ਬਾਲੀਵੁੱਡ ਸਿਤਾਰਿਆਂ ਨੇ ਵੀ ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਪ੍ਰਗਟਾਈ ਖ਼ੁਸ਼ੀ, ਜਾਣੋ ਕੀ-ਕੀ ਕਿਹਾ

11/20/2021 11:12:31 AM

ਮੁੰਬਈ (ਬਿਊਰੋ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਪੁਰਬ ਮੌਕੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਜਿਵੇਂ ਹੀ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਆਪਣੇ ਸੰਬੋਧਨ ’ਚ ਇਹ ਫ਼ੈਸਲਾ ਲਿਆ ਤਾਂ ਕਿਸਾਨਾਂ ਤੇ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਲੋਕਾਂ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਬਾਲੀਵੁੱਡ ਸਿਤਾਰਿਆਂ ਨੇ ਵੀ ਪ੍ਰਧਾਨ ਮੰਤਰੀ ਦੇ ਫ਼ੈਸਲੇ ਦਾ ਸਵਾਗਤ ਕੀਤਾ ਤੇ ਕਿਸਾਨਾਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਕੰਗਨਾ ਰਣੌਤ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ।

ਕਿਸਾਨਾਂ ਦੀ ਮੰਗ ਨੂੰ ਸਹੀ ਠਹਿਰਾਉਣ ਵਾਲੇ ਬਾਲੀਵੁੱਡ ਸਿਤਾਰੇ ਅੱਜ ਬਹੁਤ ਖ਼ੁਸ਼ ਹਨ। ਸੋਨੂੰ ਸੂਦ, ਗੁਲ ਪਨਾਗ, ਤਾਪਸੀ ਪਨੂੰ, ਰਿਚਾ ਚੱਢਾ, ਹਿਮਾਂਸ਼ੀ ਖੁਰਾਣਾ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਇਸ ਮਾਮਲੇ ’ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ।

ਸੋਨੂੰ ਸੂਦ ਨੇ ਟਵੀਟ ਕਰਕੇ ਲਿਖਿਆ, ‘ਇਹ ਹੈਰਾਨੀਜਨਕ ਖ਼ਬਰ ਹੈ। ਮੋਦੀ ਜੀ ਦਾ ਧੰਨਵਾਦ। ਉਨ੍ਹਾਂ ਕਿਸਾਨਾਂ ਦਾ ਧੰਨਵਾਦ, ਜਿਨ੍ਹਾਂ ਨੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਤੇ ਆਪਣੀਆਂ ਮੰਗਾਂ ਨੂੰ ਉਠਾਇਆ। ਉਮੀਦ ਹੈ ਕਿ ਹੁਣ ਤੁਸੀਂ ਗੁਰਪੁਰਬ ਮੌਕੇ ਖ਼ੁਸ਼ੀ-ਖ਼ੁਸ਼ੀ ਆਪਣੇ ਪਰਿਵਾਰ ’ਚ ਵਾਪਸ ਪਰਤੋਗੇ।’

ਸੋਨੂੰ ਸੂਦ ਨੇ ਇਕ ਹੋਰ ਟਵੀਟ ’ਚ ਕਿਹਾ, ‘ਕਿਸਾਨ ਆਪਣੇ ਖੇਤਾਂ ’ਚ ਵਾਪਸ ਆਉਣਗੇ, ਦੇਸ਼ ਦੇ ਖੇਤ ਫਿਰ ਤੋਂ ਲਹਿਰਾਏ ਜਾਣਗੇ। ਧੰਨਵਾਦ ਨਰਿੰਦਰ ਮੋਦੀ ਜੀ, ਇਸ ਇਤਿਹਾਸਕ ਫ਼ੈਸਲੇ ਨਾਲ ਕਿਸਾਨਾਂ ਦਾ ਪ੍ਰਕਾਸ਼ ਪੁਰਬ ਹੋਰ ਵੀ ਇਤਿਹਾਸਕ ਹੋ ਗਿਆ ਹੈ। ਜੈ ਜਵਾਨ ਜੈ ਕਿਸਾਨ।’

ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੇ ਟਵੀਟ ਕਰਦਿਆਂ ਲਿਖਿਆ, ‘ਜਿੱਤ ਗਏ ਤੁਸੀਂ! ਤੁਹਾਡੀ ਜਿੱਤ ’ਚ ਸਭ ਦੀ ਜਿੱਤ ਹੈ।’

ਇੰਸਟਾਗ੍ਰਾਮ ’ਤੇ ਪੋਸਟ ਕਰਦਿਆਂ ਹਿਮਾਂਸ਼ੀ ਖੁਰਾਣਾ ਨੇ ਲਿਖਿਆ, ‘ਅੰਤ ’ਚ ਜਿੱਤ ਤੁਹਾਡੀ ਹੈ, ਸਾਰੇ ਕਿਸਾਨਾਂ ਨੂੰ ਬਹੁਤ-ਬਹੁਤ ਵਧਾਈਆਂ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ। ਗੁਰਪੁਰਬ ਦੀਆਂ ਮੁਬਾਰਕਾਂ।’

ਪੀ. ਐੱਮ. ਦਾ ਧੰਨਵਾਦ ਕਰਦਿਆਂ ਗੁਲ ਪਨਾਗ ਨੇ ਲਿਖਿਆ, ‘ਕਾਸ਼ ਇਹ ਸੰਘਰਸ਼ ਇੰਨਾ ਲੰਮਾ ਨਾ ਚੱਲਦਾ, ਇਸ ਕਾਰਨ ਕਈ ਜਾਨਾਂ ਚਲੀਆਂ ਗਈਆਂ। ਪ੍ਰਦਰਸ਼ਨਕਾਰੀਆਂ ਨੂੰ ਬਦਨਾਮ ਕੀਤਾ ਗਿਆ। ਇਹ ਭਵਿੱਖ ਦੀਆਂ ਸਰਕਾਰਾਂ ਲਈ ਸਬਕ ਹੋਵੇਗਾ ਕਿ ਉਹ ਸੁਧਾਰ ਲਿਆਉਂਦੇ ਸਮੇਂ ਸਾਰੇ ਹਿੱਤਧਾਰਕਾਂ ਨਾਲ ਜੁੜਨ। ਕਾਨੂੰਨ ਬਣਾਉਣ ਵਾਲਿਆਂ ਲਈ ਇਹ ਵੀ ਸਬਕ ਹੈ ਕਿ ਬਿਨਾਂ ਚਰਚਾ ਤੇ ਬਹਿਸ ਦੇ ਮਿੰਟਾਂ ’ਚ ਕਾਨੂੰਨ ਪਾਸ ਕਰਕੇ ਸੰਵਿਧਾਨਕ ਪ੍ਰਕਿਰਿਆ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ ਹੈ।’

ਨੋਟ– ਇਨ੍ਹਾਂ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News