ਡਰ ਦੇ ਸਾਏ ਹੇਠ ਮਾਹੀ ਵਿਜ ਤੇ ਜੈ ਭਾਨੂਸ਼ਾਲੀ, ਕੁੱਕ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ
Friday, Jul 01, 2022 - 10:51 AM (IST)
ਮੁੰਬਈ (ਬਿਊਰੋ)– ਟੀ. ਵੀ. ਦੇ ਮਸ਼ਹੂਰ ਅਦਾਕਾਰ ਜੈ ਭਾਨੂਸ਼ਾਲੀ ਤੇ ਅਦਾਕਾਰਾ ਮਾਹੀ ਵਿਜ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦੋਵਾਂ ਨੇ ਬੀਤੇ ਦਿਨੀਂ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਦੇ ਕੁੱਕ ਨੇ ਉਨ੍ਹਾਂ ਨੂੰ ਤੇ ਉਸ ਦੀ ਦੋ ਸਾਲ ਦੀ ਧੀ ਤਾਰਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ‘ਬਿਲਬੋਰਡ ਕੈਨੇਡੀਅਨ ਹੌਟ 100’ ’ਚ ਸ਼ਾਮਲ ਹੋਇਆ ਸਿੱਧੂ ਮੂਸੇ ਵਾਲਾ ਦਾ ‘ਐੱਸ. ਵਾਈ. ਐੱਲ.’ ਗੀਤ
ਮਾਹੀ ਨੇ ਇਸ ਡਰਾਵਨੇ ਹਾਦਸੇ ਬਾਰੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਸੀ ਪਰ ਬਾਅਦ ’ਚ ਉਸ ਨੇ ਸਾਰੇ ਟਵੀਟ ਡਿਲੀਟ ਕਰ ਦਿੱਤੇ। ਹੁਣ ਉਸ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ ਤੇ ਸਭ ਕੁਝ ਵਿਸਥਾਰ ’ਚ ਦੱਸਿਆ ਹੈ।
ਮਾਹੀ ਵਿਜ ਨੇ ਬੀਤੇ ਦਿਨੀਂ ਟਵਿਟਰ ’ਤੇ ਕਈ ਸਾਰੇ ਟਵੀਟਸ ਕੀਤੇ ਸਨ। ਉਸ ਨੇ ਖ਼ੁਲਾਸਾ ਕੀਤਾ ਸੀ ਕਿ ਕੁਝ ਦਿਨ ਪਹਿਲਾਂ ਉਸ ਨੇ ਤੇ ਉਸ ਦੇ ਪਤੀ ਨੇ ਇਕ ਕੁੱਕ ਨੂੰ ਕੰਮ ’ਤੇ ਰੱਖਿਆ ਸੀ ਪਰ ਉਹ ਘਰ ’ਚ ਚੋਰੀ ਕਰ ਰਿਹਾ ਸੀ। ਹਾਲਾਂਕਿ ਬਾਅਦ ’ਚ ਉਸ ਨੇ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ। ਪੁਲਸ ਨੇ ਉਸ ਕੁੱਕ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ ਪਰ ਬਾਅਦ ’ਚ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ, ਜਿਸ ਤੋਂ ਬਾਅਦ ਉਹ ਡਰੀ ਹੋਈ ਹੈ। ਕੁੱਕ ਨੇ ਉਸ ਨੂੰ ਖੰਜਰ ਮਾਰਨ ਦੀ ਧਮਕੀ ਦਿੱਤੀ ਹੈ।
