ਰਾਜ ਕੁੰਦਰਾ ਕੇਸ ’ਚ ਖੁਲਾਸਾ, ਵਟਸਐਪ ਗਰੁੱਪ ਜ਼ਰੀਏ ਸਾਂਝੀ ਹੁੰਦੀ ਸੀ ਅਸ਼ਲੀਲ ਵੀਡੀਓ
Wednesday, Jul 21, 2021 - 03:59 PM (IST)
ਮੁੰਬਈ (ਭਾਸ਼ਾ/ਇੰਟ.) : ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ’ਚ ਗ੍ਰਿਫਤਾਰ ਹੋਏ ਬਿਜ਼ਨੈੱਸਮੈਨ ਰਾਜ ਕੁੰਦਰਾ (45) ਨੂੰ ਲੈ ਕੇ ਹੁਣ ਕਈ ਖੁਲਾਸੇ ਹੋ ਰਹੇ ਹਨ। ਤਾਜ਼ਾ ਜਾਣਕਾਰੀ ਅਨੁਸਾਰ ਅਸ਼ਲੀਲ ਫ਼ਿਲਮਾਂ ਲਈ ਇਕ ਵਟਸਐਪ ਗਰੁੱਪ ਬਣਾਇਆ ਗਿਆ ਸੀ। ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕਥਿਤ ਤੌਰ ’ਤੇ ਇਸ ਵਟਸਐਪ ਗਰੁੱਪ ਦਾ ਹਿੱਸਾ ਸਨ, ਜਿਸ ’ਚ ਅਸ਼ਲੀਲ ਫ਼ਿਲਮਾਂ ਨਾਲ ਜੁੜੇ ਪੂਰੇ ਬਿਜ਼ਨੈੱਸ ’ਤੇ ਚਰਚਾ ਹੁੰਦੀ ਸੀ। ਇਸ ਵਟਸਐਪ ਗਰੁੱਪ ਦਾ ਨਾਂ ‘ਐੱਚ’ ਅਕਾਊਂਟ ਹੈ, ਜਿਸ ’ਚ ਕਥਿਤ ਤੌਰ ’ਤੇ ਰਾਜ ਕੁੰਦਰਾ ਸਮੇਤ ਕੁੱਲ 5 ਲੋਕ ਸ਼ਾਮਲ ਸਨ। ਇਹ ਸਾਰੇ ਲੋਕ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਇਸ ਬਿਜ਼ਨੈੱਸ ’ਚ ਸ਼ਾਮਲ ਸਨ। ਜੋ ਵਟਸਐਪ ਚੈਟ ਸਾਹਮਣੇ ਆਈ ਹੈ, ਉਨ੍ਹਾਂ ’ਚ ਰਾਜ ਕੁੰਦਰਾ ਇਸ ਬਿਜ਼ਨੈੱਸ ਦੀ ਮਾਰਕੀਟਿੰਗ, ਸੇਲਜ਼ ਅਤੇ ਮਾਡਲਜ਼ ਦੀ ਪੇਮੈਂਟ ਨਾਲ ਜੁੜੇ ਮਸਲਿਆਂ ’ਤੇ ਗੱਲ ਕਰ ਰਹੇ ਹਨ। ਪੁਲਸ ਨੇ ਕਿਹਾ ਕਿ ਦੋਸ਼ੀ ਅਸ਼ਲੀਲ ਫਿਲਮਾਂ ਦਾ ਨਿਰਮਾਣ ਕਰਕੇ ਉਨ੍ਹਾਂ ਨੂੰ ਕੁਝ ਮੋਬਾਈਲ ਐਪਸ ਰਾਹੀਂ ਅਪਲੋਡ ਕਰਦੇ ਸਨ ਤੇ ਦਰਸ਼ਕਾਂ ਨੂੰ ਇਨ੍ਹਾਂ ਐਪਸ ਦੀ ਵਰਤੋਂ ਲਈ ਪੈਸੇ ਦੇਣੇ ਪੈਂਦੇ ਸਨ। ਹਰ ਹਫਤੇ ਇਕ ਫਿਲਮ ਰਿਲੀਜ਼ ਹੁੰਦੀ ਸੀ। ਇਸ ਨਾਜਾਇਜ਼ ਧੰਦੇ ਤੋਂ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਫਾਇਦਾ ਹੋਇਆ ।
ਇਸ ਦੌਰਾਨ ਅਸ਼ਲੀਲ ਫਿਲਮਾਂ ਦੇ ਕਥਿਤ ਨਿਰਮਾਣ ਤੇ ਐਪ ਰਾਹੀਂ ਉਨ੍ਹਾਂ ਦੇ ਪ੍ਰਦਰਸ਼ਨ ਦੇ ਮਾਮਲੇ ’ਚ ਮੁੰਬਈ ਦੀ ਇਕ ਅਦਾਲਤ ਨੇ ਰਾਜ ਕੁੰਦਰਾ ਨੂੰ 23 ਜੁਲਾਈ ਤੱਕ ਪੁਲਸ ਹਿਰਾਸਤ ’ਚ ਭੇਜ ਦਿੱਤਾ ਹੈ। ਪੁਲਸ ਦੀ ਅਪਰਾਧ ਸ਼ਾਖਾ ਦਾ ਦੋਸ਼ ਹੈ ਕਿ ਕੁੰਦਰਾ ਨੇ ਇਸ ਨਾਜਾਇਜ਼ ਧੰਦੇ ਤੋਂ ਵਿੱਤੀ ਲਾਭ ਹਾਸਲ ਕੀਤਾ। ਐਪ ਕੰਪਨੀ ’ਚ ਸੀਨੀਅਰ ਅਹੁਦੇ ’ਤੇ ਕੰਮ ਕਰਨ ਵਾਲੇ ਰਾਇਨ ਥੋਰਪ ਨਾਂ ਦੇ ਵਿਅਕਤੀ ਨੂੰ ਵੀ ਉਸ ਦੇ ਦਫਤਰ ’ਚੋਂ ਗ੍ਰਿਫਤਾਰ ਕੀਤਾ ਗਿਆ ਹੈ।
3 ਔਰਤਾਂ ਨੇ ਕੀਤੀ ਸ਼ਿਕਾਇਤ
ਪੁਲਸ ਨੇ ਕਿਹਾ ਕਿ ਇਸ ਮਾਮਲੇ ’ਚ 3 ਔਰਤਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਅਸ਼ਲੀਲ ਫਿਲਮਾਂ ’ਚ ਕੰਮ ਕਰਨ ਲਈ ਮਜਬੂਰ ਕੀਤਾ ਗਿਆ। ਪੁਲਸ ਅਨੁਸਾਰ ਦੋਸ਼ੀਆਂ ਨੇ ਸੰਘਰਸ਼ ਕਰ ਰਹੀਆਂ ਮਾਡਲਜ਼, ਅਭਿਨੇਤਰੀਆਂ ਤੇ ਹੋਰ ਲੜਕੀਆਂ ਦੀ ਹਾਲਤ ਦਾ ਫਾਇਦਾ ਉਠਾਇਆ ਤੇ ਉਨ੍ਹਾਂ ਨੂੰ ਅਸ਼ਲੀਲ ਫਿਲਮਾਂ ’ਚ ਕੰਮ ਕਰਨ ਲਈ ਮਜਬੂਰ ਕੀਤਾ।