ਕੁਸ਼ਤੀ 'ਚ ਦੁਨੀਆ ਦੇ ਪਹਿਲਵਾਨਾਂ ਨੂੰ ਧੂੜ ਚਟਾ ਕੇ 'ਰੁਸਤਮ-ਏ-ਹਿੰਦ' ਦਾ ਖ਼ਿਤਾਬ ਪਾਉਣ ਵਾਲੇ ਦਾਰਾ ਸਿੰਘ ਦਾ ਰੌਚਕ ਸਫ਼ਰ

11/19/2020 1:22:26 PM

ਜਲੰਧਰ (ਵੈੱਬ ਡੈਸਕ) : ਕੁਸ਼ਤੀ 'ਚ ਪੂਰੀ ਦੁਨੀਆ ਦੇ ਪਹਿਲਵਾਨਾਂ ਨੂੰ ਧੂੜ ਚਟਾ ਕੇ 'ਰੁਸਤਮ-ਏ-ਹਿੰਦ' ਦਾ ਖ਼ਿਤਾਬ ਹਾਸਲ ਕਰਨ ਵਾਲੇ ਦਾਰਾ ਸਿੰਘ ਨੇ ਫ਼ਿਲਮਾਂ 'ਚ ਵੀ ਇਕ ਲੰਬੀ ਅਤੇ ਸਫ਼ਲ ਪਾਰੀ ਖ਼ੇਡੀ। ਨਾਲ ਹੀ ਟੀ. ਵੀ. ਸੀਰੀਅਲ 'ਰਾਮਾਇਣ' 'ਚ ਵੀ ਉਨ੍ਹਾਂ ਨੇ 'ਹਨੂੰਮਾਨ' ਦਾ ਕਿਰਦਾਰ ਨਿਭਾਇਆ। ਉਹ ਇਸ ਕਿਰਦਾਰ ਨਾਲ ਘਰ-ਘਰ 'ਚ ਪਛਾਣੇ ਜਾਣ ਲੱਗੇ ਸਨ। 19 ਨਵੰਬਰ 1928 ਨੂੰ ਅੰਮ੍ਰਿਤਸਰ (ਪੰਜਾਬ) ਦੇ ਨੇੜੇ ਧਰਮੂ ਚੱਕ 'ਚ ਪੈਦਾ ਹੋਏ ਦਾਰਾ ਸਿੰਘ ਰੰਧਾਵਾ ਨੂੰ ਬਚਪਨ ਤੋਂ ਹੀ ਪਹਿਲਵਾਨੀ ਦਾ ਸ਼ੌਕ ਸੀ। ਅਖਾੜੇ 'ਚ ਉਨ੍ਹਾਂ ਦੇ ਜੌਹਰ ਨਾਲ ਹੌਲੀ-ਹੌਲੀ ਉਨ੍ਹਾਂ ਦੀ ਸ਼ੋਹਰਤ ਹਰ ਪਾਸੇ ਫੈਲਣ ਲੱਗੀ ਅਤੇ ਮੁੱਢਲੇ ਦੌਰ 'ਚ ਕਸਬਿਆਂ ਤੇ ਸ਼ਹਿਰਾਂ 'ਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਵਾਲੇ ਦਾਰਾ ਸਿੰਘ ਨੇ ਬਾਅਦ 'ਚ ਅੰਤਰਰਾਸ਼ਟਰੀ ਪੱਧਰ ਦੇ ਪਹਿਲਵਾਨਾਂ ਨਾਲ ਮੁਕਾਬਲਾ ਕੀਤਾ।

