ਹੁਣ ਮਸ਼ਹੂਰ ਸੰਗੀਤਕਾਰ ਬੱਪੀ ਲਹਿਰੀ ਨੂੰ ਹੋਇਆ ਕੋਰੋਨਾ
Thursday, Apr 01, 2021 - 12:14 PM (IST)
ਮੁੰਬਈ: ਦੇਸ਼ ਭਰ ਦੇ ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਨਾਲ ਜੁੜੀਆਂ ਤਮਾਮ ਹਸਤੀਆਂ ਵੀ ਕੋਰੋਨਾ ਦੀ ਲਪੇਟ ’ਚ ਆ ਰਹੀਆਂ ਹਨ। ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਵਿਚਕਾਰ ਹੁਣ ਮਸ਼ਹੂਰ ਸੰਗੀਤਕਾਰ ਬੱਪੀ ਲਹਿਰੀ ਵੀ ਇਕ ਬੀਮਾਰੀ ਦੀ ਲਪੇਟ ’ਚ ਆ ਗਏ ਹਨ। ਜਾਣਕਾਰੀ ਮਿਲੀ ਹੈ ਕਿ ਕੋਵਿਡ-19 ਦੀ ਲਪੇਟ ’ਚ ਆਉਣ ਤੋਂ ਬਾਅਦ ਬੱਪੀ ਲਹਿਰੀ ਨੂੰ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ 17 ਮਾਰਚ ਨੂੰ ਬੱਪੀ ਲਹਿਰੀ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਨੇ ਕੋਰੋਨਾ ਦੀ ਵੈਕਸੀਨ ਦੇ ਲਈ ਖ਼ੁਦ ਨੂੰ ਪੰਜੀਕ੍ਰਿਤ ਕਰ ਲਿਆ ਹੈ। ਉਨ੍ਹਾਂ ਨੇ ਪੰਜੀਕਰਨ ਦੀ ਪ੍ਰਕਿਰਿਆ ਨੂੰ ਬੇਹੱਦ ਸੌਖਾ ਦੱਸਦੇ ਹੋਏ ਇਹ ਵੀ ਲਿਖਿਆ ਕਿ ਉਮਰ ਦੇ ਲਿਹਾਜ਼ ਨਾਲ ਸਾਰੇ ਲੋਕਾਂ ਨੂੰ ਵੈਕਸੀਨ ਲਈ ਖ਼ੁਦ ਨੂੰ ਪੰਜੀਕ੍ਰਿਤ ਕਰਵਾਉਣਾ ਚਾਹੀਦਾ ਅਤੇ ਜਲਦ ਵੈਕਸੀਨ ਲਗਵਾਉਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਇਸ ਸਮੇਂ ਆਪਣੇ ਪਿਤਾ ਬੱਪੀ ਲਹਿਰੀ ਦੀ ਦੇਖਭਾਲ ਲਈ ਬ੍ਰੀਚ ਕੈਂਡੀ ਹਸਪਤਾਲ ’ਚ ਮੌਜੂਦ ਉਨ੍ਹਾਂ ਦੀ ਧੀ ਰੀਮਾ ਲਹਿਰੀ ਨੇ ਜਾਰੀ ਕੀਤੇ ਗਏ ਬਿਆਨ ’ਚ ਕਿਹਾ ਕਿ ਬੇਹੱਦ ਸਾਵਧਾਨੀ ਵਰਤਣ ਦੇ ਬਾਵਜੂਦ ਬੱਪੀ ਦਾ ਕੋਰੋਨਾ ਦੀ ਲਪੇਟ ’ਚ ਆ ਗਏ ਹਨ ਪਰ ਉਨ੍ਹਾਂ ਨੂੰ ਕੋਰੋਨਾ ਦੇ ਮਾਮੂਲੀ ਲੱਛਣ ਹਨ। ਉਨ੍ਹਾਂ ਦੀ ਉਮਰ ਨੂੰ ਦੇਖਦੇ ਹੋਏ ਸਾਵਧਾਨੀ ਦੇ ਤੌਰ ’ਤੇ ਉਨ੍ਹਾਂ ਨੂੰ ਬ੍ਰੀਚ ਕੈਂਡੀ ਹਸਪਤਾਲ ’ਚ ਡਾਕਟਰ ਉਦਵਾਡੀਆ ਦੀ ਨਿਗਰਾਨੀ ’ਚ ਰੱਖਿਆ ਗਿਆ ਹੈ। ਉਹ ਜਲਦ ਹੀ ਠੀਕ ਹੋ ਕੇ ਘਰ ਵਾਪਸ ਆਉਣਗੇ। ਉਨ੍ਹਾਂ ਨੂੰ ਹਮੇਸ਼ਾ ਆਪਣੀਆਂ ਦੁਆਵਾਂ ’ਚ ਰੱਖਣ ਲਈ ਸ਼ੁੱਕਰੀਆਂ’।
ਜ਼ਿਕਰਯੋਗ ਹੈ ਕਿ 68 ਸਾਲਾਂ ਬੱਪੀ ਸਿਰਫ਼ 19 ਸਾਲ ਦੀ ਉਮਰ ’ਚ ਕੋਲਕਾਤਾ ਤੋਂ ਮੁੰਬਈ ਆ ਗਏ ਸਨ। ਜਲਦ ਹੀ ਉਨ੍ਹਾਂ ਨੂੰ ਸ਼ੋਮੂ ਮੁਖਰਜੀ ਦੀ ਫ਼ਿਲਮ ‘ਨੰਨਾ ਸ਼ਿਕਾਰੀ’ ਦਾ ਮਿਊਜ਼ਿਕ ਕੰਪੋਜ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਲਹਿਰੀ ਨੇ ‘ਚਲਤੇ ਚਲਤੇ’, ‘ਜ਼ਖਮੀ’, ‘ਸ਼ਰਾਬੀ’, ‘ਨਮਕ ਹਲਾਲ’, ‘ਡਾਂਸ ਡਾਂਸ’, ‘ਡਿਸਕੋ ਡਾਂਸਰ’, ‘ਆਂਖੇ’, ‘ਵਰਗੀਆਂ ਤਮਾਮ ਫ਼ਿਲਮਾਂ ’ਚ ਹਿੱਟ ਸੰਗੀਤ ਦਿੱਤਾ ਅਤੇ ਸੰਗੀਤ ਦੀ ਦੁਨੀਆ ’ਚ ਆਪਣੀ ਇਕ ਵੱਖਰੀ ਪਛਾਣ ਬਣਾਈ। ਸੈਂਕੜਾਂ ਹਿੰਦੀ ਅਤੇ ਬੰਗਲਾ ਫ਼ਿਲਮਾਂ ’ਚ ਸੰਗੀਤ ਦੇਣ ਤੋਂ ਇਲਾਵਾ ਉਨ੍ਹਾਂ ਨੇ ਕਈ ਗਾਣੇ ਵੀ ਗਾਏ ਜਿਨ੍ਹਾਂ ’ਚ ਖ਼ੁਦ ਵੱਲੋਂ ਸੰਗੀਤਬੱਧ ਕੀਤੇ ਗਏ ਗਾਣਿਆਂ ਤੋਂ ਇਲਾਵਾ ਹੋਰ ਸੰਗੀਤਕਾਰਾਂ ਲਈ ਤਮਾਮ ਹਿੱਟ ਗਾਣੇ ਸ਼ਾਮਲ ਹਨ।
ਵਰਣਨਯੋਗ ਹੈ ਕਿ 2014 ’ਚ ਰਾਜਨੀਤੀ ’ਚ ਕਦਮ ਰੱਖਣ ਤੋਂ ਬਾਅਦ ਬੱਪੀ ਲਹਿਰੀ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਤੌਰ ’ਤੇ ਪੱਛਮੀ ਬੰਗਾਲ ਦੇ ਸ਼੍ਰੀਰਾਮਪੁਰ ਤੋਂ ਲੋਕਸਭਾ ਦੀ ਚੋਣ ਵੀ ਲੜੀ ਸੀ ਪਰ ਉਹ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਤੋਂ ਚੋਣ ਹਾਰ ਗਏ ਸਨ।
ਨੋਟ- ਸੰਗੀਤਕਾਰ ਬੱਪੀ ਲਹਿਰੀ ਨੂੰ ਕੋਰੋਨਾ ਹੋਣ 'ਤੇ ਆਪਣੀ ਰਾਏ ਕੁਮੈਂਟ ਕਰਕੇ ਦੱਸੋ।