''ਮਿਲੀ'' ਦੀ ਸ਼ੂਟਿੰਗ ਦੌਰਾਨ 20 ਦਿਨ ਤਕ -15 ਡਿਗਰੀ ਤਾਪਮਾਨ ''ਚ ਰਹੀ ਜਾਨ੍ਹਵੀ, ਕਿਹਾ–ਚਮੜੀ ਵੀ ਲੱਗੀ ਸੀ ਸੜਨ

Friday, Nov 04, 2022 - 04:16 PM (IST)

''ਮਿਲੀ'' ਦੀ ਸ਼ੂਟਿੰਗ ਦੌਰਾਨ 20 ਦਿਨ ਤਕ -15 ਡਿਗਰੀ ਤਾਪਮਾਨ ''ਚ ਰਹੀ ਜਾਨ੍ਹਵੀ, ਕਿਹਾ–ਚਮੜੀ ਵੀ ਲੱਗੀ ਸੀ ਸੜਨ

ਜਾਨ੍ਹਵੀ ਕਪੂਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਮਿਲੀ’ ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਇਹ ਫ਼ਿਲਮ ਸੱਚੀਆਂ ਘਟਨਾਵਾਂ ’ਤੇ ਆਧਾਰਿਤ ਹੈ ਅਤੇ ਨਰਸਿੰਗ ਦੀ ਵਿਦਿਆਰਥਣ ਮਿਲੀ ਨੌਡਿਆਲ ਦੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ‘ਫ੍ਰੀਜ਼ਰ’ ਵਿਚ ਫਸਣ ਤੋਂ ਬਾਅਦ ਜ਼ਿੰਦਾ ਰਹਿਣ ਲਈ ਸੰਘਰਸ਼ ਕਰਦੀ ਹੈ। ਮਿਲੀ ਦਾ ਕਿਰਦਾਰ ਜਾਨ੍ਹਵੀ ਕਪੂਰ ਨੇ ਨਿਭਾਇਆ ਹੈ। ਇਹ ਫ਼ਿਲਮ ਮਥੁਕੁੱਟੀ ਜ਼ੇਵੀਅਰ ਦੀ ਮਲਿਆਲਮ ਫ਼ਿਲਮ ਦਾ ਹਿੰਦੀ ਰੀਮੇਕ ਹੈ। ਜ਼ੇਵੀਅਰ ਨੇ ਹਿੰਦੀ ਰੀਮੇਕ ਦਾ ਨਿਰਦੇਸ਼ਨ ਵੀ ਕੀਤਾ ਹੈ। ਫ਼ਿਲਮ ਵਿਚ ਜਾਨ੍ਹਵੀ ਤੋਂ ਇਲਾਵਾ ਸੰਨੀ ਕੌਸ਼ਲ ਤੇ ਮਨੋਜ ਪਾਹਵਾ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਫ਼ਿਲਮ 4 ਨਵੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਫ਼ਿਲਮ ਦੀ ਪ੍ਰਮੋਸ਼ਨ ਲਈ ਅਦਾਕਾਰਾ ਜਾਨ੍ਹਵੀ ਕਪੂਰ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

''ਮੈਨੂੰ ਅਸਲ ’ਚ ਅਜਿਹਾ ਲੱਗਣ ਲੱਗਾ ਹੈ ਕਿ ਮੈਂ ਫਸ ਗਈ ਹਾਂ''
ਜਦੋਂ ਵੀ ਤੁਹਾਡੀ ਫ਼ਿਲਮ ਆਉਂਦੀ ਹੈ, ਤੁਸੀਂ ਹਮੇਸ਼ਾ ਦਰਸ਼ਕਾਂ ਨੂੰ ਹੈਰਾਨ ਕਰ ਦਿੰਦੇ ਹੋ, ਕਿਉਂਕਿ ਫ਼ਿਲਮ ਬਹੁਤ ਵੱਖਰੀ ਹੁੰਦੀ ਹੈ ਅਤੇ ਲੋਕਾਂ ਨੂੰ ਬਹੁਤ ਪਸੰਦ ਆਉਂਦੀ ਹੈ। 