PunjabKesari

'ਰੁਸਤਮ-ਏ-ਪੰਜਾਬ' ਅਤੇ 'ਰੁਸਤਮ-ਏ-ਹਿੰਦ' ਬੁਲਾਏ ਜਾਣ ਵਾਲੇ ਦਾਰਾ ਸਿੰਘ ਬਾਅਦ 'ਚ ਰਾਸ਼ਟਰਮੰਡਲ ਖ਼ੇਡਾਂ 'ਚ ਵੀ ਕੁਸ਼ਤੀ ਚੈਂਪੀਅਨ ਰਹੇ। ਇਸ 'ਚ ਉਨ੍ਹਾਂ ਨੇ ਕੈਨੇਡਾ ਦੇ ਚੈਂਪੀਅਨ ਜਾਰਜ ਗੋਡੀਯਾਂਕੋ ਨੂੰ ਹਰਾਇਆ। ਇਸ ਤੋਂ ਪਹਿਲਾਂ ਉਹ ਭਾਰਤੀ ਕੁਸ਼ਤੀ ਚੈਂਪੀਅਨਸ਼ਿਪ 'ਤੇ ਕਬਜ਼ਾ ਕਰ ਚੁੱਕੇ ਸਨ। ਸਾਲ 1968 'ਚ ਉਨ੍ਹਾਂ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਜਿੱਤੀ। ਕੁਸ਼ਤੀ ਦੇ ਦਿਨਾਂ ਤੋਂ ਹੀ ਉਨ੍ਹਾਂ ਨੂੰ ਫ਼ਿਲਮਾਂ 'ਚ ਕੰਮ ਮਿਲਣਾ ਸ਼ੁਰੂ ਹੋ ਗਿਆ ਸੀ। ਕਈ ਥਾਵਾਂ 'ਤੇ ਤਾਂ ਕਿਹਾ ਜਾਂਦਾ ਹੈ ਕਿ ਪਰਦੇ 'ਤੇ ਕਮੀਜ਼ ਲਾਹੁਣ ਵਾਲੇ ਉਹ ਪਹਿਲੇ ਹੀਰੋ ਸਨ।

PunjabKesari
ਸਾਲ 1952 'ਚ ਆਈ ਫ਼ਿਲਮ 'ਸੰਗਦਿਲ' ਦੇ ਛੋਟੇ ਪਰ ਅਹਿਮ ਰੋਲ ਨਾਲ ਉਨ੍ਹਾਂ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਉਸ ਪਿੱਛੋਂ ਉਨ੍ਹਾਂ ਦੀਆਂ ਕੁਝ ਹੋਰ ਫ਼ਿਲਮਾਂ ਆਈਆਂ। ਸਾਲ 1962 'ਚ ਆਈ ਬਾਬੂ ਭਾਈ ਮਿਸਤਰੀ ਦੀ ਫ਼ਿਲਮ 'ਕਿੰਗਕਾਂਗ' ਨਾਲ ਦਾਰਾ ਸਿੰਘ ਉਸ ਦੌਰ ਦੀਆਂ ਸਟੰਟ ਫ਼ਿਲਮਾਂ ਦੇ ਵੱਡੇ ਸਟਾਰ ਬਣ ਗਏ। ਉਸ ਪਿੱਛੋਂ ਤਾਂ 'ਹਰਕਿਊਲਿਸ', 'ਸੰਗਰਾਮ', 'ਰੁਸਤਮ-ਏ-ਹਿੰਦ',  'ਸ਼ੇਰ ਦਿਲ', 'ਸ਼ੰਕਰ ਖਾਨ' ਅਤੇ 'ਟਾਰਜ਼ਨ' ਸੀਰੀਜ਼ ਦੀਆਂ ਫ਼ਿਲਮਾਂ ਨੇ ਉਨ੍ਹਾਂ ਨੂੰ ਲੋਕਪ੍ਰਿਯਤਾ ਦੀ ਸਿਖ਼ਰ 'ਤੇ ਪਹੁੰਚਾ ਦਿੱਤਾ।

