KL ਰਾਹੁਲ ਤੇ ਆਥੀਆ ਸ਼ੈੱਟੀ ਨੇ ਧੀ ''ਇਵਾਰਾ'' ਨੂੰ ਲੈ ਕੇ ਪੈਪਰਾਜ਼ੀ ਨੂੰ ਕੀਤੀ ਖਾਸ ਬੇਨਤੀ
Saturday, Sep 13, 2025 - 11:00 AM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਅਤੇ ਕ੍ਰਿਕਟਰ ਕੇਐੱਲ ਰਾਹੁਲ ਇਸ ਸਮੇਂ ਮਾਂ-ਪਿਓ ਬਣਨ ਦਾ ਆਨੰਦ ਮਾਣ ਰਹੇ ਹਨ। ਆਥੀਆ ਸ਼ੈੱਟੀ ਨੇ 24 ਮਾਰਚ 2025 ਨੂੰ ਇੱਕ ਪਿਆਰੀ ਧੀ ਨੂੰ ਜਨਮ ਦਿੱਤਾ। ਆਥੀਆ ਅਤੇ ਕੇਐਲ ਰਾਹੁਲ ਨੇ ਆਪਣੇ ਪਹਿਲੇ ਬੱਚੇ ਦਾ ਨਾਮ ਇਵਾਰਾ ਰੱਖਿਆ। ਆਪਣੀ ਧੀ ਦੇ ਜਨਮ ਤੋਂ ਬਾਅਦ ਆਥੀਆ ਨੇ ਆਪਣੇ ਆਪ ਨੂੰ ਫਿਲਮੀ ਦੁਨੀਆ ਤੋਂ ਦੂਰ ਕਰ ਲਿਆ ਹੈ। ਇਸ ਗੱਲ ਦਾ ਖੁਲਾਸਾ ਆਥੀਆ ਦੇ ਪਿਤਾ ਅਤੇ ਅਦਾਕਾਰ ਸੁਨੀਲ ਸ਼ੈੱਟੀ ਨੇ ਕੀਤਾ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਆਥੀਆ ਸ਼ੈੱਟੀ ਨੇ ਮੀਡੀਆ ਨੂੰ ਆਪਣੀ ਧੀ ਦੀਆਂ ਤਸਵੀਰਾਂ ਨਾ ਲੈਣ ਦੀ ਬੇਨਤੀ ਕੀਤੀ ਹੈ।
ਹਾਲ ਹੀ ਵਿੱਚ ਆਥੀਆ ਨੇ ਆਪਣੀ ਧੀ ਦੇ ਜਨਮ ਦਾ ਜਸ਼ਨ ਮਨਾਉਣ ਲਈ ਮੀਡੀਆ ਨੂੰ ਖਾਸ ਤੋਹਫ਼ੇ ਦਿੱਤੇ। ਉਨ੍ਹਾਂ ਨੇ ਮੀਡੀਆ ਦਾ ਸਮਰਥਨ ਕਰਨ ਅਤੇ ਆਪਣੀ ਧੀ ਦੀ ਨਿੱਜਤਾ ਦਾ ਸਤਿਕਾਰ ਕਰਨ ਲਈ ਧੰਨਵਾਦ ਕੀਤਾ। ਅਦਾਕਾਰਾ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਧੀ ਦੇ ਵੱਡੇ ਹੋਣ ਅਤੇ ਬਾਹਰ ਦੀ ਦੁਨੀਆ 'ਚ ਕਦਮ ਰੱਖਣ ਦੌਰਾਨ ਉਸ ਦੀਆਂ ਫੋਟੋਆਂ ਜਾਂ ਵੀਡੀਓ ਨਾ ਲੈਣ ਜਾਂ ਸਾਂਝਾ ਨਾ ਕਰਨ।
ਆਥੀਆ ਸ਼ੈੱਟੀ ਨੇ ਆਪਣੀ ਧੀ ਨੂੰ ਮੀਡੀਆ ਤੋਂ ਦੂਰ ਰੱਖਣ ਦਾ ਫੈਸਲਾ ਕੀਤਾ ਹੈ ਠੀਕ ਉਸੇ ਤਰ੍ਹਾਂ ਜਿਵੇਂ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਨੇ ਮੀਡੀਆ ਤੋਂ ਆਪਣੀ ਧੀ ਦੀਆਂ ਤਸਵੀਰਾਂ ਨਾ ਲੈਣ ਅਤੇ ਨਿੱਜਤਾ ਦੇਣ ਲਈ ਕਿਹਾ ਸੀ। ਇਸ ਤੋਂ ਪਹਿਲਾਂ ਅਨੁਸ਼ਕਾ ਸ਼ਰਮਾ-ਵਿਰਾਟ ਕੋਹਲੀ ਅਤੇ ਰਣਵੀਰ ਸਿੰਘ-ਦੀਪਿਕਾ ਪਾਦੂਕੋਣ ਨੇ ਵੀ ਮੀਡੀਆ ਨੂੰ ਆਪਣੇ ਬੱਚਿਆਂ ਦੀਆਂ ਤਸਵੀਰਾਂ ਨਾ ਲੈਣ ਦੀ ਬੇਨਤੀ ਕੀਤੀ ਸੀ।
ਕੰਮ ਦੇ ਫਰੰਟ ਦੀ ਗੱਲ ਕਰੀਏ ਤਾਂ ਆਥੀਆ ਸ਼ੈੱਟੀ ਨੇ 2015 ਵਿੱਚ ਸਲਮਾਨ ਖਾਨ ਪ੍ਰੋਡਕਸ਼ਨ ਦੀ ਫਿਲਮ 'ਹੀਰੋ' ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ ਜਿਸ ਵਿੱਚ ਉਸਨੇ ਰਾਧਾ ਮਾਥੁਰ ਦਾ ਕਿਰਦਾਰ ਨਿਭਾ ਕੇ ਆਪਣੀ ਪਛਾਣ ਬਣਾਈ ਸੀ। ਇਸ ਤੋਂ ਬਾਅਦ, ਉਹ ਕਾਮੇਡੀ ਫਿਲਮ 'ਮੁਬਾਰਕਾਂ' ਅਤੇ ਡਰਾਮਾ ਫਿਲਮ 'ਮੋਤੀਚੂਰ ਚਕਨਾਚੂਰ' ਵਰਗੀਆਂ ਸਫਲ ਫਿਲਮਾਂ ਵਿੱਚ ਨਜ਼ਰ ਆਈ। ਆਥੀਆ ਨੂੰ 'ਨਵਾਬਜ਼ਾਦੇ' ਡਾਂਸ ਗੀਤ ਵਿੱਚ ਵੀ ਦਿਖਾਇਆ ਗਿਆ ਸੀ।