ਸਲਮਾਨ ਖ਼ਾਨ ਤੇ ਉਸ ਦੀ ਭੈਣ ਖ਼ਿਲਾਫ਼ ਚੰਡੀਗੜ੍ਹ ’ਚ ਮਾਮਲਾ ਦਰਜ, ਧੋਖਾਧੜੀ ਦਾ ਲੱਗਾ ਦੋਸ਼

Thursday, Jul 08, 2021 - 03:00 PM (IST)

ਸਲਮਾਨ ਖ਼ਾਨ ਤੇ ਉਸ ਦੀ ਭੈਣ ਖ਼ਿਲਾਫ਼ ਚੰਡੀਗੜ੍ਹ ’ਚ ਮਾਮਲਾ ਦਰਜ, ਧੋਖਾਧੜੀ ਦਾ ਲੱਗਾ ਦੋਸ਼

ਚੰਡੀਗੜ੍ਹ (ਬਿਊਰੋ)– ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ, ਉਸ ਦੀ ਭੈਣ ਤੇ ਉਸ ਦੀ ਕੰਪਨੀ ‘ਬੀਂਗ ਹਿਊਮਨ’ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਚੰਡੀਗੜ੍ਹ ਦੇ ਇਕ ਵਪਾਰੀ ਨੇ ਇਨ੍ਹਾਂ ਖ਼ਿਲਾਫ਼ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਵਪਾਰੀ ਦਾ ਦੋਸ਼ ਹੈ ਕਿ ਸ਼ੋਅਰੂਮ ਖੋਲ੍ਹਣ ਤੋਂ ਬਾਅਦ ਕੰਪਨੀ ਦਿੱਲੀ ਤੋਂ ਸਾਮਾਨ ਨਹੀਂ ਭੇਜ ਰਹੀ ਤੇ ਕੰਪਨੀ ਦੀ ਵੈੱਬਸਾਈਟ ਵੀ ਬੰਦ ਹੈ।

ਹੁਣ ਵਪਾਰੀ ਨੇ ਸਲਮਾਨ ਖ਼ਾਨ, ਉਸ ਦੀ ਭੈਣ ਅਲਵੀਰਾ ਖ਼ਾਨ ਤੇ ਬੀਂਗ ਹਿਊਮਨ ਦੇ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ ਕੀਤੀ ਹੈ। ਪੁਲਸ ਅਧਿਕਾਰੀਆਂ ਨੇ ਸਲਮਾਨ ਖ਼ਾਨ, ਅਲਵੀਰਾ ਖ਼ਾਨ ਤੇ ਬੀਂਗ ਹਿਊਮਨ ਦੇ ਸੀ. ਈ. ਓ. ਪ੍ਰਸਾਦ ਕਪਾਰੇ, ਸੰਤੋਸ਼ ਸ਼੍ਰੀਵਾਸਤਵ, ਸੰਧਿਆ, ਅਨੂਪ, ਸੰਜੇ ਰੰਗਾ, ਮਾਨਵ ਤੇ ਆਲੋਕ ਨੂੰ ਸੰਮਨ ਭੇਜੇ ਹਨ।

ਇਹ ਖ਼ਬਰ ਵੀ ਪੜ੍ਹੋ : ਕੀ ਸਿੱਧੂ ਮੂਸੇ ਵਾਲਾ ਦੇ ਨਜ਼ਦੀਕ ਹੋਣ ਦੇ ਚਲਦਿਆਂ ‘ਟੇਲਰ ਗੈਂਗ’ ਦੀ ਹੋਈ ਕੁੱਟਮਾਰ, ਵੀਡੀਓ ਹੋਈ ਵਾਇਰਲ

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਵਪਾਰੀ ਅਰੁਣ ਗੁਪਤਾ ਨੇ ਦੱਸਿਆ ਕਿ ਸਲਮਾਨ ਖ਼ਾਨ ਦੇ ਕਹਿਣ ’ਤੇ ਉਸ ਨੂੰ ਮਨੀਮਾਜਰਾ ਦੇ ਐੱਨ. ਏ. ਸੀ. ਏਰੀਆ ’ਚ ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ‘ਬੀਂਗ ਹਿਊਮਨ ਜਿਊਲਰੀ’ ਦਾ ਸ਼ੋਅਰੂਮ ਖੋਲ੍ਹਿਆ ਸੀ। ਸ਼ੋਅਰੂਮ ਖੁੱਲ੍ਹਵਾਉਣ ਲਈ ਕੰਪਨੀ ਨਾਲ ਐਗਰੀਮੈਂਟ ਵੀ ਕੀਤਾ। ਇਨ੍ਹਾਂ ਸਾਰਿਆਂ ਨੇ ਸ਼ੋਅਰੂਮ ਤਾਂ ਖੁੱਲ੍ਹਵਾ ਲਿਆ ਪਰ ਕਿਸੇ ਤਰ੍ਹਾਂ ਦੀ ਵੀ ਸਹਾਇਤਾ ਨਹੀਂ ਕੀਤੀ। ਬੀਂਗ ਹਿਊਮਨ ਦੀ ਜਿਊਲਰੀ ਜਿਸ ਸਟੋਰ ਤੋਂ ਉਨ੍ਹਾਂ ਨੂੰ ਦੇਣ ਲਈ ਕਿਹਾ ਗਿਆ ਸੀ, ਉਹ ਬੰਦ ਪਿਆ ਹੈ ਤੇ ਇਸ ਕਾਰਨ ਉਨ੍ਹਾਂ ਨੂੰ ਸਾਮਾਨ ਵੀ ਨਹੀਂ ਮਿਲ ਰਿਹਾ ਹੈ।