PunjabKesari
ਸਾਲ 1970 'ਚ ਦਾਰਾ ਸਿੰਘ ਨੇ 'ਦਾਰਾ ਫ਼ਿਲਮਜ਼' ਨਾਮੀ ਪ੍ਰੋਡਕਸ਼ਨ ਕੰਪਨੀ ਦੀ ਸ਼ੁਰੂਆਤ ਕਰਦਿਆਂ 'ਭਗਤ ਧੰਨਾ ਜੱਟ' ਨਾਮੀ ਇਕ ਪੰਜਾਬੀ ਫ਼ਿਲਮ ਬਣਾਈ, ਜਿਸ ਨੂੰ ਉਨ੍ਹਾਂ ਨੇ ਨਿਰਦੇਸ਼ਿਤ ਵੀ ਕੀਤਾ ਸੀ। ਉਨ੍ਹਾਂ ਨੇ ਨਿਰਦੇਸ਼ਕ ਚੰਦਰਕਾਂਤ ਦੀਆਂ ਕੋਈ ਪੌਰਾਣਿਕ ਫ਼ਿਲਮਾਂ 'ਚ 'ਹਨੂੰਮਾਨ' ਅਤੇ 'ਬਲਰਾਮ' ਵਰਗੇ ਕਿਰਦਾਰ ਨਿਭਾਏ। ਇਹ ਉਨ੍ਹਾਂ ਦੇ ਕੰਮ ਦੀ ਲੋਕਪ੍ਰਿਯਤਾ ਦਾ ਅਸਰ ਹੀ ਸੀ ਕਿ ਕੇਦਾਰ ਕਪੂਰ ਨੇ ਸਾਲ 1964 'ਚ ਉਨ੍ਹਾਂ ਨੂੰ ਲੈ ਕੇ 'ਦਾਰਾ ਸਿੰਘ' ਨਾਮੀ ਹੀ ਇਕ ਫ਼ਿਲਮ ਬਣਾ ਦਿੱਤੀ। ਦਾਰਾ ਸਿੰਘ ਨੇ 125 ਤੋਂ ਵੀ ਵਧੇਰੇ ਫ਼ਿਲਮਾਂ 'ਚ ਕੰਮ ਕੀਤਾ ਸੀ। ਪੰਜਾਬੀ ਫ਼ਿਲਮਾਂ 'ਚ ਸਫ਼ਲ ਰਹਿਣ ਦੇ ਨਾਲ-ਨਾਲ ਉਹ ਕਰੈਕਟਰ ਆਰਟਿਸਟ ਦੇ ਤੌਰ 'ਤੇ ਵੀ ਕਈ ਹਿੱਟ ਹਿੰਦੀ ਫ਼ਿਲਮਾਂ ਦਾ ਹਿੱਸਾ ਰਹੇ, ਜਿਵੇਂ  'ਆਨੰਦ', 'ਮੇਰਾ ਨਾਮ ਜੋਕਰ', 'ਹਮ ਏਕ ਹੈਂ', 'ਕਰਮਾ', 'ਧਰਮਾਤਮਾ' ਅਤੇ 'ਕਲ  ਹੋ ਨ ਹੋ' ਆਦਿ।

PunjabKesari
ਉਨ੍ਹਾਂ ਨੇ 'ਮੇਰਾ ਦੇਸ਼ ਮੇਰਾ ਧਰਮ' (1973), 'ਭਗਤੀ ਮੇਂ ਸ਼ਕਤੀ' (1978) ਅਤੇ 'ਰੁਸਤਮ' (1982) ਵਰਗੀਆਂ ਹਿੰਦੀ ਫ਼ਿਲਮਾਂ ਵੀ ਨਿਰਦੇਸ਼ਿਤ ਕੀਤੀਆਂ। ਉਹ ਇਨ੍ਹਾਂ ਫ਼ਿਲਮਾਂ ਦੇ ਨਿਰਮਾਤਾ ਵੀ ਸਨ ਅਤੇ ਬਤੌਰ ਨਿਰਮਾਤਾ ਉਨ੍ਹਾਂ ਨੇ ਇਕ ਹੋਰ ਹਿੰਦੀ ਫ਼ਿਲਮ 'ਕਿਸਾਨ ਔਰ ਭਗਵਾਨ' ਵੀ ਬਣਾਈ ਸੀ। ਫ਼ਿਲਮ 'ਭਗਤੀ ਮੇਂ ਸ਼ਕਤੀ' ਦੇ ਉਹ ਲੇਖਕ ਵੀ ਸਨ।