ਤੁਸੀਂ ਕਿਹੋ ਜਿਹਾ ਮਹਿਸੂਸ ਕਰਦੇ ਹੋ?
ਮੈਂ ਬਹੁਤ ਉਤਸ਼ਾਹਿਤ ਹਾਂ ਕਿਉਂਕਿ ਮੇਰੇ ਲਈ ਐਕਟਰ ਬਣਨ ਦਾ ਰੋਮਾਂਚ ਇਹੀ ਹੈ ਕਿ ਵੱਖ-ਵੱਖ ਕਿਰਦਾਰ ਨਿਭਾਆ ਸਕਾਂ ਅਤੇ ਵੱਖ-ਵੱਖ ਕਹਾਣੀਆਂ ਨੂੰ ਦਰਸ਼ਕਾਂ ਤਕ ਪਹੁੰਚਾ ਸਕਾਂ। ਸ਼ੁਰੂ ਤੋਂ ਹੀ ਮੇਰੀ ਇਹ ਕੋਸ਼ਿਸ਼ ਰਹੀ ਹੈ ਕਿ ਮੈਂ ਖੁਦ ਨੂੰ ਚੁਣੌਤੀ ਦੇਵਾਂ ਅਤੇ ਉਸ ਚੁਣੌਤੀ ਨਾਲ ਆਪਣੀ ਕਲਾ ਵਿਚ ਅੱਗੇ ਵਧਾਂ।

ਸ਼ੂਟਿੰਗ ਕਰਨਾ ਕਿੰਨਾ ਮੁਸ਼ਕਿਲ ਸੀ?
ਇਹ ਕਾਫ਼ੀ ਮੁਸ਼ਕਿਲ ਸੀ। ਅਸਲ ਵਿਚ ਉਨ੍ਹਾਂ ਨੇ ਮੇਰੇ ਲਈ ਇਕ ਕੋਲਡ ਸਟੋਰੇਜ ਰੂਮ ਬਣਾਇਆ ਸੀ, ਜਿਸ ਵਿਚ ਤਾਪਮਾਨ ਹਮੇਸ਼ਾ -15 ਤੋਂ -18 ਡਿਗਰੀ ਦੇ ਵਿਚਕਾਰ ਰਹਿੰਦਾ ਸੀ। ਐਕਸ਼ਨ ਵਿਚ ਮੈਂ ਸਿਰਫ਼ ਆਪਣੇ ਲਾਲ ਟੌਪ ਤੇ ਕਾਲੀ ਪੈਂਟ ਵਿਚ ਰਹਿੰਦੀ ਸੀ ਪਰ ਜਦੋਂ ਕੱਟ ਹੁੰਦਾ ਸੀ ਤਾਂ ਜੈਕੇਟ ਪਾ ਲੈਂਦੀ ਸੀ ਅਤੇ ਬਾਕੀ ਕਰੂ ਮਫ਼ਲਰ ਵਿਚ ਰਹਿੰਦਾ ਸੀ। ਫ੍ਰੀਜ਼ਰ ਦੇ ਅੰਦਰ ਕਾਫ਼ੀ ਔਖਾ ਸੀ ਕਿਉਂਕਿ ਮੈਂ ਸੱਚਮੁੱਚ ਮਹਿਸੂਸ ਕੀਤਾ ਸੀ ਕਿ ਮੈਂ ਫਸ ਗਈ ਹਾਂ। ਠੰਡ ਵਿਚ ਮੇਰਾ ਦਮ ਘੁਟ ਰਿਹਾ ਹੈ, ਮੈਂ ਬੀਮਾਰ ਹੋ ਰਹੀ ਹਾਂ, ਉਹ ਸਾਰੀਆਂ ਭਾਵਨਾਵਾਂ ਅਸਲ ਵਿਚ ਮੇਰੇ ਨਾਲ ਹੋ ਰਹੀਆਂ ਸਨ।

ਇੰਨੀ ਠੰਡ ਵਿਚ ਜੋ ਤੁਹਾਡੀ ਲੁਕ ਰਹੀ, ਉਸ ਦੇ ਲਈ ਮੇਕਅਪ ਕਿੰਨਾ ਮੁਸ਼ਕਿਲ ਸੀ?
ਬਹੁਤ ਜ਼ਿਆਦਾ ਅਤੇ ਮੈਂ ਇਹ ਸਾਰਾ ਕ੍ਰੈਡਿਟ ਆਪਣੇ ਮੇਕਅਪ ਆਰਟਿਸਟ ਨੂੰ ਦੇਣਾ ਚਾਹੁੰਦੀ ਹਾਂ। ਉਨ੍ਹਾਂ ਨੇ ਬਹੁਤ ਰਿਸਰਚ ਕੀਤੀ ਤੇ ਬਹੁਤ ਬਾਰੀਕੀ ਨਾਲ। ਉਨ੍ਹਾਂ ਨੂੰ ਵੀ ਹਰ ਸਮੇਂ ਮੇਰੇ ਨਾਲ ਫ੍ਰੀਜ਼ਰ ਵਿਚ ਰਹਿਣਾ ਪੈਂਦਾ ਸੀ ਕਿਉਂਕਿ ਮੇਕਅਪ ਹਰ ਪਲ ਬਦਲਦਾ ਸੀ। ਮੇਰੀ ਸਕਿਨ ਵੀ ਫਟਣ ਲੱਗੀ ਸੀ ਅਤੇ ਜੋ ਮੇਕਅਪ ਵਰਤਿਆ ਗਿਆ ਸੀ ਉਸ ਵਿਚ ਅਲਕੋਹਲ ਸੀ, ਜਿਸ ਕਾਰਨ ਬਹੁਤ ਜ਼ਿਆਦਾ ਜਲਨ ਹੁੰਦੀ ਸੀ। ਇਸ ਲਈ ਇਹ ਪ੍ਰਕਿਰਿਆ ਬਹੁਤ ਮੁਸ਼ਕਲ ਸੀ।

