤੇ ਬਾਂਡਿੰਗ ਕਿਵੇਂ ਹੈ?
ਕਿਸੇ ਵੀ ਕਲਾਕਾਰ ਨਾਲ ਕੰਮ ਕਰਨ ’ਤੇ ਉਨ੍ਹਾਂ ਨਾਲ ਬਾਂਡਿੰਗ ਇਸ ’ਤੇ ਨਿਰਭਰ ਕਰਦੀ ਹੈ ਕਿ ਉਹ ਕਲਾਕਾਰ ਕਿਵੇਂ ਦਾ ਹੈ। ਇਸ ਫਿਲਮ ’ਚ ਰਾਜੇਸ਼ ਦੀ ਗੱਲ ਕਰੀਏ ਤਾਂ ਉਹ ਬਹੁਤ ਹੋਣਹਾਰ ਹੈ। ਨਾਲ ਕੰਮ ਕਰਨ ’ਚ ਕਿਸੇ ਵੀ ਅਦਾਕਾਰ ਨਾਲ ਗਿਵ ਐਂਡ ਟੇਕ ਬਹੁਤ ਜ਼ਰੂਰੀ ਹੁੰਦਾ ਹੈ। ਤੁਸੀਂ ਜੇ ਕਿਸੇ ਅਦਾਕਾਰ ਦੇ ਸੰਵਾਦ ਸੁਣ ਰਹੇ ਹੋ ਤਾਂ ਕਈ ਸਾਰੀਆਂ ਚੀਜ਼ਾਂ ਤੁਹਾਨੂੰ ਉੱਥੋਂ ਮਿਲ ਜਾਂਦੀਆਂ ਹਨ। ਇਸ ਦੇ ਨਾਲ ਹੀ ਅਸੀਂ ਖ਼ੁਦ ਵੀ ਕੁਝ ਚੀਜ਼ਾਂ ’ਚ ਸੁਧਾਰ ਜਾਂ ਬਦਲਾਅ ਕਰਦੇ ਹਾਂ।
ਅੱਜ ਤੁਸੀਂ ਹਿੰਦੀ ਸਿਨੇਮਾ ਦਾ ਵੱਡਾ ਨਾਂ ਹੋ। ਕੀ ਹੁਣ ਤੁਸੀਂ ਖ਼ੁਦ ਨੂੰ ਇੰਡਸਟਰੀ ’ਚ ਫਿੱਟ ਮੰਨਦੇ ਹੋ।
ਨਹੀਂ, ਮੈਂ ਅਜੇ ਵੀ ਇਸ ਇੰਡਸਟਰੀ ਦੇ ਰੰਗ ’ਚ ਰੰਗਿਆ ਨਹੀਂ ਹਾਂ। ਮੈਂ ਬਹੁਤ ਹੀ ਇਕੱਲਾ ਰਹਿਣਾ ਪਸੰਦ ਕਰਦਾ ਹਾਂ। ਵੱਖਰਾ ਰਹਿਣਾ ਪਸੰਦ ਕਰਦਾ ਹਾਂ। ਨਾ ਹੀ ਮੈਂ ਕਦੇ ਕਿਸੇ ਪਾਰਟੀ ’ਚ ਜਾਂਦਾ ਹਾਂ ਕਿਉਂਕਿ ਇਸ ਦਾ ਮੈਨੂੰ ਅੰਦਰ ਤੋਂ ਹੀ ਸ਼ੌਕ ਨਹੀਂ ਹੈ। ਇੰਨੇ ਸਾਲ ਬਾਅਦ ਵੀ ਮੈਂ ਇਸ ਇੰਡਸਟਰੀ ’ਚ ਰੰਗਿਆ ਨਹੀਂ ਜਾ ਸਕਿਆ ਹਾਂ।
ਕੰਮ ਸਬੰਧੀ ਤੁਹਾਡੇ ਲਈ ਸੰਘਰਸ਼ ਦੇ ਕੀ ਮਾਇਨੇ ਹਨ?
