ਸੈਫ ਅਲੀ ਖ਼ਾਨ ਦੀ ‘ਤਾਂਡਵ’ ’ਤੇ ਮਚਿਆ ਹੰਗਾਮਾ, ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਪਹੁੰਚਾਈ ਠੇਸ

Friday, Jan 15, 2021 - 06:04 PM (IST)

ਮੁੰਬਈ (ਬਿਊਰੋ)– ਸੈਫ ਅਲੀ ਖ਼ਾਨ, ਡਿੰਪਲ ਕਪਾੜੀਆ, ਸੁਨੀਲ ਗਰੋਵਰ, ਗੌਹਰ ਖ਼ਾਨ ਤੇ ਜੀਸ਼ਾਨ ਅਯੂਬ ਵਰਗੇ ਸਿਤਾਰਿਆਂ ਨਾਲ ਸਜੀ ‘ਤਾਂਡਵ’ ਵੈੱਬ ਸੀਰੀਜ਼ ਰਿਲੀਜ਼ ਹੁੰਦਿਆਂ ਹੀ ਵਿਵਾਦਾਂ ’ਚ ਘਿਰਦੀ ਨਜ਼ਰ ਆ ਰਹੀ ਹੈ। ਵੈੱਬ ਸੀਰੀਜ਼ ਦੇ ਪਹਿਲੇ ਹੀ ਐਪੀਸੋਡ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਅਸਲ ’ਚ ਵੈੱਬ ਸੀਰੀਜ਼ ਦੇ ਪਹਿਲੇ ਹੀ ਐਪੀਸੋਡ ’ਚ ਜੀਸ਼ਾਨ ਅਯੂਬ ਭਗਵਾਨ ਸ਼ਿਵ ਦੇ ਰੂਪ ’ਚ ਦਿਖਾਈ ਦੇ ਰਹੇ ਹਨ ਤੇ ਇਸ ਰੂਪ ’ਚ ਉਹ ਇਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਜੀਸ਼ਾਨ ਅਯੂਬ ਸਟੇਜ ’ਤੇ ਖੜ੍ਹੇ ਹੋ ਕੇ ਇਹ ਕਹਿੰਦੇ ਹਨ, ‘ਤੁਹਾਨੂੰ ਕਿਸ ਤੋਂ ਆਜ਼ਾਦੀ ਚਾਹੀਦੀ ਹੈ।’ ਜੀਸ਼ਾਨ ਦੇ ਆਉਂਦਿਆਂ ਹੀ ਸਟੇਜ ਸੰਚਾਲਕ ਕਹਿੰਦਾ ਹੈ, ‘ਨਾਰਾਇਣ-ਨਾਰਾਇਣ, ਪ੍ਰਭੂ ਕੁਝ ਕਰੋ। ਰਾਮਜੀ ਦੇ ਫਾਲੋਅਰਜ਼ ਸੋਸ਼ਲ ਮੀਡੀਆ ’ਤੇ ਲਗਾਤਾਰ ਵਧਦੇ ਜਾ ਰਹੇ ਹਨ। ਮੈਨੂੰ ਲੱਗਦਾ ਹੈ ਕਿ ਸਾਨੂੰ ਕੋਈ ਨਵੀਂ ਸਟ੍ਰੈਟਜੀ ਬਣਾਉਣੀ ਚਾਹੀਦੀ ਹੈ।’

ਇਸ ’ਤੇ ਭਗਵਾਨ ਸ਼ਿਵ ਦੇ ਰੂਪ ’ਚ ਨਜ਼ਰ ਆ ਰਹੇ ਜੀਸ਼ਾਨ ਅਯੂਬ ਕਹਿੰਦੇ ਹਨ, ‘ਕੀ ਕਰਾਂ ਤਸਵੀਰ ਬਦਲ ਲਵਾਂ?’ ਇਸ ਤੋਂ ਬਾਅਦ ਸਟੇਜ ਸੰਚਾਲਕ ਕਹਿੰਦਾ ਹੈ, ‘ਭੋਲੇਨਾਥ ਤੁਸੀਂ ਤਾਂ ਬਹੁਤ ਹੀ ਭੋਲੇ ਹੋ।’ ‘ਤਾਂਡਵ’ ਦੇ ਪਹਿਲੇ ਐਪੀਸੋਡ ਦੇ ਇਸ ਦ੍ਰਿਸ਼ ’ਤੇ ਲੋਕ ਸੋਸ਼ਲ ਮੀਡੀਆ ’ਤੇ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ। ਲੋਕਾਂ ਮੁਤਾਬਕ ‘ਤਾਂਡਵ’ ਦਾ ਇਹ ਦ੍ਰਿਸ਼ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ। ਇਹ ਉਨ੍ਹਾਂ ਦੇ ਨਿਯਮ ਤੇ ਉਪਾਸਨਾ ਦਾ ਅਪਮਾਨ ਹੈ। ਜਿਸ ਨੂੰ ਉਹ ਕਿਸੇ ਵੀ ਹਾਲਤ ’ਚ ਕਬੂਲ ਨਹੀਂ ਕਰਨਗੇ।

ਇਕ ਯੂਜ਼ਰ ਨੇ ਇਸ ਦ੍ਰਿਸ਼ ਨੂੰ ਸਾਂਝਾ ਕਰਦਿਆਂ ‘ਤਾਂਡਵ’ ਦੇ ਡਾਇਰੈਕਟਰ ਅਲੀ ਅੱਬਾਸ ਜ਼ਫਰ ’ਤੇ ਨਿਸ਼ਾਨਾ ਵਿੰਨ੍ਹਿਆ ਹੈ ਤੇ ਇਸ ਦ੍ਰਿਸ਼ ਨੂੰ ਟੁਕੜੇ-ਟੁਕੜੇ ਗੈਂਗ ਦੀ ਵਢਿਆਈ ਕਰਨ ਵਾਲਾ ਦੱਸਿਆ ਹੈ। ਇਸ ਦੇ ਨਾਲ ਹੀ ਜੀਸ਼ਾਨ ਅਯੂਬ ਦੇ ਭਗਵਾਨ ਸ਼ਿਵ ਦੇ ਰੂਪ ’ਚ ਨਜ਼ਰ ਆਉਣ ’ਤੇ ਵੀ ਯੂਜ਼ਰ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ।

ਯੂਜ਼ਰਸ ਮੁਤਾਬਕ ਜੀਸ਼ਾਨ ਅਯੂਬ ਇਸ ਦ੍ਰਿਸ਼ ’ਚ ਭਗਵਾਨ ਰਾਮ ਤੇ ਸ਼ਿਵ ਦਾ ਅਪਮਾਨ ਕਰ ਰਹੇ ਹਨ। ਅਜਿਹੇ ’ਚ ਹੁਣ ਸੋਸ਼ਲ ਮੀਡੀਆ ’ਤੇ ‘ਤਾਂਡਵ’ ਨੂੰ ਬਾਈਕਾਟ ਕਰਨ ਦੀ ਮੰਗ ਉੱਠ ਰਹੀ ਹੈ। ਕਈ ਯੂਜ਼ਰਸ ਕੁਮੈਂਟਸ ਰਾਹੀਂ ਇਸ ਦ੍ਰਿਸ਼ ’ਤੇ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ ਤੇ ‘ਤਾਂਡਵ’ ਵੈੱਬ ਸੀਰੀਜ਼ ਦਾ ਬਾਈਕਾਟ ਕਰਨ ਦੀ ਗੱਲ ਆਖ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News