ਬੀਨੂੰ ਢਿੱਲੋਂ ਵਲੋਂ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਦਾ ਵਿਰੋਧ, ‘ਸ਼ਹੀਦਾਂ ਦੀ ਯਾਦਗਾਰ ਨਾਲ ਛੇੜਛਾੜ ਮਨਜ਼ੂਰ ਨਹੀਂ’
Thursday, Sep 02, 2021 - 10:42 AM (IST)
ਚੰਡੀਗੜ੍ਹ (ਬਿਊਰੋ)– ਕੁਝ ਦਿਨ ਪਹਿਲਾਂ ਜਲ੍ਹਿਆਂਵਾਲਾ ਬਾਗ ਨੂੰ ਲੋਕਾਂ ਲਈ ਮੁੜ ਤੋਂ ਖੋਲ੍ਹਿਆ ਗਿਆ ਹੈ। ਜਲ੍ਹਿਆਂਵਾਲਾ ਬਾਗ ਕਾਫੀ ਸਮੇਂ ਤੋਂ ਨਵੀਕੀਰਨ ਦੇ ਚਲਦਿਆਂ ਬੰਦ ਸੀ। ਹੁਣ ਜਦੋਂ ਇਸ ਦਾ ਨਵੀਨੀਕਰਨ ਮੁਕੰਮਲ ਹੋ ਗਿਆ ਹੈ ਤਾਂ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਰਚੂਅਲ ਪ੍ਰੋਗਰਾਮ ਰਾਹੀਂ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਜਿਵੇਂ ਹੀ ਇਸ ਨੂੰ ਮੁੜ ਖੋਲ੍ਹਿਆ ਗਿਆ ਤਾਂ ਲੋਕ ਦੋ ਧੜਿਆਂ ’ਚ ਵੰਡੇ ਗਏ। ਜਿਥੇ ਕੁਝ ਲੋਕਾਂ ਨੂੰ ਜਲ੍ਹਿਆਂਵਾਲਾ ਬਾਗ ਦਾ ਨਵੀਨੀਕਰਨ ਪਸੰਦ ਆ ਰਿਹਾ ਹੈ, ਉਥੇ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਇਸ ਨੂੰ ਗਲਤ ਦੱਸ ਰਹੇ ਹਨ ਤੇ ਇਹ ਕਹਿ ਰਹੇ ਹਨ ਕਿ ਇਹ ਸਿੱਧੇ ਤੌਰ ’ਤੇ ਇਤਿਹਾਸ ਨਾਲ ਛੇੜਛਾੜ ਹੈ।
ਇਹ ਖ਼ਬਰ ਵੀ ਪੜ੍ਹੋ : ਅਮਰਿੰਦਰ ਗਿੱਲ ਦੇ ਗੀਤ 'ਚਲ ਜਿੰਦੀਏ' ਨੇ ਕਪਿਲ ਸ਼ਰਮਾ ਨੂੰ ਬਣਾਇਆ ਦੀਵਾਨਾ
ਇਸ ਨੂੰ ਲੈ ਕੇ ਹੁਣ ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਨੇ ਵੀ ਆਪਣੀ ਰਾਏ ਰੱਖੀ ਹੈ। ਬੀਨੂੰ ਢਿੱਲੋਂ ਨੇ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਦਾ ਵਿਰੋਧ ਕੀਤਾ ਹੈ ਤੇ ਇਸ ਨੂੰ ਸ਼ਹੀਦਾਂ ਦੀ ਯਾਦਗਾਰ ਨਾਲ ਛੇੜਛਾੜ ਦੱਸਿਆ ਹੈ।
ਬੀਨੂੰ ਢਿੱਲੋਂ ਨੇ ਲਿਖਿਆ, ‘ਜਲ੍ਹਿਆਂਵਾਲਾ ਬਾਗ ਇਕ ਮਹਿਜ਼ 7 ਕਿੱਲੇ ਜ਼ਮੀਨ ਨਹੀਂ ਹੈ। ਇਹ ਸਾਡੀ ਵਿਰਾਸਤ ਹੈ, ਇਹ ਉਨ੍ਹਾਂ ਸ਼ਹੀਦਾਂ ਦੀ ਯਾਦਗਾਰ ਹੈ, ਜਿਨ੍ਹਾਂ ਨੇ ਸਾਡੇ ਲਈ ਆਜ਼ਾਦ ਫਿਜ਼ਾ ਦਾ ਸੁਫ਼ਨਾ ਦੇਖਿਆ ਤੇ ਆਪਣੇ ਖ਼ੂਨ ਨਾਲ ਉਸ ਦੀ ਕੀਮਤ ਚੁਕਾਈ। ਇਸ ਨੂੰ ਅਸਲ ਰੂਪ ’ਚ ਸਾਂਭ ਕੇ ਰੱਖਣਾ ਸਾਡਾ ਇਖਲਾਕੀ ਫਰਜ਼ ਵੀ ਹੈ ਤੇ ਹੱਕ ਵੀ। ਇਸ ਨਾਲ ਛੇੜਛਾੜ ਸਾਨੂੰ ਮਨਜ਼ੂਰ ਨਹੀਂ।’
ਉਥੇ ਬੀਨੂੰ ਢਿੱਲੋਂ ਦੀ ਇਸ ਪੋਸਟ ’ਤੇ ਲੋਕ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਸਾਂਝੀ ਕਰ ਰਹੇ ਹਨ। ਕੁਮੈਂਟ ਕਰਕੇ ਲੋਕ ਬੀ. ਜੇ. ਪੀ. ਤੇ ਆਰ. ਐੱਸ. ਐੱਸ. ਦੀ ਨਿੰਦਿਆ ਕਰ ਰਹੇ ਹਨ। ਜੋ ਤਸਵੀਰ ਬੀਨੂੰ ਢਿੱਲੋਂ ਨੇ ਸਾਂਝੀ ਕੀਤੀ ਹੈ, ਉਹ ਜਲ੍ਹਿਆਂਵਾਲਾ ਬਾਗ ਦੇ ਐਂਟਰੀ ਗੇਟ ਦੀ ਹੈ, ਜਿਥੇ ਹਿੰਦੀ ਭਾਸ਼ਾ ’ਚ ਜਲ੍ਹਿਆਂਵਾਲਾ ਬਾਗ ਪੰਜਾਬੀ ਭਾਸ਼ਾ ਤੋਂ ਉੱਪਰ ਲਿਖਿਆ ਹੋਇਆ ਹੈ। ਲੋਕ ਇਸ ਗੱਲ ਦਾ ਵੀ ਵਿਰੋਧ ਕਰ ਰਹੇ ਹਨ ਕਿ ਪੰਜਾਬੀ ਭਾਸ਼ਾ ਸਭ ਤੋਂ ਉੱਪਰ ਲਿਖੀ ਹੋਣੀ ਚਾਹੀਦੀ ਸੀ ਨਾ ਕਿ ਹੇਠਾਂ।
ਨੋਟ– ਤੁਸੀਂ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਕੁਮੈਂਟ ’ਚ ਆਪਣੀ ਰਾਏ ਜ਼ਰੂਰ ਦਿਓ।