ਮੈਂ ਕਿਸੇ ਤਰ੍ਹਾਂ ਦੇ ਟੀਚੇ ’ਚ ਯਕੀਨ ਨਹੀਂ ਕਰਦਾ ਹਾਂ ਕਿ ਕੋਈ ਚੀਜ਼ ਟੀਚਾ ਤੈਅ ਕਰ ਕੇ ਹੀ ਹੋਵੇ। ਮੇਰਾ ਮੰਨਣਾ ਹੈ ਕਿ ਜ਼ਿੰਦਗੀ ਭਰ ਕੋਸ਼ਿਸ਼ ਕਰਦੇ ਰਹੋ। ਮੈਂ ਤਾਂ ਇਸ ਤਰ੍ਹਾਂ ਦਾ ਸੀ ਕਿ ਅਸੀਂ ਕੋਈ ਟੀਚਾ ਲੈ ਕੇ ਨਹੀਂ ਆਏ ਸੀ। ਕਦੇ ਨਹੀਂ ਸੋਚਿਆ ਕਿ ਦੋ ਸਾਲ ਮੈਨੂੰ ਕੁਝ ਨਹੀਂ ਮਿਲਿਆ ਤਾਂ ਮੈਂ ਚਲਾ ਜਾਵਾਂਗਾ।
ਮੈਂ ਤਾਂ ਇਹ ਸੋਚ ਕੇ ਆਇਆ ਸੀ ਕਿ 50 ਸਾਲ ਵੀ ਕੁਝ ਨਾ ਮਿਲਿਆ ਤਾਂ ਵੀ ਹਾਰ ਨਹੀਂ ਮੰਨਾਂਗਾ ਅਤੇ ਉਦੋਂ ਵੀ ਕੰਮ ਕਰਾਂਗਾ। ਮੈਂ ਜ਼ਿੱਦੀ ਕਿਸਮ ਦਾ ਇਨਸਾਨ ਹਾਂ। ਜੇ ਸਫ਼ਲਤਾ ਮੈਨੂੰ 70 ਸਾਲ ’ਚ ਵੀ ਮਿਲਦੀ ਤਾਂ ਮੈਂ ਲੱਗਾ ਰਹਿੰਦਾ ਕਿਉਂਕਿ ਮੈਂ ਚਾਹੁੰਦਾ ਹੀ ਇਹੀ ਕਰਨਾ ਸੀ।
ਇਸ ਫਿਲਮ ਤੋਂ ਕੀ ਲੈ ਕੇ ਤੁਸੀਂ ਆਪਣੇ ਜੀਵਨ ’ਚ ਅੱਗੇ ਵਧਣ ਵਾਲੇ ਹੋ?
ਮੈਂ ਇਸ ਫਿਲਮ ਤੋਂ ਬਹੁਤ ਸਾਰੀਆਂ ਚੀਜ਼ਾਂ ਲਈਆਂ ਹਨ। ਸ਼ੂਟਿੰਗ ਦੌਰਾਨ ਖ਼ੂਬਸੂਰਤ ਵਾਦੀਆਂ ਸਨ। ਤੁਸੀਂ ਪਹਾੜਾਂ ਨਾਲ ਗੱਲ ਕਰ ਸਕਦੇ ਸੀ। ਵੱਖਰੀ ਹੀ ਤਰ੍ਹਾਂ ਦਾ ਸਕੂਨ ਸੀ। ਮੈਂ ਜੋ ਸਭ ਤੋਂ ਚੰਗੀ ਗੱਲ ਲਈ, ਉਹ ਹੈ ਸ਼ਾਂਤੀ। ਤੁਸੀਂ ਸ਼ਾਂਤੀ ਨਾਲ ਘੰਟਿਆਂ ਤਕ ਪਹਾੜਾਂ ’ਚ ਬੈਠੇ ਹੀ ਰਹਿੰਦੇ ਹੋ। ਅਦਾਕਾਰੀ ਕਰਦੇ ਸਮੇਂ ਖ਼ੁਦ ਦੀ ਆਵਾਜ਼ ਖ਼ੁਦ ਸੁਣ ਸਕਦੇ ਹੋ। ਪਹਾੜਾਂ ’ਚ ਮੈਗੀ ਵੀ ਖਾਧੀ। ਇਸ ਤੋਂ ਇਲਾਵਾ ਰੌਤੂ ਦੀ ਬੇਲੀ ਦਾ ਪਨੀਰ ਬਹੁਤ ਮਸ਼ਹੂਰ ਹੈ, ਜੋ ਖ਼ੂਬ ਖਾਧਾ।