ਪੰਜਾਬੀ ਫ਼ਿਲਮ ‘ਬੱਬਰ’ ਦਾ ਦਰਸ਼ਕਾਂ ’ਤੇ ਚੱਲਿਆ ਜਾਦੂ

03/19/2022 10:45:51 AM

ਚੰਡੀਗੜ੍ਹ (ਬਿਊਰੋ)– ਦਰਸ਼ਕਾਂ ਨੂੰ ਪੰਜਾਬੀ ਫ਼ਿਲਮ ‘ਬੱਬਰ’ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਤੇ ਰਿਲੀਜ਼ ਹੋਣ ਤੋਂ ਬਾਅਦ ਹੀ ਅੰਮ੍ਰਿਤ ਮਾਨ ਸਟਾਰਰ ਫ਼ਿਲਮ ‘ਬੱਬਰ’ ਨੂੰ ਵਿਸ਼ਵ ਪੱਧਰ ’ਤੇ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਨੂੰ ਬਹੁਤ ਵਧੀਆ ਸਮੀਖਿਆਵਾਂ ਮਿਲ ਰਹੀਆਂ ਹਨ, ਜਿਸ ਨਾਲ ਫ਼ਿਲਮ ਦੇਖਣਾ ਲਾਜ਼ਮੀ ਬਣ ਜਾਂਦਾ ਹੈ। ਦਰਸ਼ਕਾਂ ਦੀ ਕਹਾਣੀ, ਡਾਇਲਾਗਸ ਤੇ ਐਕਸ਼ਨ ਬਹੁਤ ਪ੍ਰਭਾਵਸ਼ਾਲੀ ਲੱਗ ਰਹੇ ਹਨ।

ਸਫਲਤਾਪੂਰਵਕ ਚੱਲ ਰਹੀ ਫ਼ਿਲਮ ‘ਬੱਬਰ’ ਬੇਸ਼ੱਕ ਅੰਮ੍ਰਿਤ ਮਾਨ ਦੀ ਫ਼ਿਲਮ ਹੈ ਪਰ ਇਸ ’ਚ ਯੋਗਰਾਜ ਸਿੰਘ, ਰਘਬੀਰ ਬੋਲੀ ਤੇ ਰਾਜ ਸਿੰਘ ਝਿੰਜਰ ਦੇ ਕਿਰਦਾਰ ਵੀ ਅਹਿਮ ਹਨ। ਅਦਾਕਾਰੀ ਦੀ ਗੱਲ ਕਰੀਏ ਤਾਂ ਹਰ ਇਕ ਕਲਾਕਾਰ ਨੇ ਆਪਣਾ ਕਿਰਦਾਰ ਬਾਖੂਬੀ ਨਿਭਾਉਣ ਲਈ ਜੀਅ-ਜਾਨ ਲਗਾ ਦਿੱਤੀ ਹੈ। ਕਲਾਕਾਰਾਂ ਦੇ ਪ੍ਰਦਰਸ਼ਨ ਤੁਹਾਨੂੰ ਹੈਰਾਨ ਕਰ ਦੇਣਗੇ ਪਰ ਅੰਮ੍ਰਿਤ ਮਾਨ ਤੇ ਰਾਜ ਸਿੰਘ ਝਿੰਜਰ ਨੇ ਤਾਂ ਮੇਲਾ ਲੁੱਟ ਹੀ ਲਿਆ। ਫ਼ਿਲਮ ’ਚ ਉਨ੍ਹਾਂ ਦਾ ਕਾਤਲ ਦੇਸੀ ਲੁੱਕ, ਗੈਂਗਸਟਾ ਸਟਾਈਲ ਐਕਸ਼ਨ, ਕਮਾਲ ਦੇ ਡਾਇਲਾਗਸ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੇ ਹਨ। ਇਸ ਦੇ ਨਾਲ ਹੀ ਸਵਰਗਵਾਸੀ ਅਦਾਕਾਰ ਕਾਕਾ ਕੌਤਕੀ ਨੂੰ ਪਰਦੇ ’ਤੇ ਦੇਖ ਸਭ ਭਾਵੁਕ ਹੋ ਗਏ।

ਸ਼ਾਨਦਾਰ, ਪਾਵਰ-ਪੈਕਡ, ਰੋਮਾਂਚਕ ਤੇ ਮਨੋਰੰਜਕ ਹੋਣ ਦੇ ਨਾਲ-ਨਾਲ ਨਵੀਂ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਬੱਬਰ’ ਨੇ ਪੰਜਾਬੀ ਫ਼ਿਲਮ ਪ੍ਰੇਮੀਆਂ ’ਚ ਲੋੜੀਂਦਾ ਉਤਸ਼ਾਹ ਪੈਦਾ ਕੀਤਾ ਹੈ ਕਿਉਂਕਿ ਇਹ ਉਮੀਦਾਂ ਤੋਂ ਕਿਤੇ ਪਰ੍ਹੇ ਹੈ। ਫ਼ਿਲਮ ’ਚ ਤੁਹਾਨੂੰ ਬਾਲੀਵੁੱਡ ਪੱਧਰ ਦਾ ਐਕਸ਼ਨ ਦੇਖਣ ਤੇ ਡਾਇਲਾਗਸ ਸੁਣਨ ਨੂੰ ਮਿਲਣਗੇ, ਜੋ ਕਿਸੇ ਹਿੰਦੀ ਵੈੱਬ ਸੀਰੀਜ਼ ਦਾ ਅਨੁਭਵ ਕਰਾਉਣਗੇ। 