ਕੀ ਫ਼ਿਲਮ ਇੰਡਸਟਰੀ ਵਿਚ ਸਰਵਾਈਵ ਕਰਨਾ ਓਨਾ ਹੀ ਔਖਾ ਹੈ, ਜਿੰਨਾ -15 ਜਾਂ -18 ਡਿਗਰੀ ਵਿਚ?
ਹਾਂ, ਓਨਾ ਹੀ ਹੈ। ਬਸ ਜੀਓ ਅਤੇ ਮਰੋ ਨਾ। ਕਦੇ-ਕਦੇ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਬਾਹਰ ਦੀ ਦੁਨੀਆ ਵੱਖਰੀ ਹੈ ਅਤੇ ਤੁਹਾਡੀ ਦੁਨੀਆ ਬਿਲਕੁਲ ਵੱਖਰੀ। ਲੋਕ ਕਹਿੰਦੇ ਹਨ ਕਿ ਮੈਂ ਫ਼ਿਲਮੀ ਪਿਛੋਕੜ ਤੋਂ ਆਈ ਹਾਂ, ਮੈਂ ਖੁਸ਼ਕਿਸਮਤ ਹਾਂ ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਆਪਣੀ ਫ਼ਿਲਮ ਦਾ ਸਕੋਰ, ਆਪਣੀ ਅਦਾਕਾਰੀ ਤੇ ਆਪਣੇ ਕਰੀਅਰ ਨੂੰ ਆਪਣੀ ਪੂਰੀ ਜ਼ਿੰਦਗੀ ਨਾ ਬਣਾਇਆ ਤਾਂ ਤੁਸੀਂ ਸਰਵਾਈਵ ਨਹੀਂ ਕਰ ਕਰੋਗੇ।

ਤੁਹਾਡੇ ਪਿਤਾ ਬੋਨੀ ਕਪੂਰ ਹੀ ਫ਼ਿਲਮ ਦੇ ਨਿਰਮਾਤਾ ਹਨ ਤਾਂ ਉਨ੍ਹਾਂ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ, ਆਸਾਨ ਜਾਂ ਮੁਸ਼ਕਿਲ?
ਮੈਨੂੰ ਲੱਗਦਾ ਹੈ ਕਿ ਰਿਲੀਜ਼ ਦੌਰਾਨ ਇਹ ਮੁਸ਼ਕਿਲ ਹੋ ਰਿਹਾ ਹੈ ਕਿਉਂਕਿ ਮੈਂ ਉਨ੍ਹਾਂ ਦੇ ਨਾਲ ਘਰ ਵਿਚ ਰਹਿੰਦੀ ਹਾਂ।ਇਸ ਲਈ ਮੈਂ ਉਨ੍ਹਾਂ ਦੇ ਸਟ੍ਰੈੱਸ ਨੂੰ ਦੇਖ ਸਕਦੀ ਹਾਂ ਜੋ ਮੈਨੂੰ ਹੋਰ ਸਟ੍ਰੈੱਸ ਦੇ ਰਿਹਾ ਹੈ।

ਕੀ ਕੋਈ ਪਲਾਨ ਬੀ ਨਹੀਂ ਹੋਣਾ ਚਾਹੀਦਾ?
ਪਲਾਨ ਬੀ ਹੋ ਸਕਦਾ ਹੈ, ਜਦੋਂ ਤੁਸੀਂ ਪਲਾਨ ਏ ’ਤੇ ਧਿਆਨ ਲਾ ਰਹੇ ਹੋਵੋ ਤਾਂ ਕੋਈ ਬੀ ਪਲਾਨ ਨਹੀਂ ਹੋ ਸਕਦਾ।

