ਗੈਂਗਸਟਰਾਂ ਤੋਂ ਪ੍ਰੇਸ਼ਾਨ ਲੋਕਾਂ ਨੂੰ ਬਲਕੌਰ ਸਿੰਘ ਨੇ ਇਕੱਠੇ ਹੋ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦੀ ਕੀਤੀ ਅਪੀਲ

Monday, Dec 19, 2022 - 10:38 AM (IST)

ਮਾਨਸਾ (ਸੰਦੀਪ ਮਿੱਤਲ)– ਪੰਜਾਬ ’ਚ ਪਿਛਲੇ ਕੁਝ ਮਹੀਨਿਆਂ ਤੋਂ ਵਾਪਰ ਰਹੀਆਂ ਘਟਨਾਵਾਂ ਕਤਲ, ਲੁੱਟਾਂ-ਖੋਹਾਂ ਤੇ ਫਿਰੌਤੀਆਂ ਮੰਗਣ ਦੀ ਭੇਟ ਚੜ੍ਹੇ ਨੌਜਵਾਨਾਂ ਦੇ ਮਾਪਿਆਂ ਨੂੰ ਇਸ ਧੱਕੇਸ਼ਾਹੀ ਖ਼ਿਲਾਫ਼ ਇਕਜੁਟ ਹੋਣ ਦਾ ਸੱਦਾ ਦਿੰਦਿਆਂ ਐਤਵਾਰ ਨੂੰ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਨੀਂਦ ਖੁੱਲ੍ਹਣ ਵਾਲੀ ਨਹੀਂ ਹੈ।

ਪੰਜਾਬ ਦਾ ਮਾਹੌਲ ਵਿਗੜ ਚੁੱਕਾ ਹੈ। ਹਰ ਦਿਨ ਫਿਰੌਤੀਆਂ ਮੰਗਣ ਤੋਂ ਇਲਾਵਾ ਕਤਲ, ਲੁੱਟ-ਖੋਹ ਆਮ ਹੋ ਗਈ ਹੈ ਪਰ ਸਰਕਾਰ ਇਸ ’ਤੇ ਘੂਕ ਸੁੱਤੀ ਪਈ ਹੈ। ਹਰ ਘਟਨਾ ਪਿੱਛੇ ਪੰਜਾਬ ਪੁਲਸ ਦਾ ਕਹਿਣਾ ਹੁੰਦਾ ਹੈ ਕਿ ਇਸ ’ਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਹੁੰਦਾ ਕੁਝ ਵੀ ਨਹੀਂ।

ਇਹ ਖ਼ਬਰ ਵੀ ਪੜ੍ਹੋ : ਗਾਇਕ ਬੱਬੂ ਮਾਨ ਦੇ ਲਾਈਵ ਸ਼ੋਅ ਦੌਰਾਨ ਭਾਰੀ ਹੰਗਾਮਾ, ਬਾਊਂਸਰ ਤੇ ਪੁਲਸ ਵੀ ਹੋਏ ਬੇਵੱਸ

ਹੁਣ ਸਾਨੂੰ ਸਰਕਾਰ ਦੀ ਨੀਂਦ ਖੋਲ੍ਹਣ ਲਈ ਸੰਘਰਸ਼ ਵਿੱਢਣਾ ਹੀ ਪਵੇਗਾ। ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮਾਹੌਲ ਨੂੰ ਦੇਖਦਿਆਂ ਸਰਕਾਰ ਨੂੰ ਅਸਲਾ ਲਾਇਸੈਂਸ ਪ੍ਰਣਾਲੀ ਜਿਥੇ ਸੌਖੀ ਕਰਨੀ ਚਾਹੀਦੀ ਹੈ, ਉਥੇ ਉਸ ਨੂੰ ਹੋਰ ਗੁੰਝਲਦਾਰ ਬਣਾ ਕੇ ਔਖਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਸਰਕਾਰ ਨੂੰ ਕਿਹਾ ਕਿ ਜੇਕਰ ਤੁਸੀਂ ਲੋਕਾਂ ਦੀ ਸੁਰੱਖਿਆ ਨਹੀਂ ਕਰਨੀ ਤਾਂ ਘੱਟੋ-ਘੱਟ ਲੋਕਾਂ ਨੂੰ ਆਪਣੀ ਸੁਰੱਖਿਆ ਤਾਂ ਕਰਨ ਦਿਓ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜੋ ਗੈਂਗਸਟਰਾਂ ਦੇ ਸਤਾਏ ਹੋਏ ਹਨ, ਸਭ ਨੂੰ ਇਕ ਮੰਚ ’ਤੇ ਆ ਕੇ ਖ਼ੁਦ ਕੁਝ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤਕ ਅਸੀਂ ਲੋਕ ਇਕੱਠੇ ਨਹੀਂ ਹੋਵਾਂਗੇ, ਉਦੋਂ ਤਕ ਸਾਨੂੰ ਇਨਸਾਫ਼ ਮਿਲਣ ਦੀ ਉਮੀਦ ਛੱਡ ਦੇਣੀ ਚਾਹੀਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News