ਕਿਹੜੀਆਂ ਬਿਮਾਰੀਆਂ ਨੇ ਲਈ 'ਹੀ-ਮੈਨ' ਧਰਮਿੰਦਰ ਦੀ ਜਾਨ? ਜਾਣੋ ਲੱਛਣ
Monday, Nov 24, 2025 - 05:23 PM (IST)
ਮੁੰਬਈ- ਬਾਲੀਵੁੱਡ ਦੇ ਦਿੱਗਜ ਅਭਿਨੇਤਾ ਧਰਮਿੰਦਰ ਦਾ ਅੱਜ 24 ਨਵੰਬਰ 2025 ਨੂੰ, 89 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਜਾਣ ਦੀ ਖ਼ਬਰ ਨੇ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਅਦਾਕਾਰ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ।
ਸਾਹ ਦੀ ਬੀਮਾਰੀ ਕਾਰਨ ICU ਵਿੱਚ ਹੋਏ ਸਨ ਦਾਖਲ
ਜਾਣਕਾਰੀ ਅਨੁਸਾਰ ਦਿੱਗਜ ਅਦਾਕਾਰ ਕਾਫ਼ੀ ਸਮੇਂ ਤੋਂ ਬੀਮਾਰ ਸਨ ਅਤੇ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਧਰਮਿੰਦਰ ਸਾਹ ਦੀ ਬੀਮਾਰੀ ਤੋਂ ਪੀੜਤ ਸਨ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦੇ ICU (ਇੰਟੈਂਸਿਵ ਕੇਅਰ ਯੂਨਿਟ) ਵਿੱਚ ਰੱਖਿਆ ਗਿਆ ਸੀ। ਡਾਕਟਰਾਂ ਨੇ ਦੱਸਿਆ ਕਿ 89 ਸਾਲ ਦੀ ਉਮਰ ਵਿੱਚ ਦਿਲ ਅਤੇ ਫੇਫੜਿਆਂ ਦੀ ਕਾਰਜਕੁਸ਼ਲਤਾ ਕੁਦਰਤੀ ਤੌਰ 'ਤੇ ਘੱਟ ਜਾਂਦੀ ਹੈ, ਜਿਸ ਕਾਰਨ ਥੋੜ੍ਹੀ ਜਿਹੀ ਥਕਾਵਟ ਜਾਂ ਆਕਸੀਜਨ ਦੀ ਕਮੀ ਹੋਣ 'ਤੇ ਵੀ ਸਾਹ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ। ਬਜ਼ੁਰਗਾਂ ਵਿੱਚ ਅਚਾਨਕ ਅਤੇ ਵਾਰ-ਵਾਰ ਸਾਹ ਫੁੱਲਣਾ ਦਿਲ, ਫੇਫੜਿਆਂ ਜਾਂ ਬਲੱਡ ਸਰਕੂਲੇਸ਼ਨ ਨਾਲ ਜੁੜੀ ਕਿਸੇ ਗੰਭੀਰ ਅਤੇ ਜਾਨਲੇਵਾ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ, ਇਸ ਲਈ ਇਸ ਪੜਾਅ 'ਤੇ ਇਹ ਸਮੱਸਿਆ ਗੰਭੀਰ ਮੰਨੀ ਜਾਂਦੀ ਹੈ।
ਮੋਦੀ ਨੇ ਪ੍ਰਗਟਾਇਆ ਦੁੱਖ, ਆਖਰੀ ਪੋਸਟ ਵਾਇਰਲ
ਧਰਮਿੰਦਰ ਦੇ ਦਿਹਾਂਤ ਦੀ ਖ਼ਬਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਇੱਕ ਭਾਵੁਕ ਪੋਸਟ ਸਾਂਝਾ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਸਿਹਤ ਚੁਣੌਤੀਆਂ ਦੇ ਬਾਵਜੂਦ, ਧਰਮਿੰਦਰ ਆਪਣੇ ਪੇਸ਼ੇਵਰ ਜੀਵਨ ਵਿੱਚ ਸਰਗਰਮ ਰਹਿਣ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਹਾਲ ਹੀ ਵਿੱਚ 2024 ਵਿੱਚ ਆਈ ਫਿਲਮ 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' ਵਿੱਚ ਨਜ਼ਰ ਆਏ ਸਨ। ਉਹ ਸ੍ਰੀਰਾਮ ਰਾਘਵਨ ਦੀ ਆਉਣ ਵਾਲੀ ਫਿਲਮ 'ਇੱਕੀਸ' ਵਿੱਚ ਵੀ ਦਿਖਾਈ ਦੇਣ ਵਾਲੇ ਸਨ। ਅਦਾਕਾਰ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਇੰਸਟਾਗ੍ਰਾਮ 'ਤੇ ਆਖਰੀ ਪੋਸਟ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਮਾਯੂਸ ਹੋ ਰਹੇ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਸਾਲ ਅਪ੍ਰੈਲ ਵਿੱਚ ਉਨ੍ਹਾਂ ਦੀ ਮੋਤੀਆਬਿੰਦ ਦੀ ਸਰਜਰੀ ਵੀ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਤੇਜ਼ੀ ਨਾਲ ਰਿਕਵਰੀ ਕੀਤੀ ਸੀ।
