ਧੀ ਈਸ਼ਾ ਦਿਓਲ ਨੂੰ ਫਿਲਮੀ ਦੁਨੀਆ ’ਚ ਨਹੀਂ ਆਉਣ ਦੇਣਾ ਚਾਹੁੰਦੇ ਸਨ ਧਰਮਿੰਦਰ
Monday, Nov 24, 2025 - 11:19 PM (IST)
ਐਂਟਰਟੇਨਮੈਂਟ ਡੈਸਕ- ਅਦਾਕਾਰ ਧਰਮਿੰਦਰ ਅਤੇ ਅਦਾਕਾਰਾ ਹੇਮਾ ਮਾਲਿਨੀ ਦੀ ਧੀ ਈਸ਼ਾ ਦਿਓਲ ਨੇ ਇਕ ਵਾਰ ਕਿਹਾ ਸੀ ਕਿ ਉਸਦੇ ਪਿਤਾ ਉਸਨੂੰ ਫਿਲਮ ਇੰਡਸਟਰੀ ਵਿਚ ਦੇਖਣਾ ਨਹੀਂ ਚਾਹੁੰਦੇ ਸਨ, ਸਗੋਂ ਉਹ ਉਸਦਾ ਵਿਆਹ ਜਲਦੀ ਕਰਵਾਉਣਾ ਚਾਹੁੰਦੇ ਸਨ। ਈਸ਼ਾ ਨੇ 2024 ਵਿਚ ‘ਹਾਟਰਫਲਾਈ’ ਨੂੰ ਕਿਹਾ ਕਿ ਉਹ (ਧਰਮਿੰਦਰ) ਨਹੀਂ ਚਾਹੁੰਦੇ ਸਨ ਕਿ ਮੈਂ ਫਿਲਮਾਂ ਵਿਚ ਆਵਾਂ। ਉਹ ਸੱਚਮੁੱਚ ਰੂੜੀਵਾਦੀ ਸਨ ਕਿਉਂਕਿ ਉਹ ਪੰਜਾਬੀ ਸਨ, ਇਸ ਲਈ ਉਹ ਚਾਹੁੰਦੇ ਸਨ ਕਿ ਮੈਂ 18 ਸਾਲ ਦੀ ਉਮਰ ਤੱਕ ਵਿਆਹ ਕਰ ਲਵਾਂ ਅਤੇ ਘਰ ਵਸਾ ਲਵਾਂ।
‘ਕੋਈ ਮੇਰੇ ਦਿਲ ਸੇ ਪੂਛੇ’ ਲਈ ਫਿਲਮਫੇਅਰ ਐਵਾਰਡ ’ਚ ‘ਬੈਸਟ ਫੀਮੇਲ ਡਬਿਊ’ ਦਾ ਪੁਰਸਕਾਰ ਜਿੱਤਣ ਵਾਲੀ ਅਦਾਕਾਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿਚ ਔਰਤਾਂ ਦਾ ਪਾਲਣ-ਪੋਸ਼ਣ ਇਸੇ ਤਰ੍ਹਾਂ ਹੁੰਦਾ ਹੈ ਪਰ ਆਪਣੀ ਮਾਂ ਨੂੰ ਪਰਦੇ ’ਤੇ ਦੇਖ ਕੇ ਉਨ੍ਹਾਂ ਵਿਚ ਵੀ ਕੁਝ ਅਜਿਹਾ ਹੀ ਕਰਨ ਦੀ ਇੱਛਾ ਜਾਗੀ। ਈਸ਼ਾ ਦਿਓਲ ਨੇ ਕਿਹਾ ਕਿ ਉਸਦੇ ਪਿਤਾ ਨੂੰ ਇਸ ਕੰਮ ਲਈ ਰਾਜ਼ੀ ਕਰਨਾ ਮੁਸ਼ਕਲ ਸੀ।
ਈਸ਼ਾ ਨੇ ਕਿਹਾ ਕਿ ਉਨ੍ਹਾਂ ਨੂੰ ਮਨਾਉਣ ਵਿਚ ਬਹੁਤ ਸਮਾਂ ਲੱਗਿਆ, ਇਹ ਸੌਖਾ ਨਹੀਂ ਸੀ ਪਰ ਅੱਜ ਕਹਾਣੀ ਵੱਖਰੀ ਹੈ। ਈਸ਼ਾ ਅਤੇ ਧਰਮਿੰਦਰ ਨੇ 2011 ਵਿਚ ਹੇਮਾ ਮਾਲਿਨੀ ਵੱਲੋਂ ਨਿਰਦੇਸ਼ਤ ਫਿਲਮ ‘ਟੇਲ ਮੀ ਓ ਖੁਦਾ’ ਵਿਚ ਇਕੱਠੇ ਕੰਮ ਕੀਤਾ ਸੀ ਅਤੇ ਇਸ ਫਿਲਮ ਵਿਚ ਮਰਹੂਮ ਅਦਾਕਾਰ ਵਿਨੋਦ ਖੰਨਾ, ਰਿਸ਼ੀ ਕਪੂਰ ਅਤੇ ਫਾਰੂਕ ਸ਼ੇਖ ਵੀ ਸਨ।
