ਗੁਜਰਾਤ ’ਚ ‘ਪਠਾਨ’ ਦਾ ਵਿਰੋਧ ਨਹੀਂ ਕਰਨਗੇ ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ, ਸਾਹਮਣੇ ਆਇਆ ਬਿਆਨ

Tuesday, Jan 24, 2023 - 02:22 PM (IST)

ਗੁਜਰਾਤ ’ਚ ‘ਪਠਾਨ’ ਦਾ ਵਿਰੋਧ ਨਹੀਂ ਕਰਨਗੇ ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ, ਸਾਹਮਣੇ ਆਇਆ ਬਿਆਨ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਬੁੱਧਵਾਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ‘ਪਠਾਨ’ ਦੇ ਟਰੇਲਰ ਤੋਂ ਪਹਿਲਾਂ ਜਦੋਂ ਗੀਤ ‘ਬੇਸ਼ਰਮ ਰੰਗ’ ਰਿਲੀਜ਼ ਹੋਇਆ ਸੀ ਤਾਂ ਇਕ ਸੀਨ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਫ਼ਿਲਮ ’ਚ ਸ਼ਾਹਰੁਖ ਦੇ ਨਾਲ ਮੁੱਖ ਭੂਮਿਕਾ ਨਿਭਾਅ ਰਹੀ ਦੀਪਿਕਾ ਗੀਤ ਦੇ ਇਕ ਸੀਨ ’ਚ ਭਗਵੇ ਰੰਗ ਦੀ ਬਿਕਨੀ ਪਹਿਨੀ ਨਜ਼ਰ ਆਈ ਸੀ।

ਇਸ ਦ੍ਰਿਸ਼ ਨੂੰ ‘ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ’ ਦੱਸਦਿਆਂ ਇਸ ਦੀ ਨਿੰਦਿਆ ਸ਼ੁਰੂ ਹੋ ਗਈ। ਗੀਤ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ ਤੇ ਕਈ ਨੇਤਾਵਾਂ ਤੇ ਸੰਗਠਨਾਂ ਨੇ ‘ਪਠਾਨ’ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਮਾਮਲਾ ਇਥੋਂ ਤੱਕ ਪਹੁੰਚ ਗਿਆ ਕਿ ਫ਼ਿਲਮ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ ਪਰ ਹੁਣ ਸ਼ਾਹਰੁਖ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਹੈ।

‘ਪਠਾਨ’ ਦਾ ਵਿਰੋਧ ਨਹੀਂ ਕਰੇਗਾ ਬਜਰੰਗ ਦਲ
ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ, ਜੋ ਕਈ ਸ਼ਹਿਰਾਂ ’ਚ ‘ਪਠਾਨ’ ਦੇ ਵਿਰੋਧ ’ਚ ਸਭ ਤੋਂ ਅੱਗੇ ਹਨ, ਹੁਣ ਗੁਜਰਾਤ ’ਚ ਫ਼ਿਲਮ ਦਾ ਵਿਰੋਧ ਨਹੀਂ ਕਰਨਗੇ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਗੁਜਰਾਤ ’ਚ ਖੇਤਰੀ ਮੰਤਰੀ ਅਸ਼ੋਕ ਰਾਵਲ ਨੇ ਇਸ ਸਬੰਧੀ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਆਪਣੇ ਬਿਆਨ ’ਚ ‘ਪਠਾਨ’ ’ਚ ਬਦਲਾਅ ਕਰਨ ਲਈ ਸੈਂਸਰ ਬੋਰਡ ਦੀ ਤਾਰੀਫ਼ ਕੀਤੀ ਤੇ ਕਿਹਾ ਕਿ ਹੁਣ ਇਹ ਫ਼ਿਲਮ ਦੇਖਣਾ ਜਾਂ ਨਾ ਦੇਖਣਾ ਲੋਕਾਂ ’ਤੇ ਨਿਰਭਰ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਆਥੀਆ ਸ਼ੈੱਟੀ ਤੇ ਕੇ. ਐੱਲ. ਰਾਹੁਲ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

ਅਸ਼ੋਕ ਰਾਵਲ ਨੇ ਆਪਣੇ ਅਧਿਕਾਰਤ ਬਿਆਨ ’ਚ ਕਿਹਾ, ‘‘ਹਿੰਦੀ ਫ਼ਿਲਮ ‘ਪਠਾਨ’ ਦੇ ਬਜਰੰਗ ਦਲ ਦੇ ਵਿਰੋਧ ਤੋਂ ਬਾਅਦ ਸੈਂਸਰ ਬੋਰਡ ਨੇ ਫ਼ਿਲਮ ’ਚੋਂ ਅਸ਼ਲੀਲ ਗੀਤਾਂ ਤੇ ਭੱਦੇ ਸ਼ਬਦਾਂ ਨੂੰ ਹਟਾ ਦਿੱਤਾ ਹੈ, ਜੋ ਕਿ ਚੰਗੀ ਖ਼ਬਰ ਹੈ। ਧਰਮ ਤੇ ਸੰਸਕ੍ਰਿਤੀ ਦੀ ਰਾਖੀ ਲਈ ਕੀਤੇ ਗਏ ਇਸ ਸੰਘਰਸ਼ ਨੂੰ ਸਫਲ ਬਣਾਉਣ ਲਈ ਮੈਂ ਸਮੂਹ ਵਰਕਰਾਂ ਤੇ ਸਮੁੱਚੇ ਹਿੰਦੂ ਸਮਾਜ ਨੂੰ ਵਧਾਈ ਦਿੰਦਾ ਹਾਂ।’’

ਜੇਕਰ ਸੱਭਿਆਚਾਰ ਦਾ ਧਿਆਨ ਰੱਖਿਆ ਜਾਵੇ ਤਾਂ ਕੋਈ ਇਤਰਾਜ਼ ਨਹੀਂ ਹੋਵੇਗਾ
ਉਨ੍ਹਾਂ ਅੱਗੇ ਕਿਹਾ, ‘‘ਇਸ ਦੇ ਨਾਲ ਹੀ ਮੈਂ ਸੈਂਸਰ ਬੋਰਡ, ਨਿਰਮਾਤਾਵਾਂ ਤੇ ਥਿਏਟਰ ਮਾਲਕਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਫ਼ਿਲਮ ਇੰਡਸਟਰੀ ਦੇ ਇਕ ਅਹਿਮ ਹਿੱਸੇਦਾਰ ਹੋਣ ਦੇ ਨਾਤੇ ਜੇਕਰ ਉਹ ਸਮੇਂ ਸਿਰ ਧਰਮ, ਸੱਭਿਆਚਾਰ ਤੇ ਦੇਸ਼ ਭਗਤੀ ਨੂੰ ਧਿਆਨ ’ਚ ਰੱਖਦਿਆਂ ਕੰਮ ਕਰਦੇ ਹਨ ਤਾਂ ਬਜਰੰਗ ਦਲ ਤੇ ਹਿੰਦੂ ਸਮਾਜ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News