ਕਿਸਾਨ ਅੰਦੋਲਨ ਦੇ ਚਲਦਿਆਂ ਬੰਟੀ ਬੈਂਸ ਨੇ ਆਪਣਾ ਗੀਤ ਰਿਲੀਜ਼ ਹੋਣ ਤੋਂ ਰੋਕਿਆ
Thursday, Jan 07, 2021 - 05:24 PM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਕਲਾਕਾਰ ਕਿਸਾਨ ਅੰਦੋਲਨ ’ਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰ ਰਹੇ ਹਨ ਤੇ ਕਿਸਾਨਾਂ ਦੇ ਹੱਕਾਂ ਲਈ ਡਟੇ ਹੋਏ ਹਨ। ਹਾਲ ਹੀ ’ਚ ਕਈ ਪੰਜਾਬੀ ਗੀਤ ਕਿਸਾਨ ਅੰਦੋਲਨ ਦੇ ਚਲਦਿਆਂ ਰਿਲੀਜ਼ ਹੋਣ ਤੋਂ ਰੋਕ ਦਿੱਤੇ ਗਏ ਤੇ ਹੁਣ ਇਸੇ ਤਰ੍ਹਾਂ ਦਾ ਉਪਰਾਲਾ ਬੰਟੀ ਬੈਂਸ ਵਲੋਂ ਕੀਤਾ ਗਿਆ ਹੈ।
ਅਸਲ ’ਚ ਕੁਝ ਵਿੱਤੀ ਇਕਰਾਰਨਾਮੇ ਕਰਕੇ ਬੰਟੀ ਬੈਂਸ ਨੂੰ ਨਾ ਚਾਹੁੰਦਿਆਂ ਵੀ ਗੀਤ ਰਿਲੀਜ਼ ਕਰਨਾ ਪੈ ਰਿਹਾ ਸੀ ਪਰ ਕਿਸਾਨ ਅੰਦੋਲਨ ਨੂੰ ਦੇਖਦਿਆਂ ਅਖੀਰ ’ਚ ਇਹ ਫ਼ੈਸਲਾ ਕੀਤਾ ਗਿਆ ਕਿ ਉਕਤ ਗੀਤ ਨੂੰ ਰੋਕ ਦਿੱਤਾ ਜਾਵੇ।
ਬੰਟੀ ਬੈਂਸ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਲਗਭਗ ਪਿਛਲੇ 3-4 ਮਹੀਨਿਆਂ ਤੋਂ ਸਾਡੇ ਲੋਕਾਂ ਦਾ ਸੰਘਰਸ਼ ਚੱਲ ਰਿਹਾ ਹੈ। ਅਸੀਂ ਸਾਰੇ ਕਲਾਕਾਰ ਵੀਰ ਜਿੰਨੀ ਮਹਾਰਾਜ ਨੇ ਹਿੰਮਤ ਬਖਸ਼ੀ ਹੈ, ਤਨੋਂ, ਮਨੋਂ ਤੇ ਧਨੋਂ ਇਸ ਸੰਘਰਸ਼ ਦੀ ਹਮਾਇਤ ਕਰਦੇ ਆ ਰਹੇ ਹਾਂ। ਕੁਝ ਵਿੱਤੀ ਇਕਰਾਰਨਾਮੇ ਦੇ ਕਰਕੇ ਨਾ ਚਾਹੁੰਦਿਆਂ ਸਾਨੂੰ ਆਪਣਾ ਗੀਤ ਮੁਹਾਲੀ ਸ਼ਹਿਰ ਰਿਲੀਜ਼ ਕਰਨਾ ਪੈ ਰਿਹਾ ਸੀ ਪਰ ਸਾਡੇ ਬਜ਼ੁਰਗ ਬੇਬੇ-ਬਾਪੂ, ਨੌਜਵਾਨ ਭੈਣ-ਭਰਾ ਸੜਕਾਂ ’ਤੇ ਬੈਠੇ ਹਰ ਔਖ ਝੱਲ ਰਹੇ ਨੇ, ਜੋ ਸਾਡੇ ਤੋਂ ਵੇਖ ਨਹੀਂ ਹੁੰਦੇ। ਇਸ ਸਭ ਕਾਸੇ ਨੂੰ ਸਤਿਕਾਰ ਨਾਲ ਵੇਖਦਿਆਂ ਅਸੀਂ ਅਖੀਰ ਇਹ ਫ਼ੈਸਲਾ ਕੀਤਾ ਹੈ ਕਿ ਲੋਕਾਂ ਤੋਂ ਵੱਡਾ ਕੁਝ ਵੀ ਨਹੀਂ ਹੁੰਦਾ ਹੈ, ਸੋ ਆਪਣੇ ਗੀਤ ‘ਮੁਹਾਲੀ ਸ਼ਹਿਰ’ ਨੂੰ ਰਿਲੀਜ਼ ਕਰਨ ਤੋਂ ਰੋਕ ਲਿਆ ਹੈ। #ਕਿਸਾਨ।’
ਦੱਸਣਯੋਗ ਹੈ ਕਿ ਬੰਟੀ ਬੈਂਸ ਦੇ ਇਸ ਕੰਮ ਦੀ ਲੋਕਾਂ ਵਲੋਂ ਕੁਮੈਂਟਾਂ ਰਾਹੀਂ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਅੰਮ੍ਰਿਤ ਮਾਨ ਨੇ ਵੀ ਆਪਣੀ ਐਲਬਮ ‘ਆਲ ਬੰਬ’ ਦੇ ਪਹਿਲੇ ਗੀਤ ਨੂੰ ਰਿਲੀਜ਼ ਹੋਣ ਤੋਂ ਰੋਕਿਆ ਸੀ, ਜਿਸ ’ਚ ਉਨ੍ਹਾਂ ਨਾਲ ਨੀਰੂ ਬਾਜਵਾ ਨਜ਼ਰ ਆਉਣ ਵਾਲੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।