''ਬੰਟੀ ਔਰ ਬਬਲੀ 2'' ਦਾ ਟਰੇਲਰ ਰਿਲੀਜ਼, ਸੈਫ ਅਲੀ ਖ਼ਾਨ ਨਾਲ ਬਣੀ ਰਾਣੀ ਮੁਖਰਜੀ ਦੀ ਜੋੜੀ (ਵੀਡੀਓ)

Tuesday, Oct 26, 2021 - 10:10 AM (IST)

''ਬੰਟੀ ਔਰ ਬਬਲੀ 2'' ਦਾ ਟਰੇਲਰ ਰਿਲੀਜ਼, ਸੈਫ ਅਲੀ ਖ਼ਾਨ ਨਾਲ ਬਣੀ ਰਾਣੀ ਮੁਖਰਜੀ ਦੀ ਜੋੜੀ (ਵੀਡੀਓ)

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਅਤੇ ਰਾਣੀ ਮੁਖਰਜੀ ਸਟਾਰਰ ਫ਼ਿਲਮ 'ਬੰਟੀ ਔਰ ਬਬਲੀ 2' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਫ਼ਿਲਮ ਦੇ ਇਸ ਤਿੰਨ ਮਿੰਟ ਦੇ ਟਰੇਲਰ ਨੂੰ ਦੇਖ ਕੇ ਤੁਸੀਂ ਫ਼ਿਲਮ ਦੀ ਪੂਰੀ ਕਹਾਣੀ ਦਾ ਅੰਦਾਜ਼ਾ ਲਗਾ ਸਕਦੇ ਹੋ। 'ਬੰਟੀ ਔਰ ਬਬਲੀ' ਸਾਲ 2005 ਦੀ ਅਮਿਤਾਭ ਬੱਚਨ, ਰਾਣੀ ਮੁਖਰਜੀ ਅਤੇ ਅਭਿਸ਼ੇਕ ਬੱਚਨ ਦੀ ਫ਼ਿਲਮ ਦਾ ਸੀਕੁਅਲ ਹੈ। ਇਸ ਵਾਰ 'ਬੰਟੀ ਔਰ ਬਬਲੀ 2' 'ਚ ਸੈਫ ਅਲੀ ਖ਼ਾਨ ਨੇ ਅਭਿਸ਼ੇਕ ਬੱਚਨ ਦੀ ਜਗ੍ਹਾ ਲਈ ਹੈ। ਫ਼ਿਲਮ ਦੇ ਟਰੇਲਰ 'ਚ ਸੈਫ ਅਲੀ ਖ਼ਾਨ ਦਾ ਜ਼ਬਰਦਸਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

'ਬੰਟੀ ਔਰ ਬਬਲੀ 2' ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਬਣੀ ਹੈ। ਇਸ ਵਾਰ ਫ਼ਿਲਮ 'ਚ ਦੋ ਜੋੜੀਆਂ ਨਜ਼ਰ ਆਉਣ ਵਾਲੀਆਂ ਹਨ। ਇੱਕ ਸੈਫ ਅਲੀ ਖ਼ਾਨ ਅਤੇ ਰਾਣੀ ਮੁਖਰਜੀ ਅਤੇ ਦੂਸਰੀ ਜੋੜੀ ਸਿਧਾਂਤ ਚਤੁਰਵੇਦੀ ਅਤੇ ਸ਼ਰਵਰੀ ਦੀ ਜੋੜੀ। 'ਬੰਟੀ ਤੇ ਬਬਲੀ' ਦੇ ਨਾਂ 'ਤੇ ਸਿਧਾਂਤ ਚਤੁਰਵੇਦੀ ਅਤੇ ਸ਼ਰਵਰੀ ਲੋਕਾਂ ਨੂੰ ਲੁੱਟਦੇ ਹਨ, ਜਿਸ ਤੋਂ ਬਾਅਦ ਉੱਥੋਂ ਦੀ ਪੁਲਸ ਨੂੰ ਲੱਗਦਾ ਹੈ ਕਿ ਪੁਰਾਣੇ ਬੰਟੀ ਅਤੇ ਬਬਲੀ ਫਿਰ ਤੋਂ ਵਾਪਸ ਆ ਗਏ ਹਨ। ਇਸ ਮਾਮਲੇ 'ਚ ਉਨ੍ਹਾਂ ਨੇ ਸੈਫ ਅਲੀ ਖ਼ਾਨ ਅਤੇ ਰਾਣੀ ਮੁਖਰਜੀ ਨੂੰ ਗ੍ਰਿਫ਼ਤਾਰ ਕੀਤਾ। 

ਇਥੇ ਵੇਖੋ ਫ਼ਿਲਮ ਦਾ ਟਰੇਲਰ-

ਅਜਿਹੇ 'ਚ ਸੈਫ ਅਲੀ ਖ਼ਾਨ ਅਤੇ ਰਾਣੀ ਮੁਖਰਜੀ ਇਹ ਪਤਾ ਲਗਾਉਣ ਲਈ ਇੱਕ ਗੇਮ ਪਲਾਨ ਬਣਾਉਂਦੇ ਹਨ ਕਿ ਅਸਲ ਬੰਟੀ ਅਤੇ ਬਬਲੀ ਦੇ ਨਾਮ ਕੌਣ ਵਰਤ ਰਿਹਾ ਹੈ। ਹੁਣ ਇਸ ਫ਼ਿਲਮ 'ਚ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਅਸਲੀ ਅਤੇ ਨਕਲੀ ਦੀ ਲੜਾਈ 'ਚ ਕੌਣ ਹਾਰਦਾ ਹੈ। 'ਬੰਟੀ ਔਰ ਬਬਲੀ 2' ਦਾ ਨਿਰਦੇਸ਼ਨ ਵਰੁਣ ਵੀ ਸ਼ਰਮਾ ਨੇ ਕੀਤਾ ਹੈ। ਇਹ ਫ਼ਿਲਮ ਪਹਿਲਾਂ ਹੀ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਫ਼ਿਲਮ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਸੀ। 'ਬੰਟੀ ਔਰ ਬਬਲੀ 2' , 19 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫ਼ਿਲਮ 'ਚ ਪੰਕਜ ਤ੍ਰਿਪਾਠੀ ਪੁਲਸ ਵਾਲੇ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਬੰਟੀ ਅਤੇ ਬਬਲੀ ਨੂੰ ਫੜਨ ਲਈ ਉਹ ਕਈ ਤਰ੍ਹਾਂ ਦੀਆਂ ਚਾਲਾਂ ਅਪਣਾਉਂਦੇ ਹਨ। 


author

sunita

Content Editor

Related News