ਝੂਠੀਆਂ ਖ਼ਬਰਾਂ ਲਾਉਣ ਵਾਲਿਆਂ ’ਤੇ ਵਰ੍ਹੇ ਦਿਲਜੀਤ ਦੋਸਾਂਝ, ਕੰਗਨਾ ਰਣੌਤ ਦਾ ਵੀ ਉਡਾਇਆ ਮਖੌਲ (ਵੀਡੀਓ)

01/04/2021 3:08:13 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਹਾਲ ਹੀ ’ਚ ਮੁੜ ਸੁਰਖ਼ੀਆਂ ’ਚ ਆ ਗਏ ਹਨ। ਦਿਲਜੀਤ ਦੇ ਇਸ ਵਾਰ ਸੁਰਖ਼ੀਆਂ ’ਚ ਆਉਣ ਦਾ ਕਾਰਨ ਇਨਕਮ ਟੈਕਸ ਵਿਭਾਗ ਹੈ। ਕਿਹਾ ਜਾ ਰਿਹਾ ਹੈ ਕਿ ਦਿਲਜੀਤ ਵਲੋਂ ਕਿਸਾਨ ਅੰਦੋਲਨ ਲਈ 1 ਕਰੋੜ ਰੁਪਏ ਦੇਣ ਤੋਂ ਬਾਅਦ ਇਨਕਮ ਟੈਕਸ ਵਿਭਾਗ ਨੇ ਦਿਲਜੀਤ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ’ਤੇ ਦਿਲਜੀਤ ਨੇ ਐਤਵਾਰ ਨੂੰ ਕਈ ਟਵੀਟਸ ਕੀਤੇ ਤੇ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਲੰਮੇ ਹੱਥੀਂ ਲਿਆ। ਦਿਲਜੀਤ ਨੇ ਇਸ ’ਤੇ ਹੁਣ ਇਕ ਵੀਡੀਓ ਬਣਾ ਕੇ ਅਪਲੋਡ ਕੀਤੀ ਹੈ, ਜਿਸ ’ਚ ਨਾ ਸਿਰਫ ਉਹ ਅਜਿਹੀਆਂ ਖ਼ਬਰਾਂ ’ਤੇ ਪ੍ਰਤੀਕਿਰਿਆ ਦੇ ਰਹੇ ਹਨ, ਸਗੋਂ ਕੰਗਨਾ ਰਣੌਤ ਦਾ ਮਖੌਲ ਵੀ ਉਡਾ ਰਹੇ ਹਨ।

ਦਿਲਜੀਤ ਦੋਸਾਂਝ ਨੇ ਵੀਡੀਓ ਦੀ ਸ਼ੁਰੂਆਤ ’ਚ ਬੈਠਣ ਦੇ ਸਟਾਈਲ ਨੂੰ ਲੈ ਕੇ ਟਿੱਪਣੀ ਕੀਤੀ ਹੈ। ਅਸਲ ’ਚ ਕੰਗਨਾ ਰਣੌਤ ਆਪਣੀਆਂ ਵੀਡੀਓਜ਼ ਦੌਰਾਨ ਜਿਸ ਤਰ੍ਹਾਂ ਬੈਠਦੀ ਹੈ, ਦਿਲਜੀਤ ਨੇ ਵੀ ਉਸੇ ਤਰ੍ਹਾਂ ਬੈਠਣ ਦੀ ਕੋਸ਼ਿਸ਼ ਕੀਤੀ ਤੇ ਕਿਹਾ, ‘ਕੁਝ ਲੋਕ ਕੁਰਸੀ ’ਤੇ ਇੰਝ ਬੈਠ ਕੇ ਭਾਸ਼ਣ ਦਿੰਦੇ ਹਨ।’ ਦਿਲਜੀਤ ਦੀ ਇਹ ਟਿੱਪਣੀ ਕੰਗਨਾ ਰਣੌਤ ਲਈ ਸੀ।

ਵੀਡੀਓ ’ਚ ਦਿਲਜੀਤ ਨੇ ਅੱਗੇ ਕਿਹਾ, ‘ਕਿਸੇ ਬਹੁਤ ਵੱਡੇ ਰਿਸਰਚਰ ਨੇ ਇਹ ਰਿਸਰਚ ਕੀਤੀ ਹੈ ਕਿ ਮੇਰੀ ਕਿਸੇ ਫਾਊਂਡੇਸ਼ਨ ਦਾ ਕਿਸੇ ਮੰਤਰੀ ਨਾਲ ਸਬੰਧ ਹੈ। ਮੈਂ ਤੁਹਾਡੀ ਰਿਸਰਚ ਲਈ ਦੋ ਮਿੰਟ ਦਾ ਮੌਨ ਧਾਰਨਾ ਚਾਹਾਂਗਾ। ਮੇਰੀਆਂ ਹੋਰ 25-30 ਕੰਪਨੀਆਂ ਹਨ, ਲੱਗੇ ਰਹੇ ਤੁਸੀਂ ਬਸ ਇਸੇ ਕੰਮ ’ਤੇ, ਕੋਈ ਟੈਨਸ਼ਨ ਨਹੀਂ।’

ਦਿਲਜੀਤ ਨੇ ਆਖਿਆ ਕਿ ਇਨ੍ਹਾਂ ਦਾ ਮਕਸਦ ਅਸਲ ਮੁੱਦੇ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਹੁੰਦਾ ਹੈ। ਦਿਲਜੀਤ ਨੇ ਕਿਹਾ ਕਿ ਅੱਜ 4 ਤਾਰੀਖ਼ ਹੈ ਤੇ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਅੱਜ ਕੋਈ ਹੱਲ ਨਿਕਲ ਆਵੇ।

ਦਿਲਜੀਤ ਨੇ ਅਖੀਰ ’ਚ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸ਼ਾਂਤੀ ਦੀ ਗੱਲ ਕੀਤੀ ਹੈ ਤੇ ਕੋਈ ਭੜਕਾਊ ਗੱਲ ਨਹੀਂ ਕੀਤੀ ਪਰ ਫਿਰ ਵੀ ਜੇ ਕਿਸੇ ਦੇ ਮਿਰਚਾਂ ਲੜ ਰਹੀਆਂ ਹਨ ਤਾਂ ਉਹ ਆਪਣੀਆਂ ਮਿਰਚਾਂ ਆਪ ਧੋ ਲੈਣ।

ਨੋਟ– ਦਿਲਜੀਤ ਦੋਸਾਂਝ ਦੀ ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News