PunjabKesari

ਇਨ੍ਹਾਂ ਤੋਂ ਇਲਾਵਾ ਪੰਜਾਬੀ ਫ਼ਿਲਮ 'ਸਵਾ ਲਾਖ ਸੇ ਏਕ ਲੜਾਊਂ' ਦੇ ਲੇਖਕ ਤੇ ਨਿਰਮਾਤਾ-ਨਿਰਦੇਸ਼ਕ ਵੀ ਉਹੀ ਸਨ। ਉਨ੍ਹਾਂ ਨੇ 10 ਹੋਰ ਪੰਜਾਬੀ ਫ਼ਿਲਮਾਂ ਵੀ ਬਣਾਈਆਂ ਸਨ। ਉਨ੍ਹਾਂ ਦੀ ਆਖਰੀ ਪੰਜਾਬੀ ਫ਼ਿਲਮ 'ਦਿਲ  ਆਪਣਾ ਪੰਜਾਬੀ' ਸੀ। ਉਨ੍ਹਾਂ ਦੀ ਫ਼ਿਲਮ 'ਜੱਗਾ' ਲਈ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਸਰਵੋਤਮ ਅਦਾਕਾਰ ਦਾ ਐਵਾਰਡ ਵੀ ਦਿੱਤਾ ਗਿਆ ਸੀ।

PunjabKesari
ਕਈ ਫ਼ਿਲਮਾਂ 'ਚ 'ਹਨੂੰਮਾਨ' ਦਾ ਰੋਲ ਨਿਭਾਅ ਚੁੱਕੇ ਦਾਰਾ ਸਿੰਘ ਨੇ ਜਦੋਂ ਰਾਮਾਨੰਦ ਸਾਗਰ ਦੇ ਬੇਹੱਦ ਚਰਚਿਤ ਟੀ. ਵੀ. ਸੀਰੀਅਲ 'ਰਮਾਇਣ' 'ਚ ਹਨੂੰਮਾਨ ਦਾ ਰੋਲ ਕੀਤਾ ਤਾਂ ਘਰ-ਘਰ 'ਚ ਸਤਿਕਾਰ ਹੋਣ ਲੱਗਾ। ਆਖ਼ਰੀ ਵਾਰ ਉਹ ਇਮਤਿਆਜ਼ ਅਲੀ ਦੀ 2007 'ਚ ਰਿਲੀਜ਼ ਹੋਈ ਫ਼ਿਲਮ 'ਜਬ ਵੀ ਮੈੱਟ' 'ਚ ਕਰੀਨਾ ਕਪੂਰ ਦੇ ਦਾਦਾ ਜੀ ਦੇ ਰੋਲ 'ਚ ਨਜ਼ਰ ਆਏ ਸਨ। ਸਾਲ 1994 'ਚ ਉਨ੍ਹਾਂ ਨੇ ਆਪਣੇ ਬੇਟੇ ਵਿੰਦੂ ਨੂੰ ਬਤੌਰ ਹੀਰੋ ਲਾਂਚ ਕਰਨ ਲਈ ਇਕ ਫ਼ਿਲਮ 'ਕਰਨ' ਦਾ ਨਿਰਮਾਣ ਕੀਤਾ ਸੀ। ਇਹ ਫ਼ਿਲਮ ਤਾਂ ਨਹੀਂ ਚੱਲੀ ਪਰ ਵਿੰਦੂ ਹਿੰਦੀ ਫ਼ਿਲਮਾਂ 'ਚ ਇਕ ਚਰਚਿਤ ਕਲਾਕਾਰ ਜ਼ਰੂਰ ਬਣ ਗਿਆ।

PunjabKesari
ਦਾਰਾ ਸਿੰਘ 1983 'ਚ ਕੁਸ਼ਤੀ ਤੋਂ ਰਿਟਾਇਰਡ ਹੋ ਚੁੱਕੇ ਸਨ। ਉਹ ਸਮਾਜਿਕ ਕੰਮਾਂ 'ਚ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਅੱਜ ਦਾਰਾ ਸਿੰਘ ਜੀ ਸਾਡੇ ਵਿਚਾਲੇ ਨਹੀਂ ਹਨ, ਫਿਰ ਵੀ ਕੁਸ਼ਤੀ ਦੇ ਅਖਾੜਿਆਂ 'ਚ ਉਨ੍ਹਾਂ ਦਾ ਨਾਂ ਆਦਰਸ਼ ਗੁਰੂ ਦੇ ਰੂਪ 'ਚ ਲਿਆ ਜਾਂਦਾ ਹੈ।

PunjabKesari


sunita

Content Editor

Related News