ਦਲੇਰ ਮਹਿੰਦੀ ਨੇ ਦੇਸ਼ ਦਾ ਪਹਿਲਾ ਮੇਟਾਵਰਸ ਵਰਚੂਅਲ ਕੰਸਰਟ ਕੀਤਾ ਪੇਸ਼, ਹੁਣ ਤਕ 2 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ
Thursday, Jan 27, 2022 - 12:49 PM (IST)
ਮੁੰਬਈ (ਬਿਊਰੋ)– 73ਵੇਂ ਗਣਤੰਤਰ ਦਿਵਸ ’ਤੇ ਲੋਕਾਂ ਸਾਹਮਣੇ ਦਲੇਰ ਮਹਿੰਦੀ ਨੇ ਦੇਸ਼ ਦਾ ਪਹਿਲਾ ਮੇਟਾਵਰਸ ਵਰਚੂਅਲ ਕੰਸਰਟ ਪੇਸ਼ ਕੀਤਾ। ਖ਼ਾਸ ਗੱਲ ਇਹ ਸੀ ਕਿ ਕੰਸਰਟ ਦੇ ਸ਼ੁਰੂਆਤੀ ਘੰਟਿਆਂ ’ਚ ਹੀ ਲਗਭਗ 15 ਲੱਖ ਲੋਕ ਇਕੱਠੇ ਸਰਵਰ ’ਤੇ ਲਾਗਇਨ ਕਰਨ ਲਈ ਉਤਸ਼ਾਹਿਤ ਸਨ। ਸਰਵਰਸ ਇੰਨੇ ਵੱਡੇ ਹੁੰਗਾਰੇ ਲਈ ਤਿਆਰ ਨਹੀਂ ਸਨ, ਅਜਿਹੇ ’ਚ ਸਰਵਰ ਡਾਊਨ ਹੋਣਾ ਲਾਜ਼ਮੀ ਸੀ। ਇਸ ਸਾਰੇ ਹੁੰਗਾਰੇ ਦਾ ਕ੍ਰੈਡਿਟ ਦਲੇਰ ਮਹਿੰਦੀ ਨੂੰ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ਭੈਣ ਸ਼ਹਿਨਾਜ਼ ਗਿੱਲ ਦੇ ਜਨਮਦਿਨ ਮੌਕੇ ਭਰਾ ਸ਼ਹਿਬਾਜ਼ ਨੇ ਸਾਂਝੀ ਕੀਤੀ ਪਿਆਰੀ ਵੀਡੀਓ, ਗਾਇਆ ਗੀਤ
ਉਨ੍ਹਾਂ ਦੇ ਚਾਰਮ ਨੇ ਨਾ ਸਿਰਫ ਲੋਕਾਂ ਨੂੰ ਆਪਣੇ ਵੱਲ ਖਿੱਚਿਆ, ਸਗੋਂ ਨਤੀਜੇ ਵਜੋਂ ਕੰਸਰਟ ’ਚ ਲੋਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਭਾਰਤੀ ਪੌਪ ਆਈਕਨ ਦਲੇਰ ਮਹਿੰਦੀ ਨੇ ਇਸ ਕੰਸਰਟ ’ਚ ਸ਼ਾਨਦਾਰ ਪ੍ਰਦਰਸ਼ਨ ਦਿੱਤਾ। ਉਥੇ ਲੋਕਾਂ ਨੇ ਉਨ੍ਹਾਂ ਦੇ ਪ੍ਰਦਰਸ਼ਨ ਦੀ ਕਾਫੀ ਤਾਰੀਫ਼ ਵੀ ਕੀਤੀ। ਦੱਸ ਦੇਈਏ ਕਿ ਸਰਵਰ ਦੇ ਠੀਕ ਹੋਣ ਤੋਂ ਬਾਅਦ ਦੁਨੀਆ ਭਰ ਤੋਂ ਲਗਭਗ 2 ਕਰੋੜ ਤੋਂ ਵੱਧ ਲੋਕਾਂ ਨੇ ਇਸ ਕੰਸਰਟ ’ਚ ਨਾ ਸਿਰਫ ਹਿੱਸਾ ਲਿਆ, ਸਗੋਂ ਇਕ ਬਿਹਤਰ ਅਨੁਭਵ ਵੀ ਹਾਸਲ ਕੀਤਾ।
ਗੈਮਿਟ੍ਰੋਨਿਕਸ ਦੇ ਸੀ. ਈ. ਓ. ਰਜਤ ਓਝਾ ਨੇ ਨਾ ਸਿਰਫ ਲੋਕਾਂ ਦੇ ਹੁੰਗਾਰੇ ’ਤੇ ਆਪਣੀ ਖ਼ੁਸ਼ੀ ਜ਼ਾਹਿਰ ਕੀਤੀ, ਸਗੋਂ ਉਨ੍ਹਾਂ ਕਿਹਾ, ‘ਮੈਂ ਧੰਨਵਾਦ ਕਰਦਾ ਹਾਂ ਕਿ ਸਾਡੇ ਆਇਡੀਆ ਨੂੰ ਤੁਸੀਂ ਸਾਰਿਆਂ ਨੇ ਪਿਆਰ ਤਾਂ ਦਿੱਤਾ ਹੀ, ਨਾਲ ਹੀ ਸਾਡੀ ਕੰਪਨੀ ਗੈਮਿਟ੍ਰੋਨਿਕਸ ਦੇ ਪ੍ਰੋਡਕਟ ਪਾਰਟੀਨਾਈਟ ਨੂੰ ਇਕ ਨਵਾਂ ਰੂਪ ਦਿੱਤਾ ਹੈ।’
ਉਂਝ ਤਾਂ ਦੇਸ਼ ’ਚ ਕਈ ਸੰਗੀਤ ਨਾਲ ਜੁੜੇ ਕੰਸਰਟ ਹੋਏ ਹਨ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਭਾਰਤ ’ਚ ਦਲੇਰ ਮਹਿੰਦੀ ਨੇ ਪਹਿਲਾ ਮੇਟਾਵਰਸ ਪਲੇਟਫਾਰਮ ਲਾਂਚ ਕੀਤਾ। ਇਸ ਗੇਮ ’ਚ ਲੋਕ ਕਈ ਅਵਤਾਰ ਜਿਵੇਂ ਆਈਲੈਂਡ, ਕੈਂਪਫਾਇਰ, ਐਂਫੀਥਿਏਟਰ, ਲਾਊਂਜ, ਕਰੂਜ਼ ਸ਼ਿਪ, ਛੋਟਾ ਭੀਮ ਤੋਂ ਡ੍ਰੈਗਨਪੁਰ ਆਦਿ ’ਚ ਵੀ ਦਿਖੇ।
ਦੱਸ ਦੇਈਏ ਕਿ ਮੇਟਾਵਰਸ 3ਡੀ ਦੀ ਵਰਚੂਅਲ ਦੁਨੀਆ ਹੈ। ਇਹ ਭਾਰਤ ਦਾ ਪਹਿਲਾ ਮੇਟਾਵਰਸ ਗੇਮ ਹੈ, ਜਿਸ ਦਾ ਨਾਂ ਪਾਰਟੀਨਾਈਟ ਹੈ। ਹਾਲਾਂਕਿ ਇਸ ਦਾ ਫ੍ਰੀ ਅਲਫਾ ਵਰਜ਼ਨ ਪਹਿਲਾਂ ਹੀ ਲਾਂਚ ਹੋ ਚੁੱਕਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।