ਤੁਸੀਂ 'ਮਿਲੀ' ਲਈ ਭਾਰ ਵੀ ਵਧਾਇਆ ਹੈ ਅਤੇ ਹੁਣ ਕੰਮ ਕੀਤਾ, ਇਹ ਸਭ ਕਿਵੇਂ ਮੈਨੇਜ ਕੀਤਾ?
ਦਰਅਸਲ ਅਸੀਂ ਇਹ ਫ਼ਿਲਮ ਦੂਜੇ ਲੌਕਡਾਊਨ ਤੋਂ ਤੁਰੰਤ ਬਾਅਦ ਸ਼ੁਰੂ ਕੀਤੀ ਸੀ। ਦੂਜੇ ਲੌਕਡਾਊਨ ਵਿਚ ਮੇਰਾ ਭਾਰ ਵਧਣ ਲੱਗਾ ਸੀ ਕਿਉਂਕਿ ਕਰਨ ਲਈ ਕੁਝ ਨਹੀਂ ਸੀ, ਨਹੀਂ ਤਾਂ ਮੈਂ ਰੋਜ਼ 3-4 ਵਾਰ ਹੌਟ ਚਾਕਲੇਟ ਤੇ ਚਿਲੀ ਚੀਜ਼ ਟੋਸਟ ਖਾਂਦੀ ਸੀ। 4-5 ਕਿੱਲੋ ਭਾਰ ਤਾਂ ਉਦੋਂ ਹੀ ਵਧ ਗਿਆ ਸੀ। ਫਿਰ ਮੈਂ ਆਪਣੇ ਡਾਇਰੈਕਟਰ ਨੂੰ ਮਿਲੀ ਅਤੇ ਕਿਹਾ ਕਿ ਮੇਰਾ ਭਾਰ ਵਧ ਗਿਆ ਹੈ ਪਰ ਮੈਂ ਇਸ ਨੂੰ ਘੱਟ ਕਰ ਲਵਾਂਗੀ ਤਾਂ ਉਨ੍ਹਾਂ ਕਿਹਾ ਕਿ ਨਹੀਂ, ਇਹ ਬਹੁਤ ਵਧੀਆ ਹੈ। ਹੁਣ ਤੁਸੀਂ ਇਕ ਸਾਧਾਰਨ ਲੜਕੀ ਵਰਗੇ ਦਿਖਾਈ ਦੇ ਰਹੇ ਹੋ ਅਤੇ ਮੈਂ ਇਹੀ ਚਾਹੁੰਦਾ ਹਾਂ। ਉਨ੍ਹਾਂ ਦੀ ਹੱਲਾਸ਼ੇਰੀ ਨਾਲ ਮੈਂ 3 ਕਿੱਲੋ ਹੋਰ ਭਾਰ ਵਧਾ ਲਿਆ।

ਤੁਸੀਂ ਫਿਟਨੈੱਸ ਕਿਵੇਂ ਮੇਨਟੇਨ ਰੱਖਦੇ ਹੋ?
ਮੈਨੂੰ ਲੱਗਦਾ ਹੈ ਕਿ ਇਹ ਮੇਰਾ ਲਾਈਫ਼ਸਟਾਈਲ ਹੈ। ਮੈਂ ਹਫ਼ਤੇ ਵਿਚ 6 ਵਾਰ ਜਿਮ ਜ਼ਰੂਰ ਜਾਂਦੀ ਹਾਂ ਅਤੇ ਜਿਸ ਦਿਨ ਨਹੀਂ ਜਾ ਸਕਦੀ, ਮੇਰਾ ਮੂਡ ਖਰਾਬ ਹੋ ਜਾਂਦਾ ਹੈ। ਮੈਨੂੰ ਜਿਮ ਕਰਨਾ ਪਸੰਦ ਹੈ, ਇਸ ਨਾਲ ਮੈਨੂੰ ਲੱਗਦਾ ਹੈ ਕਿ ਮੈਂ ਦਿਨ ਦੀ ਸ਼ੁਰੂਆਤ ਅਜਿਹੇ ਕੰਮ ਨਾਲ ਕੀਤੀ ਹੈ ਜੋ ਮੇਰੇ ਸਰੀਰ, ਦਿਮਾਗ ਤੇ ਆਤਮਾ ਲਈ ਚੰਗਾ ਹੈ। ਇਸ ਨਾਲ ਚਿਹਰੇ ’ਤੇ ਨਿਖਾਰ ਵੀ ਆਉਂਦਾ ਹੈ।

