ਵਰੁਣ ਧਵਨ ਤੇ ਜਾਨ੍ਹਵੀ ਕਪੂਰ ਦੀ ਫ਼ਿਲਮ ‘ਬਵਾਲ’ ’ਤੇ ਨਹੀਂ ਰੁਕ ਰਿਹਾ ਹੰਗਾਮਾ, ਹੁਣ ਇਜ਼ਰਾਈਲ ਅੰਬੈਸੀ ਨੇ ਕੀਤਾ ਇਤਰਾਜ਼

Saturday, Jul 29, 2023 - 01:33 PM (IST)

ਵਰੁਣ ਧਵਨ ਤੇ ਜਾਨ੍ਹਵੀ ਕਪੂਰ ਦੀ ਫ਼ਿਲਮ ‘ਬਵਾਲ’ ’ਤੇ ਨਹੀਂ ਰੁਕ ਰਿਹਾ ਹੰਗਾਮਾ, ਹੁਣ ਇਜ਼ਰਾਈਲ ਅੰਬੈਸੀ ਨੇ ਕੀਤਾ ਇਤਰਾਜ਼

ਮੁੰਬਈ (ਬਿਊਰੋ)– ਵਰੁਣ ਧਵਨ ਤੇ ਜਾਨ੍ਹਵੀ ਕਪੂਰ ਦੀ ਫ਼ਿਲਮ ‘ਬਵਾਲ’ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਹੈ। ਫ਼ਿਲਮ ’ਚ ਦਿਖਾਏ ਗਏ ਕੁਝ ਦ੍ਰਿਸ਼ਾਂ ਤੇ ਸੰਵਾਦਾਂ ਨੇ ਲੋਕਾਂ ਨੂੰ ਦੁਖੀ ਕੀਤਾ ਹੈ। ਇਸ ਦੀ ਰਿਲੀਜ਼ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ। ਹੁਣ ਇਜ਼ਰਾਈਲ ਅੰਬੈਸੀ ਨੇ ਵੀ ਫ਼ਿਲਮ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਯਹੂਦੀ ਸੰਗਠਨ ‘ਦਿ ਸਾਈਮਨ ਵਿਸੈਂਥਲ ਸੈਂਟਰ’ ਤੋਂ ਬਾਅਦ ਹੁਣ ਇਜ਼ਰਾਈਲ ਅੰਬੈਸੀ ਨੇ ਨਿਤੇਸ਼ ਤਿਵਾਰੀ ਦੀ ਫ਼ਿਲਮ ‘ਬਵਾਲ’ ’ਤੇ ਇਤਰਾਜ਼ ਜਤਾਇਆ ਹੈ। ਕਿਹਾ ਗਿਆ ਹੈ ਕਿ ਫ਼ਿਲਮ ’ਚ ਯਹੂਦੀਆਂ ਦੇ ਹੋਲੋਕਾਸਟ (ਕਤਲੇਆਮ) ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ।

ਅਜਿਹਾ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ‘ਬਵਾਲ’ ਹਾਈ ਸਕੂਲ ਦੇ ਇਤਿਹਾਸ ਦੇ ਅਧਿਆਪਕ ਅਜੇ ਦੀਕਸ਼ਿਤ (ਵਰੁਣ ਧਵਨ) ਤੇ ਉਸ ਦੀ ਪਤਨੀ ਨਿਸ਼ਾ (ਜਾਨ੍ਹਵੀ ਕਪੂਰ) ਦੀ ਕਹਾਣੀ ਹੈ। ਉਹ ਯੂਰਪ ਦੇ ਦੌਰੇ ’ਤੇ ਜਾਂਦੇ ਹਨ, ਜਿਥੇ ਉਹ ਐਨ ਫ੍ਰੈਂਕ ਦੇ ਘਰ ਸਮੇਤ ਦੂਜੇ ਵਿਸ਼ਵ ਯੁੱਧ ਦੀਆਂ ਸਾਰੀਆਂ ਸਾਈਟਾਂ ’ਤੇ ਜਾਂਦੇ ਹਨ। ਫ਼ਿਲਮ ’ਚ ਕੁਝ ਵਿਵਾਦਪੂਰਨ ਸੰਵਾਦ ਸ਼ਾਮਲ ਹਨ, ਜੋ ਵਿਆਹੁਤਾ ਵਿਵਾਦ ਦੀ ਔਸ਼ਵਿਟਜ਼ ਤੇ ਲਾਲਚੀ ਲੋਕਾਂ ਦੀ ਹਿਟਲਰ ਨਾਲ ਤੁਲਨਾ ਕਰਦੇ ਹਨ। ਹੁਣ ਇਜ਼ਰਾਈਲ ਨੇ ਵੀ ਫ਼ਿਲਮ ’ਤੇ ਇਤਰਾਜ਼ ਜਤਾਇਆ ਹੈ।

