ਦੀਪ ਸਿੱਧੂ ਪੰਜਾਬ ਵਿਧਾਨ ਸਭਾ ਦੀ ਕਮੇਟੀ ਕੋਲ ਹੋਏ ਪੇਸ਼, 1 ਘੰਟੇ ਦੀ ਪੁੱਛਗਿੱਛ ਦੌਰਾਨ ਦੱਸੀ ਇਹ ਕਹਾਣੀ
Friday, Aug 06, 2021 - 12:54 PM (IST)
![ਦੀਪ ਸਿੱਧੂ ਪੰਜਾਬ ਵਿਧਾਨ ਸਭਾ ਦੀ ਕਮੇਟੀ ਕੋਲ ਹੋਏ ਪੇਸ਼, 1 ਘੰਟੇ ਦੀ ਪੁੱਛਗਿੱਛ ਦੌਰਾਨ ਦੱਸੀ ਇਹ ਕਹਾਣੀ](https://static.jagbani.com/multimedia/2021_8image_12_37_234218118deepsidhu.jpg)
ਚੰਡੀਗੜ੍ਹ (ਬਿਊਰੋ) : 26 ਜਨਵਰੀ ਲਾਲ ਕਿਲ੍ਹਾ ਹਿੰਸਾ ਦੇ ਮੁਲਜ਼ਮ ਦੀਪ ਸਿੱਧੂ ਪੰਜਾਬ ਵਿਧਾਨ ਸਭਾ ਵੱਲੋਂ ਬਣਾਈ ਗਈ ਕਮੇਟੀ ਦੇ ਸਾਹਮਣੇ ਪੇਸ਼ ਹੋਇਆ। ਇਸ ਦੌਰਾਨ ਦੀਪ ਸਿੱਧੂ ਨੇ ਕਮੇਟੀ ਸਾਹਮਣੇ ਆਪਣਾ ਪੱਖ ਰੱਖਿਆ। ਦੱਸਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਤੋਂ ਤਕਰੀਬਨ ਇੱਕ ਘੰਟਾ ਸਬ ਕਮੇਟੀ ਨੇ ਪੁੱਛਗਿੱਛ ਕੀਤੀ। ਜਾਣਕਾਰੀ ਮੁਤਾਬਕ, ਇਸ ਪੁੱਛਗਿੱਛ ਦੌਰਾਨ ਦੀਪ ਸਿੱਧੂ ਨੇ ਕਮੇਟੀ ਨੂੰ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਅਤੇ ਆਪਣੀ ਗ੍ਰਿਫ਼ਤਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ- Indian Womens Hockey Team ਦੀ ਹਾਰ ਵੇਖ Shah Rukh Khan ਨੇ ਕਿਹਾ 'ਇਹ ਆਪਣੇ ਆਪ 'ਚ ਹੀ ਬਹੁਤ ਵੱਡੀ ਜਿੱਤ ਹੈ'
ਦੱਸ ਦੇਈਏ ਕਿ ਮੌਨਸੂਨ ਸੈਸ਼ਨ 'ਚ ਕਮੇਟੀ ਆਪਣੀ ਰਿਪੋਰਟ ਪੇਸ਼ ਕਰ ਸਕਦੀ ਹੈ। ਇਸ ਕਮੇਟੀ ਦੇ ਚੇਅਰਮੈਨ ਵਿਧਾਇਕ ਕੁਲਦੀਪ ਵੈਦ ਹਨ। ਉਨ੍ਹਾਂ ਤੋਂ ਇਲਾਵਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਫਤਿਹ ਜੰਗ ਸਿੰਘ ਬਾਜਵਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਸਰਬਜੀਤ ਕੌਰ ਮਾਣੂਕੇ ਇਸ ਸਬ ਕਮੇਟੀ ਦੇ ਮੈਂਬਰ ਹਨ।
ਇਹ ਖ਼ਬਰ ਵੀ ਪੜ੍ਹੋ- ਕਿਸਾਨਾਂ ਦੇ ਹੱਕ 'ਚ ਡਟਣ ਵਾਲੀ ਪੌਪ ਸਟਾਰ ਰਿਹਾਨਾ ਅਰਬਪਤੀਆਂ ਦੀ ਲਿਸਟ 'ਚ ਹੋਈ ਸ਼ਾਮਲ, ਜਾਣੋ ਕੁੱਲ ਪ੍ਰਾਪਰਟੀ
ਦੱਸਣਯੋਗ ਹੈ ਕਿ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ 26 ਜਨਵਰੀ ਨੂੰ ਟਰੈਕਟਰ ਰੈਲੀ ਕੱਢੀ ਸੀ ਅਤੇ ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ਨੂੰ ਦਾਖ਼ਲ ਹੋ ਗਏ ਸਨ। ਉਨ੍ਹਾਂ ਨੇ ਲਾਲ ਕਿਲ੍ਹੇ ਦੀ ਪ੍ਰਾਚੀਰ 'ਤੇ ਕੇਸਰੀ ਝੰਡਾ ਵੀ ਲਹਿਰਾਇਆ। ਇਸ ਦੌਰਾਨ ਪੁਲਸ ਮੁਲਾਜ਼ਮਾਂ ਨਾਲ ਉਨ੍ਹਾਂ ਦੀ ਝੜਪ ਹੋ ਗਈ। ਦਿੱਲੀ ਪੁਲਸ ਅਨੁਸਾਰ ਉਨ੍ਹਾਂ ਕੋਲ ਇਸ ਗੱਲ ਦੇ ਇਲੈਕਟ੍ਰਾਨਿਕ ਸਬੂਤ ਹਨ ਕਿ ਸਿੱਧੂ ਨੇ ਲਾਠੀ ਅਤੇ ਝੰਡੇ ਲੈ ਕੇ ਆਪਣੇ ਸਮਰਥਕਾਂ ਲਾਲ ਕਿਲ੍ਹੇ 'ਚ ਪ੍ਰਵੇਸ਼ ਕੀਤਾ ਸੀ ਅਤੇ ਹਿੰਸਾ ਨੂੰ ਉਤਸ਼ਾਹ ਦਿੱਤਾ। ਸਿੱਧੂ ਨੂੰ 2 ਮਹੀਨੇ ਤੋਂ ਵੱਧ ਸਮੇਂ ਤੱਕ ਜੇਲ੍ਹ 'ਚ ਰਹਿਣ ਤੋਂ ਬਾਅਦ 17 ਅਪ੍ਰੈਲ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ- ਗਾਇਕ ਕਰਨ ਔਜਲਾ, ਬੋਹੇਮੀਆ ਅਤੇ ਅਮਰੀਕੀ ਰੈਪਰ ਦਿ ਗੇਮ ਨੂੰ ਵੱਡਾ ਝਟਕਾ