ਹੀਰੋਇਜ਼ਮ ਨਹੀਂ, ਕਿਰਦਾਰਾਂ ਦੀ ਕਹਾਣੀ ਹੈ ‘ਬੱਬਰ’ : ਅੰਮ੍ਰਿਤ ਮਾਨ
Thursday, Mar 17, 2022 - 10:16 AM (IST)
ਪੰਜਾਬੀ ਫ਼ਿਲਮ ‘ਬੱਬਰ’ 18 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਅੰਮ੍ਰਿਤ ਮਾਨ, ਯੋਗਰਾਜ ਸਿੰਘ ਤੋਂ ਇਲਾਵਾ ਕਈ ਹੋਰ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਅਮਰ ਹੁੰਦਲ ਨੇ ਕੀਤਾ ਹੈ। ਅਮਰ ਹੁੰਦਲ ‘ਬੱਬਰ’ ਤੋਂ ਪਹਿਲਾਂ ‘ਵਾਰਨਿੰਗ’ ਵਰਗੀ ਸ਼ਾਨਦਾਰ ਵੈੱਬ ਸੀਰੀਜ਼ ਤੇ ਫ਼ਿਲਮ ਬਣਾ ਚੁੱਕੇ ਹਨ। ਫ਼ਿਲਮ ਦੇ ਸਿਲਸਿਲੇ ’ਚ ਅੰਮ੍ਰਿਤ ਮਾਨ ਨੇ ‘ਜਗ ਬਾਣੀ’ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–
ਕੁਝ ਵੱਖਰਾ ਕਰਨ ਦੀ ਕੀਤੀ ਕੋਸ਼ਿਸ਼
ਕੋਸ਼ਿਸ਼ ਇਹੀ ਕੀਤੀ ਕਿ ਕੁਝ ਵੱਖਰਾ ਕਰੀਏ। ਪ੍ਰਸ਼ੰਸਕਾਂ ਦੇ ਵੀ ਕਾਫੀ ਸਮੇਂ ਤੋਂ ਸੁਨੇਹੇ ਆਉਂਦੇ ਸਨ ਕਿ ਕੁਝ ਵੱਖਰਾ ਟ੍ਰਾਈ ਕਰੋ, ਐਕਸ਼ਨ ਟ੍ਰਾਈ ਕਰੋ ਤੇ ਥੋੜ੍ਹਾ ਇਨਟੈਂਸ ਟ੍ਰਾਈ ਕਰੋ। ਸੋ ਕੁਝ ਇਸੇ ਤਰ੍ਹਾਂ ਦੀ ਫ਼ਿਲਮ ਲੈ ਕੇ ਆਏ ਹਾਂ।
‘ਬੱਬਰ’ ਟਾਈਟਲ ਦਾ ਆਇਡੀਆ ਮੇਰਾ
ਇਹ ਟਾਈਟਲ ਦਾ ਆਇਡੀਆ ਮੇਰਾ ਸੀ। ਪਹਿਲਾਂ ਅਸੀਂ ਟਾਈਟਲ ਕੁਝ ਹੋਰ ਰੱਖਿਆ ਸੀ ਫਿਰ ਅਸੀਂ ਸੋਚਿਆ ਕਿ ਫ਼ਿਲਮ ਲਈ ‘ਬੱਬਰ’ ਜ਼ਿਆਦਾ ਸੂਟ ਕਰਦਾ ਹੈ। ਕਹਾਣੀ ਦੇ ਆਲੇ-ਦੁਆਲੇ ਇਹ ਨਾਂ ਘੁੰਮਦਾ ਹੈ।
‘ਬੱਬਰ’ ਦੇ ਸੀਕੁਅਲ ਦਾ ਵੀ ਦਿੱਤਾ ਹਿੰਟ