ਇਹ ਖ਼ਬਰ ਵੀ ਪੜ੍ਹੋ : 308 ਕੁੜੀਆਂ ਨਾਲ ਇਸ਼ਕ, ਅਸਲ ਜ਼ਿੰਦਗੀ ਦਾ ਖਲਨਾਇਕ, ਅਜਿਹੀ ਰਹੀ ਸੰਜੇ ਦੱਤ ਦੀ ਜ਼ਿੰਦਗੀ

ਭਾਰਤ ’ਚ ਇਜ਼ਰਾਈਲੀ ਦੂਤਘਰ ਦੇ ਨਾਓਰ ਗਿਲਨ ਨੇ ਟਵੀਟ ਕੀਤਾ, ‘‘ਇਜ਼ਰਾਈਲੀ ਦੂਤਘਰ ਹਾਲ ਹੀ ’ਚ ਬਣੀ ਫ਼ਿਲਮ ‘ਬਵਾਲ’ ਰਾਹੀਂ ਹੋਲੋਕਾਸਟ ਦੇ ਮਹੱਤਵ ਨੂੰ ਘੱਟ ਕਰਨ ਤੋਂ ਪ੍ਰੇਸ਼ਾਨ ਹੈ।’’ ਫ਼ਿਲਮ ’ਚ ਕੁਝ ਸੰਵਾਦਾਂ ਦੀ ਵੀ ਗਲਤ ਤਰੀਕੇ ਨਾਲ ਵਰਤੋਂ ਕੀਤੀ ਗਈ ਹੈ ਤੇ ਸਾਡਾ ਮੰਨਣਾ ਹੈ ਕਿ ਇਸ ’ਚ ਕੋਈ ਮਾੜਾ ਇਰਾਦਾ ਨਹੀਂ ਸੀ, ਅਸੀਂ ਉਨ੍ਹਾਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ, ਜੋ ਹੋਲੋਕਾਸਟ ਬਾਰੇ ਪੂਰੀ ਤਰ੍ਹਾਂ ਜਾਣੂ ਨਹੀਂ ਹਨ, ਇਸ ਬਾਰੇ ਆਪਣੇ ਆਪ ਨੂੰ ਜਾਗਰੂਕ ਕਰਨ।’’

ਉਸ ਨੇ ਅੱਗੇ ਕਿਹਾ, ‘‘ਸਾਡਾ ਦੂਤਘਰ ਇਸ ਵਿਸ਼ੇ ’ਤੇ ਵਿਦਿਅਕ ਸਮੱਗਰੀ ਦਾ ਪ੍ਰਸਾਰ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ ਤੇ ਅਸੀਂ ਬਿਹਤਰ ਸਮਝ ਨੂੰ ਉਤਸ਼ਾਹਿਤ ਕਰਨ ਲਈ ਸਾਰਿਆਂ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ।’’

ਇਸ ਤੋਂ ਪਹਿਲਾਂ SWC ਦੇ ਐਸੋਸੀਏਟ ਡੀਨ ਤੇ ਗਲੋਬਲ ਸੋਸ਼ਲ ਐਕਸ਼ਨ ਦੇ ਨਿਰਦੇਸ਼ਕ ਰੱਬੀ ਅਬ੍ਰਾਹਮ ਕੂਪਰ ਨੇ ਕਿਹਾ, ‘‘ਫ਼ਿਲਮ ’ਚ ਦਿਖਾਇਆ ਗਿਆ ਹਿੱਸਾ ਬੁਰਾਈ ਕਰਨ ਵਾਲੇ ਮਨੁੱਖਾਂ ਦੀ ਇਕ ਉਦਾਹਰਣ ਹੈ।’’ ਕੂਪਰ ਨੇ ਕਿਹਾ, ‘‘ਇਸ ਫ਼ਿਲਮ ’ਚ ਨਿਤੀਸ਼ ਤਿਵਾਰੀ ਨੇ ਐਲਾਨ ਕੀਤਾ ਹੈ ਕਿ ‘ਹਰ ਰਿਸ਼ਤਾ ਆਊਸ਼ਵਿਟਸ ਤੋਂ ਲੰਘਦਾ ਹੈ, ਹਿਟਲਰ ਦੇ ਨਸਲਕੁਸ਼ੀ ਸ਼ਾਸਨ ਦੇ ਹੱਥੋਂ ਮਾਰੇ ਗਏ 6 ਮਿਲੀਅਨ ਯਹੂਦੀਆਂ ਤੇ ਹੋਰ ਲੱਖਾਂ ਲੋਕਾਂ ਦੀ ਯਾਦ ਨੂੰ ਅਪਮਾਨਿਤ ਕਰਦਾ ਹੈ। ਜੇਕਰ ਫ਼ਿਲਮ ਨਿਰਮਾਤਾ ਦਾ ਮਕਸਦ ਕਿਸੇ ਦੀ ਮੌਤ ’ਤੇ ਕਥਿਤ ਤੌਰ ’ਤੇ ਫ਼ਿਲਮ ਬਣਾ ਕੇ ਪੀ. ਆਰ. ਹਾਸਲ ਕਰਨਾ ਸੀ ਤਾਂ ਉਹ ਇਸ ’ਚ ਸਫਲ ਹੋਇਆ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News