ਫ਼ਿਲਮ ਦੀ ਜ਼ਬਰਦਸਤ ਕਹਾਣੀ ਦੀ ਗੱਲ ਕਰੀਏ ਤਾਂ ਇਹ ‘ਬੱਬਰ’ ਦੀ ਕੁਰਸੀ ਦੇ ਆਲੇ-ਦੁਆਲੇ ਘੁੰਮਦੀ ਹੈ। ਫ਼ਿਲਮ ਦਾ ਹਰ ਕਿਰਦਾਰ ‘ਬੱਬਰ’ ਦੀ ਕੁਰਸੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਜੋ ‘ਬੱਬਰ’ ਦੀ ਕੁਰਸੀ ’ਤੇ ਬੈਠ ਕੇ ਅੰਡਰਵਰਲਡ ਦਾ ਰਾਜਾ ਬਣ ਸਕੇ।

ਇਹ ਖ਼ਬਰ ਵੀ ਪੜ੍ਹੋ : ਹੀਰੋਇਜ਼ਮ ਨਹੀਂ, ਕਿਰਦਾਰਾਂ ਦੀ ਕਹਾਣੀ ਹੈ ‘ਬੱਬਰ’ : ਅੰਮ੍ਰਿਤ ਮਾਨ

ਸਭ ਤੋਂ ਸਫ਼ਲ ਫ਼ਿਲਮ ‘ਵਾਰਨਿੰਗ’ ਦਾ ਨਿਰਦੇਸ਼ਨ ਕਰਨ ਵਾਲੇ ਅਮਰ ਹੁੰਦਲ ਕਿੰਗ ਆਫ ਡਾਇਰੈਕਸ਼ਨ ਨੇ ਨਾ ਸਿਰਫ਼ ‘ਬੱਬਰ’ ਦੀ ਸੁਪਰਹਿੱਟ ਕਹਾਣੀ ਨੂੰ ਲਿਖਿਆ ਤੇ ਜ਼ਬਰਦਸਤ ਨਿਰਦੇਸ਼ਿਤ ਕੀਤਾ ਹੈ, ਸਗੋਂ ਉਨ੍ਹਾਂ ਨੇ ਫ਼ਿਲਮ ’ਚ ਵੇਦਾਲ ਦਾ ਮੁੱਖ ਕਿਰਦਾਰ ਵੀ ਨਿਭਾਇਆ ਹੈ। ਫ਼ਿਲਮ ’ਚ ਉਨ੍ਹਾਂ ਦੀ ਦਿੱਖ ਨੇ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ।

ਫ਼ਿਲਮ ਦੀ ਕਹਾਣੀ, ਐਕਸ਼ਨ, ਡਾਇਰੈਕਸ਼ਨ ਦੇ ਨਾਲ-ਨਾਲ ਗੀਤਾਂ ਨੇ ਵੀ ‘ਬੱਬਰ’ ਨੂੰ ਹਿੱਟ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ‘ਬੱਬਰ’ ਦੇ ਗੀਤ ਸੋਸ਼ਲ ਸਾਈਟਾਂ ’ਤੇ ਟਰੈਂਡ ਕਰ ਰਹੇ ਸਨ।

ਅਮਰ ਹੁੰਦਲ ਵਲੋਂ ਲਿਖੀ ਤੇ ਨਿਰਦੇਸ਼ਿਤ ਫ਼ਿਲਮ ‘ਬੱਬਰ’ ਦਾ ਨਿਰਮਾਣ ਬੰਬ ਬੀਟਸ ਤੇ ਦੇਸੀ ਕਰਿਊ ਵਲੋਂ ਕੀਤਾ ਗਿਆ ਹੈ। 

ਫ਼ਿਲਮ ਭਾਵਨਾਵਾਂ, ਐਕਸ਼ਨ, ਰੋਮਾਂਚ, ਡਰਾਮਾ ਤੇ ਸਸਪੈਂਸ ਦਾ ਇਕ ਪਾਵਰ ਪੈਕ ਹੈ। ਅਦਾਕਾਰਾਂ ਸਮੇਤ ਫ਼ਿਲਮ ਦੀ ਪੂਰੀ ਟੀਮ ਨੇ ਸਪਾਟ ਬੁਆਏ ਤੋਂ ਲੈ ਕੇ ਸਿਨੇਮੈਟੋਗ੍ਰਾਫਰ ਤੇ ਐਡੀਟਰ ਤੱਕ, ਬਹੁਤ ਮਿਹਨਤ ਕੀਤੀ ਹੈ ਤੇ ਸ਼ਲਾਘਾਯੋਗ ਕੰਮ ਕੀਤਾ ਹੈ, ਜੋ ਪਰਦੇ ’ਤੇ ਸਾਫ਼ ਦਿਖਾਈ ਦਿੰਦਾ ਹੈ। ਫ਼ਿਲਮ ਸਿਨੇਮਾਘਰਾਂ ’ਚ ਸਫਲਤਾਪੂਰਵਕ ਚੱਲ ਰਹੀ ਹੈ ਤੇ ਯਕੀਨਣ ਦੁਨੀਆ ਭਰ ’ਚ ਇਕ ਬਲਾਕਬਸਟਰ ਹਿੱਟ ਬਣੇਗੀ।

ਨੋਟ– ਤੁਹਾਨੂੰ ‘ਬੱਬਰ’ ਫ਼ਿਲਮ ਕਿਵੇਂ ਦੀ ਲੱਗੀ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News