ਮਾਹੀ ਵਿਜ ਨੇ ਕਿਹਾ, ‘‘ਤਿੰਨ ਦਿਨ ਹੋਏ ਸਨ ਤੇ ਸਾਨੂੰ ਪਤਾ ਲੱਗਾ ਕਿ ਉਹ ਚੋਰੀ ਕਰ ਰਿਹਾ ਹੈ। ਮੈਂ ਜੈ ਨੂੰ ਜਾਣਕਾਰੀ ਦੇਣ ਲਈ ਇੰਤਜ਼ਾਰ ਕੀਤਾ। ਜਦੋਂ ਜੈ ਆਇਆ ਤਾਂ ਉਸ ਨੇ ਬਿੱਲ ਦਾ ਸੈਟਲਮੈਂਟ ਕੀਤਾ ਪਰ ਉਹ ਪੂਰੇ ਮਹੀਨੇ ਦੀ ਤਨਖ਼ਾਹ ਮੰਗ ਰਿਹਾ ਸੀ। ਜਦੋਂ ਜੈ ਨੇ ਤਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਹਾ ਕਿ ਉਹ 200 ਬਿਹਾਰੀ ਲਿਆ ਕੇ ਖੜ੍ਹੇ ਕਰ ਦੇਵੇਗਾ। ਉਹ ਨਸ਼ੇ ’ਚ ਧੁੱਤ ਸੀ ਤੇ ਸਾਡੇ ਨਾਲ ਗਾਲੀ-ਗਲੋਚ ਕਰਨ ਲੱਗਾ। ਅਸੀਂ ਪੁਲਸ ਕੋਲ ਗਏ। ਜੇਕਰ ਮੈਨੂੰ ਕੁਝ ਹੋ ਵੀ ਜਾਵੇ ਤਾਂ ਮੈਨੂੰ ਪ੍ਰਵਾਹ ਨਹੀਂ ਪਰ ਮੈਂ ਆਪਣੀ ਧੀ ਲਈ ਡਰੀ ਹੋਈ ਸੀ।’’
ਰਿਪੋਰਟ ਮੁਤਾਬਕ ਅਖੀਰ ’ਚ ਮਾਹੀ ਤੇ ਜੈ ਨੇ ਪੁਲਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਤੇ ਕੁੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਬਾਅਦ ’ਚ ਜ਼ਮਾਨਤ ’ਤੇ ਉਸ ਨੂੰ ਛੱਡ ਦਿੱਤਾ ਗਿਆ। ਉਸ ਵਿਅਕਤੀ ਦੇ ਰਿਹਾਅ ਹੋਣ ’ਤੇ ਜ਼ਾਹਿਰ ਤੌਰ ’ਤੇ ਨਾਖ਼ੁਸ਼ ਮਾਹੀ ਨੇ ਕਿਹਾ, ‘‘ਜਦੋਂ ਅਸੀਂ ਪੁਲਸ ਸਟੇਸ਼ਨ ਗਏ ਤਾਂ ਉਹ ਮੈਨੂੰ ਫੋਨ ਕਰਦਾ ਰਿਹਾ। ਮੇਰੇ ਕੋਲ ਸਾਰੀ ਰਿਕਾਰਡਿੰਗ ਹੈ। ਹਰ ਜਗ੍ਹਾ ਇੰਨਾ ਕੁਝ ਹੋ ਰਿਹਾ ਹੈ, ਉਸ ਨੂੰ ਦੇਖ ਕੇ ਬਹੁਤ ਡਰ ਲੱਗਦਾ ਹੈ। ਕੀ ਹੋਵੇਗਾ ਜੇਕਰ ਉਹ ਮੈਨੂੰ ਚਾਕੂ ਮਾਰ ਦੇਵੇ? ਜੇਕਰ ਮੈਨੂੰ ਕੁਝ ਹੋਇਆ ਤਾਂ ਲੋਕ ਬਾਅਦ ’ਚ ਵਿਰੋਧ ਕਰਨਗੇ। ਫਿਰ ਇਸ ਦਾ ਕੀ ਪੁਆਇੰਟ ਹੈ? ਮੈਂ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਡਰੀ ਹੋਈ ਹਾਂ। ਮੈਂ ਸੁਣਿਆ ਹੈ ਕਿ ਉਹ ਜ਼ਮਾਨਤ ’ਤੇ ਬਾਹਰ ਹੈ। ਕੀ ਹੋਵੇਗਾ ਜੇਕਰ ਉਹ ਅਸਲ ’ਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਲੋਕਾਂ ਨੂੰ ਇਕੱਠਾ ਕਰਦਾ ਹੈ ਤੇ ਸਾਨੂੰ ਨਿਸ਼ਾਨਾ ਬਣਾਉਂਦਾ ਹੈ?’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।