ਸੰਗੀਤ ’ਚ ਕੋਈ ਫਿਰਕਾਪ੍ਰਸਤੀ ਨਹੀਂ : AR ਰਹਿਮਾਨ ਦੇ 'ਕਮਿਊਨਲ' ਬਿਆਨ 'ਤੇ ਬਾਲੀਵੁੱਡ ਗਾਇਕਾਂ ਦਾ ਠੋਕਵਾਂ ਜਵਾਬ
Saturday, Jan 17, 2026 - 01:22 PM (IST)
ਮੁੰਬਈ - ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਏ. ਆਰ. ਰਹਿਮਾਨ ਆਪਣੇ 'ਕਮਿਊਨਲ' (ਫਿਰਕੂ) ਵਾਲੇ ਬਿਆਨ ਨੂੰ ਲੈ ਕੇ ਚਰਚਾ ਵਿਚ ਹਨ, ਜਿਸ 'ਤੇ ਹੁਣ ਸੰਗੀਤ ਜਗਤ ਦੀਆਂ ਦਿੱਗਜ ਹਸਤੀਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਗਾਇਕ ਸ਼ਾਨ, ਅਨੂਪ ਜਲੋਟਾ ਅਤੇ ਸ਼ੰਕਰ ਮਹਾਦੇਵਨ ਨੇ ਸੰਗੀਤ ਵਿਚ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਤੋਂ ਇਨਕਾਰ ਕਰਦਿਆਂ ਰਹਿਮਾਨ ਦੇ ਦਾਅਵਿਆਂ ਨੂੰ ਚੁਣੌਤੀ ਦਿੱਤੀ ਹੈ।
'ਸੰਗੀਤ 'ਚ ਕੋਈ ਘੱਟ ਗਿਣਤੀ ਪਹਿਲੂ ਨਹੀਂ' - ਸ਼ਾਨ
ਗਾਇਕ ਸ਼ਾਨ ਨੇ ਇਸ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਲੋਕਾਂ ਦੀਆਂ ਆਪਣੀਆਂ ਰਾਵਾਂ ਹੋ ਸਕਦੀਆਂ ਹਨ, ਪਰ ਸਾਨੂੰ ਇਸ ਨੂੰ ਲੋੜ ਤੋਂ ਵੱਧ ਮਹੱਤਵ ਨਹੀਂ ਦੇਣਾ ਚਾਹੀਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਸੰਗੀਤ ਵਿਚ ਫਿਰਕਾਪ੍ਰਸਤੀ ਹੁੰਦੀ ਤਾਂ ਪਿਛਲੇ 30 ਸਾਲਾਂ ਤੋਂ ਰਾਜ ਕਰ ਰਹੇ ਤਿੰਨ ਸੁਪਰਸਟਾਰ (ਖਾਨਸ), ਜੋ ਘੱਟ ਗਿਣਤੀ ਭਾਈਚਾਰੇ ਨਾਲ ਸਬੰਧ ਰੱਖਦੇ ਹਨ, ਇੰਨੀ ਤਰੱਕੀ ਨਾ ਕਰ ਪਾਉਂਦੇ। ਸ਼ਾਨ ਨੇ ਆਪਣੀ ਮਿਸਾਲ ਦਿੰਦਿਆਂ ਕਿਹਾ ਕਿ ਕਈ ਵਾਰ ਉਨ੍ਹਾਂ ਨੂੰ ਵੀ ਕੰਮ ਨਹੀਂ ਮਿਲਦਾ, ਪਰ ਉਹ ਇਸ ਨੂੰ ਨਿੱਜੀ ਤੌਰ 'ਤੇ ਨਹੀਂ ਲੈਂਦੇ, ਕਿਉਂਕਿ ਕੰਮ ਮਿਲਣਾ ਸਾਡੇ ਹੱਥ ਵਿਚ ਨਹੀਂ ਹੁੰਦਾ।
ਰਹਿਮਾਨ ਨੇ 25 ਸਾਲਾਂ ਦਾ ਕੰਮ 5 ਸਾਲਾਂ 'ਚ ਕੀਤਾ - ਅਨੂਪ ਜਲੋਟਾ
ਭਜਨ ਸਮਰਾਟ ਅਨੂਪ ਜਲੋਟਾ ਨੇ ਰਹਿਮਾਨ ਦੇ ਬਿਆਨ ਨੂੰ ਬਿਲਕੁਲ ਗਲਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਰਹਿਮਾਨ ਨੇ ਇੰਨੀ ਮਿਹਨਤ ਕੀਤੀ ਹੈ ਕਿ ਉਨ੍ਹਾਂ ਨੇ 25 ਸਾਲਾਂ ਦਾ ਕੰਮ ਮਹਿਜ਼ 5 ਸਾਲਾਂ ਵਿਚ ਕਰ ਵਿਖਾਇਆ ਹੈ। ਜਲੋਟਾ ਅਨੁਸਾਰ, ਪ੍ਰਸ਼ੰਸਕਾਂ ਦੇ ਦਿਲਾਂ ਵਿਚ ਰਹਿਮਾਨ ਲਈ ਬਹੁਤ ਇੱਜ਼ਤ ਹੈ ਅਤੇ ਇਹ ਹਮੇਸ਼ਾ ਬਰਕਰਾਰ ਰਹੇਗੀ।
ਫੈਸਲੇ ਲੈਣ ਵਾਲੇ ਲੋਕ ਸੰਗੀਤ ਨਾਲ ਨਹੀਂ ਜੁੜੇ ਹੁੰਦੇ - ਸ਼ੰਕਰ ਮਹਾਦੇਵਨ
ਦੂਜੇ ਪਾਸੇ, ਸ਼ੰਕਰ ਮਹਾਦੇਵਨ ਨੇ ਉਦਯੋਗ ਦੇ ਕੰਮ ਕਰਨ ਦੇ ਤਰੀਕੇ 'ਤੇ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਗੀਤ ਬਣਾਉਣ ਵਾਲਾ ਅਤੇ ਉਸ ਨੂੰ ਰਿਲੀਜ਼ ਜਾਂ ਪ੍ਰਮੋਟ ਕਰਨ ਦਾ ਫੈਸਲਾ ਲੈਣ ਵਾਲਾ ਵਿਅਕਤੀ ਅਕਸਰ ਵੱਖ-ਵੱਖ ਹੁੰਦੇ ਹਨ। ਕਈ ਵਾਰ ਫੈਸਲੇ ਲੈਣ ਵਾਲੇ ਲੋਕ ਸੰਗੀਤ ਨਾਲ ਜੁੜੇ ਨਹੀਂ ਹੁੰਦੇ, ਜਿਸ ਕਾਰਨ ਜੋ ਸੰਗੀਤਕਾਰ ਚਾਹੁੰਦੇ ਹਨ, ਉਹ ਸਾਹਮਣੇ ਨਹੀਂ ਆ ਪਾਉਂਦਾ।
ਜ਼ਿਕਰਯੋਗ ਹੈ ਕਿ ਰਹਿਮਾਨ ਨੇ ਬਾਲੀਵੁੱਡ ਵਿਚ ਕੰਮ ਨਾ ਮਿਲਣ ਪਿੱਛੇ ਫਿਰਕੂ ਕਾਰਨਾਂ ਦਾ ਹਵਾਲਾ ਦਿੱਤਾ ਸੀ, ਜਿਸ ਤੋਂ ਬਾਅਦ ਹੁਣ ਸੰਗੀਤ ਜਗਤ ਵਿੱਚ ਇਹ ਨਵੀਂ ਬਹਿਸ ਛਿੜ ਗਈ ਹੈ।
