ਅਦਾਕਾਰਾ ਨੁਸਰਤ ਜਹਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਉੱਠੀ ਮੰਗ, ਬੀਜੇਪੀ ਸਾਂਸਦ ਨੇ ਲਾਏ ਗੰਭੀਰ ਦੋਸ਼
Tuesday, Jun 22, 2021 - 04:19 PM (IST)
ਨਵੀਂ ਦਿੱਲੀ (ਬਿਊਰੋ) : ਪੱਛਮੀ ਬੰਗਾਲ ਦੀ ਬਸ਼ੀਰਹਾਟ ਸੀਟ ਤੋਂ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਨੁਸਰਤ ਜਹਾਂ ਦੇ ਵਿਆਹ ਦਾ ਮਾਮਲਾ ਹੁਣ ਲੋਕ ਸਭਾ ਤੱਕ ਪਹੁੰਚ ਗਿਆ ਹੈ। ਭਾਜਪਾ ਸੰਸਦ ਸੰਘਮਿੱਤਰਾ ਮੌਰਿਆ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇੱਕ ਪੱਤਰ ਲਿਖ ਕੇ ਨੁਸਰਤ ਜਹਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਹੈ। ਭਾਜਪਾ ਸੰਸਦ ਮੈਂਬਰ ਸੰਘਮਿੱਤਰਾ ਨੇ ਨੁਸਰਤ ਜਹਾਂ 'ਤੇ ਅਣਉਚਿਤ ਵਿਵਹਾਰ ਦਾ ਦੋਸ਼ ਲਗਾਇਆ ਹੈ। ਸੰਘਮਿੱਤਰਾ ਨੇ ਪੱਤਰ ਵਿਚ ਕਿਹਾ ਹੈ ਕਿ ਨੁਸਰਤ ਜਹਾਂ ਨੇ ਲੋਕ ਸਭਾ ਦੇ ਮੈਂਬਰ ਵਜੋਂ ਅਹੁਦੇ ਦੀ ਸਹੁੰ ਚੁੱਕਣ ਵੇਲੇ ਉਨ੍ਹਾਂ ਦਾ ਨਾਮ 'ਨੁਸਰਤ ਜਹਾਂ ਰੁਹੀ ਜੈਨ' ਵਜੋਂ ਐਲਾਨਿਆ ਸੀ। ਨੁਸਰਤ ਜਹਾਂ ਦੇ ਪਤੀ ਦਾ ਨਾਮ ਲੋਕ ਸਭਾ ਦੀ ਵੈੱਬਸਾਈਟ 'ਤੇ ਵੀ ਨਿਖਿਲ ਜੈਨ ਲਿਖਿਆ ਹੋਇਆ ਹੈ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਨ੍ਹਾਂ ਦੇ ਵਿਆਹ ਦੇ ਰਿਸੈਪਸ਼ਨ ਵਿਚ ਸ਼ਿਰਕਤ ਕੀਤੀ ਸੀ। ਉਨ੍ਹਾਂ ਕਿਹਾ ਕਿਸੇ ਨੂੰ ਵੀ ਨੁਸਰਤ ਦੀ ਨਿੱਜੀ ਜ਼ਿੰਦਗੀ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ ਪਰ ਉਸ ਦੇ ਤਾਜ਼ਾ ਬਿਆਨ ਦਾ ਅਰਥ ਹੈ ਕਿ ਉਸ ਨੇ ਜਾਣਬੁੱਝ ਕੇ ਸੰਸਦ ਨੂੰ ਗਲ਼ਤ ਜਾਣਕਾਰੀ ਦਿੱਤੀ। ਉਨ੍ਹਾਂ ਵੋਟਰਾਂ ਨਾਲ ਧੋਖਾ ਕੀਤਾ। ਸੰਘਮਿੱਤਰਾ ਨੇ ਦੋਸ਼ ਲਾਇਆ ਕਿ ਨੁਸਰਤ ਜਹਾਂ ਨੇ ਵੋਟਰਾਂ ਨੂੰ ਧੋਖਾ ਦਿੱਤਾ ਹੈ। ਇਸ ਨਾਲ ਸੰਸਦ ਦਾ ਮਾਣ ਖ਼ਰਾਬ ਹੋਇਆ ਹੈ। ਭਾਜਪਾ ਸੰਸਦ ਮੈਂਬਰ ਨੇ ਇਹ ਮਾਮਲਾ ਸੰਸਦ ਦੀ ਨੈਤਿਕ ਕਮੇਟੀ ਨੂੰ ਭੇਜਿਆ ਹੈ ਅਤੇ ਨੁਸਰਤ ਖ਼ਿਲਾਫ਼ ਜਾਂਚ ਅਤੇ ਕਾਰਵਾਈ ਦੀ ਮੰਗ ਕੀਤੀ ਹੈ।
ਨੁਸਰਤ ਨੇ ਕਥਿਤ ਤੌਰ 'ਤੇ ਕਾਰੋਬਾਰੀ ਨਿਖਿਲ ਜੈਨ ਨਾਲ ਸਾਲ 2019 ਵਿਚ ਤੁਰਕੀ ਵਿਚ ਵਿਆਹ ਕੀਤਾ ਸੀ। ਕੋਲਕਾਤਾ ਵਿਚ ਇਕ ਰਿਸੈਪਸ਼ਨ ਵੀ ਆਯੋਜਿਤ ਕੀਤੀ ਗਈ, ਜਿਸ ਵਿਚ ਮਸ਼ਹੂਰ ਹਸਤੀਆਂ ਅਤੇ ਪ੍ਰਮੁੱਖ ਰਾਜਨੇਤਾਵਾਂ ਨੇ ਸ਼ਿਰਕਤ ਕੀਤੀ। ਹੁਣ ਨੁਸਰਤ ਜਹਾਂ ਦਾ ਦਾਅਵਾ ਹੈ ਕਿ ਨਿਖਿਲ ਜੈਨ ਨਾਲ ਉਸ ਦਾ ਵਿਆਹ ਭਾਰਤ ਵਿਚ ਜਾਇਜ਼ ਨਹੀਂ ਹੈ। ਉਨ੍ਹਾਂ ਦੇ ਵਿਚਕਾਰ ਸਿਰਫ਼ ਇੱਕ ਲਾਈਵ-ਇਨ-ਰਿਲੇਸ਼ਨਸ਼ਿਪ ਸੀ ਅਤੇ ਉਨ੍ਹਾਂ ਦਾ ਬ੍ਰੇਕਅੱਪ ਬਹੁਤ ਪਹਿਲਾਂ ਹੋਇਆ ਸੀ। ਨੁਸਰਤ ਨੇ ਕਿਹਾ ਕਿ ਸਾਡਾ ਵਿਆਹ ਤੁਰਕੀ ਦੇ ਕਾਨੂੰਨ ਅਨੁਸਾਰ ਹੋਇਆ ਸੀ, ਇਸ ਲਈ ਇਹ ਭਾਰਤ ਵਿਚ ਕਾਨੂੰਨੀ ਨਹੀਂ ਹੈ। ਇਸ ਤਰ੍ਹਾਂ ਤਲਾਕ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।