ਜਿਨ੍ਹਾਂ ਨੂੰ ਸੰਮਨ ਭੇਜੇ ਗਏ ਹਨ, ਉਨ੍ਹਾਂ ਨੂੰ 10 ਦਿਨਾਂ ’ਚ ਇਸ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ। ਉਥੇ ਵਪਾਰੀ ਅਰੁਣ ਨੇ ਦੱਸਿਆ ਕਿ ਸਲਮਾਨ ਨੇ ਉਸ ਨੂੰ ਬਿੱਗ ਬੌਸ ਦੇ ਸੈੱਟ ’ਤੇ ਸੱਦਿਆ ਤੇ ਕੰਪਨੀ ਖੋਲ੍ਹੇ ਜਾਣ ’ਤੇ ਉਸ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ। ਸਲਮਾਨ ਨੇ ਚੰਡੀਗੜ੍ਹ ’ਚ ਸ਼ੋਅਰੂਮ ਖੁੱਲ੍ਹਣ ਦੀ ਗੱਲ ਵੀ ਆਖੀ ਸੀ। ਸ਼ਿਕਾਇਤਕਰਤਾ ਨੇ ਇਕ ਵੀਡੀਓ ਪੁਲਸ ਨੂੰ ਭੇਜੀ ਹੈ। ਉਸ ਦਾ ਦੋਸ਼ ਹੈ ਕਿ ਸਲਮਾਨ ਖ਼ਾਨ ਨੇ ਕਿਹਾ ਸੀ ਕਿ ਉਹ ਸ਼ੋਅਰੂਮ ਦੇ ਉਦਘਾਟਨ ’ਤੇ ਆਉਣਗੇ ਪਰ ਬਾਅਦ ’ਚ ਰੁਝੇਵਿਆਂ ਦੇ ਚਲਦਿਆਂ ਉਹ ਨਹੀਂ ਆਏ।

ਇਹ ਖ਼ਬਰ ਵੀ ਪੜ੍ਹੋ : ਲੱਤਾਂ ਨੂੰ ਲੈ ਕੇ ਲੋਕਾਂ ਨੇ ਕੀਤੀ ਦਿਲਜੀਤ ਦੋਸਾਂਝ ਨੂੰ ਟਰੋਲ ਕਰਨ ਦੀ ਕੋਸ਼ਿਸ਼, ਦੇਖੋ ਕੀ ਮਿਲਿਆ ਜਵਾਬ

ਦੱਸ ਦੇਈਏ ਕਿ ਸਲਮਾਨ ਇਕ ਚੈਰਿਟੀ ਫਾਊਂਡੇਸ਼ਨ ਚਲਾਉਂਦੇ ਹਨ, ਜਿਸ ਦਾ ਨਾਂ ਬੀਂਗ ਹਿਊਮਨ ਹੈ। ਇਹ ਫਾਊਂਡੇਸ਼ਨ ਲੋਕਾਂ ਤੋਂ ਡੋਨੇਸ਼ਨ ਲੈਣ ਦੀ ਬਜਾਏ ਬੀਂਗ ਹਿਊਮਨ ਦੇ ਕੱਪੜੇ ਆਨਲਾਈਨ ਤੇ ਸਟੋਰ ’ਤੇ ਵੇਚ ਕੇ ਪੈਸੇ ਇਕੱਠੇ ਕਰਦੀ ਹੈ। ਸਲਮਾਨ ਖ਼ਾਨ ਵੀ ਜ਼ਿਆਦਾਤਰ ਬੀਂਗ ਹਿਊਮਨ ਦੇ ਹੀ ਕੱਪੜਿਆਂ ’ਚ ਦਿਖਾਈ ਦਿੰਦੇ ਹਨ। ਇਥੋਂ ਤਕ ਕਿ ਉਹ ਆਪਣੇ ਦੋਸਤਾਂ ਤੇ ਕਰੀਬੀਆਂ ਨੂੰ ਵੀ ਬੀਂਗ ਹਿਊਮਨ ਦੇ ਕੱਪੜੇ ਹੀ ਗਿਫਟ ਕਰਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News