ਤੁਸੀਂ ਕਿਹਾ ਸੀ ਕਿ ਇਸ ਕਿਰਦਾਰ ਨੇ ਤੁਹਾਨੂੰ ਮਾਨਸਿਕ ਤੌਰ ’ਤੇ ਵੀ ਪ੍ਰਭਾਵਿਤ ਕੀਤਾ ਹੈ। ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਮਾਨਸਿਕ ਸਿਹਤ ਕਿਵੇਂ ਬਣਾਈ ਰੱਖੀ ਜਾ ਸਕਦੀ ਹੈ?
ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿਵੇਂ ਤੁਸੀਂ ਆਪਣੇ ਹੈਲਥ ਚੈੱਕਅਪ ਲਈ ਜਾਂਦੇ ਹੋ ਅਤੇ ਆਪਣੇ ਸਰੀਰ ਨੂੰ ਠੀਕ ਤਰ੍ਹਾਂ ਰੱਖਣ ਦੀ ਇੱਛਾ ਰੱਖਦੇ ਹੋ, ਉਸੇ ਤਰ੍ਹਾਂ ਜੇ ਤੁਹਾਡੀ ਮਾਨਸਿਕ ਸਿਹਤ ਸਹੀ ਨਹੀਂ ਹੈ ਤਾਂ ਤੁਸੀਂ ਜਿੰਨੀਆਂ ਮਰਜ਼ੀ ਸਬਜ਼ੀਆਂ ਤੇ ਫ਼ਲ ਖਾ ਲਓ, ਜਿੰਨਾ ਮਰਜ਼ੀ ਜਿਮ ਜਾਓ, ਕੁਝ ਨਹੀਂ ਹੋਣ ਵਾਲਾ। ਜੇ ਅਸੀਂ ਅੱਗੇ ਵਧਣਾ ਹੈ ਤਾਂ ਸਾਨੂੰ ਆਪਣੀ ਮਾਨਸਿਕ ਸਿਹਤ ਦਾ ਖਿਆਲ ਰੱਖਣਾ ਪਵੇਗਾ। ਮੈਂ ਹਮੇਸ਼ਾ ਹੈਲਥ ਚੈੱਕਅਪ ਕਰਵਾਉਂਦੀ ਰਹਿੰਦੀ ਹਾਂ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਐਕਟਰ ਬਣਨ ਦਾ ਕੀ ਹੈ, ਡ੍ਰੈੱਸਅਪ ਹੋ ਕੇ ਬਸ ਕੈਮਰੇ ਦੇ ਸਾਹਮਣੇ ਖੜ੍ਹੇ ਹੋ ਜਾਵੋ ਪਰ ਅਜਿਹਾ ਨਹੀਂ ਹੁੰਦਾ। ਬਹੁਤ ਵਾਰ ਅਸੀਂ ਅੰਦਰੋਂ ਟੁੱਟ ਰਹੇ ਹੁੰਦੇ ਹਾਂ ਪਰ ਸਾਨੂੰ ਬਾਹਰੋਂ ਸਮਾਈਲ ਕਰਨਾ ਪੈਂਦਾ ਹੈ। ਮੈਨੂੰ ਲੱਗਦਾ ਹੈ ਕਿ ਭਾਵਨਾਵਾਂ ਨੂੰ ਦਬਾ ਕੇ ਰੱਖਣਾ ਵੀ ਠੀਕ ਨਹੀਂ ਹੈ।

ਕੀ 'ਮਿਲੀ' ਨੂੰ ਆਪਣੀ ਬੈਸਟ ਫ੍ਰੈਂਡ ਮਿਲੀ ਬਾਲੀਵੁੱਡ ਵਿਚ?
ਬੈਸਟ ਫ੍ਰੈਂਡ ਤਾਂ ਪਤਾ ਨਹੀਂ ਪਰ ਇੰਡਸਟਰੀ ਵਿਚ ਦੋਸਤ ਬਹੁਤ ਹਨ। ਉਨ੍ਹਾਂ ਵਿਚੋਂ ਸਾਰਾ ਅਜਿਹੀ ਹੈ, ਜਿਸ ’ਤੇ ਮੈਂ ਟ੍ਰਸਟ ਕਰ ਸਕਦੀ ਹਾਂ। ਉਹ ਬਹੁਤ ਚੰਗੀ ਲੜਕੀ ਹੈ।
 


author

sunita

Content Editor

Related News