ਗਾਇਕ ਅਰਮਾਨ ਬੇਦਿਲ ਨੇ ਭਾਰਤ ਬੰਦ ਦਾ ਕੀਤਾ ਸਮਰਥਨ, ਸਾਂਝੀ ਕੀਤੀ ਇਹ ਖ਼ਾਸ ਵੀਡੀਓ
Monday, Sep 27, 2021 - 03:29 PM (IST)
ਚੰਡੀਗੜ੍ਹ (ਬਿਊਰੋ) - ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਤਕਰੀਬਨ 1 ਸਾਲ ਤੋਂ ਸੰਘਰਸ਼ ਕਰ ਰਹੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਕਰਦੀਆਂ ਕਿਸਾਨ ਸੰਯੁਕਤ ਮੋਰਚੇ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨਾਂ ਨੂੰ ਧਰਨਾ ਦਿੰਦਿਆਂ ਇੱਕ ਸਾਲ ਹੋਣ ਵਾਲਾ ਹੈ ਪਰ ਹੰਕਾਰੀ ਸਰਕਾਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ ਹੈ। ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹੋਏ ਹਨ। ਕੇਂਦਰ ਦੀ ਸਰਕਾਰ 'ਤੇ ਦਬਾਅ ਬਣਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ। ਪੰਜਾਬੀ ਕਲਾਕਾਰ ਵੀ ਭਾਰਤ ਬੰਦ ਨੂੰ ਆਪਣਾ ਸਮਰਥਨ ਦੇ ਰਹੇ ਹਨ।
ਗਾਇਕ ਅਰਮਾਨ ਬੇਦਿਲ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਭਾਰਤ ਬੰਦ ਨੂੰ ਆਪਣਾ ਸਮਰਥਨ ਦਿੱਤਾ ਹੈ। ਇਹ ਵੀਡੀਓ ਉਨ੍ਹਾਂ ਦੇ ਲਾਈਵ ਮਿਊਜ਼ਿਕ ਸ਼ੋਅ ਦੀ ਹੈ, ਜਿਸ 'ਚ ਉਹ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖ ਸਕਦੇ ਹੋ ਦਰਸ਼ਕ ਵੀ ਕਿਸਾਨੀ ਨਾਅਰੇ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਸ ਪੋਸਟ 'ਤੇ ਵੱਡੀ ਗਿਣਤੀ 'ਚ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਕਿਸਾਨੀ ਸੰਘਰਸ਼ ਨੂੰ ਆਪਣਾ ਸਮਰਥਨ ਦੇ ਰਹੇ ਹਨ।
ਦੱਸਣਯੋਗ ਹੈ ਕਿ ਅੱਜ ਦੇ ਭਾਰਤ ਬੰਦ ਅਤੇ ਕਿਸਾਨਾਂ ਦੇ ਰੋਸ ਨੂੰ ਦੇਖਦੇ ਹੋਏ ਰੇਲਵੇ ਵਿਭਾਗ ਵੱਲੋਂ ਕਈ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਅਤੇ ਬੱਸਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ। ਕਿਸਾਨਾਂ ਨੇ ਇਕੱਠੇ ਹੋ ਕੇ ਖੁੱਲ੍ਹੀਆਂ ਦੁਕਾਨਾਂ, ਸਕੂਲਾਂ, ਬੈਂਕਾਂ, ਦਫ਼ਤਰਾਂ ਅਤੇ ਹੋਰ ਅਦਾਰਿਆਂ ਨੂੰ ਬੰਦ ਵੀ ਕਰਵਾਇਆ। ਬੰਦ ਕਾਰਨ ਆਮ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਜਿਨ੍ਹਾਂ ਨੂੰ ਆਪਣੇ ਦਫ਼ਤਰਾਂ ਜਾਂ ਹੋਰ ਸ਼ਹਿਰਾਂ 'ਚ ਪਹੁੰਚਣਾ ਪਿਆ, ਉਹ ਅੱਜ ਸਵੇਰੇ 6 ਵਜੇ ਤੋਂ ਪਹਿਲਾਂ ਆਪਣੇ ਟਿਕਾਣਿਆਂ 'ਤੇ ਪਹੁੰਚ ਗਏ।