ਪੰਜਾਬੀ ਸਿਨੇਮਾ ’ਚ ਐਕਸ਼ਨ ਫ਼ਿਲਮਾਂ ਬਣਾਉਣਾ ਬਹੁਤ ਮੁਸ਼ਕਿਲ ਹੈ। ਇਸੇ ਲਈ ਅਸੀਂ ਨਿਰੋਲ ਐਕਸ਼ਨ ਫ਼ਿਲਮ ਨਹੀਂ ਬਣਾਈ। ਇਸ ਫ਼ਿਲਮ ’ਚ ਸਿਰਫ ਕੁੱਟਮਾਰ ਨਹੀਂ ਹੈ, ਐਕਸ਼ਨ ਜਿਥੇ ਜ਼ਰੂਰਤ ਹੈ, ਉਥੇ ਹੈ। ਇਸ ਤੋਂ ਇਲਾਵਾ ਇਕ ਔਰਾ ਕ੍ਰਿਏਟ ਕੀਤਾ ਗਿਆ ਹੈ। ਹਰ ਕਿਰਦਾਰ ਦਾ ਇਕ ਔਰਾ ਹੈ, ਹਰ ਕਿਰਦਾਰ ਆਪਣੇ ਨਾਲ ਕੁਝ ਲੈ ਕੇ ਚੱਲਦਾ, ਹਰ ਕਿਰਦਾਰ ਦੀ ਇਕ ਕਹਾਣੀ ਹੈ। ਸਰਪ੍ਰਾਈਜ਼ ਇਹ ਵੀ ਹੈ ਕਿ ਇਹ ਕਹਾਣੀ ਅਸੀਂ ਸ਼ੁਰੂ ਕੀਤੀ ਹੈ, ਇਹ ਨਹੀਂ ਪਤਾ ਕਿ ਇਸ ਦੇ ਦੋ ਭਾਗ ਬਣ ਜਾਣ ਜਾਂ ਤਿੰਨ।
ਫ਼ਿਲਮ ’ਚ ਹਰ ਕਿਰਦਾਰ ਦੇ ਮਾਇਨੇ
ਇਹ ਫ਼ਿਲਮ ਹੀਰੋਇਜ਼ਮ ਵਾਲੀ ਫ਼ਿਲਮ ਨਹੀਂ ਹੈ। ਇਸ ਫ਼ਿਲਮ ’ਚ ਇਹ ਨਹੀਂ ਹੈ ਕਿ ਮੈਂ ਫ਼ਿਲਮ ਦਾ ਹੀਰੋ ਹਾਂ ਤੇ ਮੇਰੇ ਆਲੇ-ਦੁਆਲੇ ਫ਼ਿਲਮ ਦੀ ਕਹਾਣੀ ਚੱਲ ਰਹੀ ਹੈ। ਫ਼ਿਲਮ ’ਚ ਹਰ ਕਿਰਦਾਰ ਦੇ ਮਾਇਨੇ ਹਨ। ਇਹ ਵੱਖ-ਵੱਖ ਕਿਰਦਾਰਾਂ ਦੀ ਵੱਖ-ਵੱਖ ਕਹਾਣੀ ਹੈ, ਜੁੜਦੀ ਕਿਵੇਂ ਹੈ, ਇਸ ਦੇ ਆਲੇ-ਦੁਆਲੇ ਫ਼ਿਲਮ ਘੁੰਮਦੀ ਹੈ।
ਮੇਰੇ ’ਤੇ ਅਜੇ ਕੋਈ ਕਿਰਦਾਰ ਹਾਵੀ ਨਹੀਂ ਹੋਇਆ
ਮੇਰੇ ’ਤੇ ਅਜੇ ਮੇਰਾ ਕੋਈ ਕਿਰਦਾਰ ਹਾਵੀ ਨਹੀਂ ਹੋਇਆ ਕਿਉਂਕਿ ਮੈਨੂੰ ਲੱਗਦਾ ਕਿ ਅਜੇ ਤਕ ਮੈਂ ਕੋਈ ਜ਼ਬਰਦਸਤ ਐਕਟ ਕੀਤਾ ਹੀ ਨਹੀਂ, ਜਿਹੜਾ ਮੈਨੂੰ ਲੱਗੇ ਕਿ ਮੇਰੇ ’ਤੇ ਹਾਵੀ ਹੋ ਜਾਵੇ। ਜਿਸ ਦਿਨ ਕੋਈ ਕਿਰਦਾਰ ਮੇਰੇ ’ਤੇ ਹਾਵੀ ਹੋਇਆ ਤਾਂ ਮੈਂ ਉਸ ਬਾਰੇ ਜ਼ਰੂਰ ਦੱਸਾਂਗਾ ਕਿਉਂਕਿ ਮੈਨੂੰ ਲੱਗਦਾ ਕਿ ਅਜੇ ਮੇਰੀ ਅਦਾਕਾਰੀ ’ਚ ਕਾਫੀ ਕਮੀਆਂ ਹਨ।
ਟੀਜ਼ਰ ਦੇ ਰਿਲੀਜ਼ ਹੋਣ ਤੋਂ ਪਹਿਲਾਂ ਬਹੁਤ ਡਰ ਸੀ
ਮੇਰਾ ਉਨਾ ਚਿਰ ਡਰ ਨਹੀਂ ਨਿਕਲਿਆ, ਜਦੋਂ ਤਕ ਫ਼ਿਲਮ ਦਾ ਟੀਜ਼ਰ ਰਿਲੀਜ਼ ਨਹੀਂ ਹੋਇਆ। ਜਦੋਂ ਰਿਲੀਜ਼ ਤੋਂ ਬਾਅਦ ਲੋਕਾਂ ਦੇ ਸੁਨੇਹੇ ਆਏ ਤਾਂ ਫਿਰ ਮੇਰਾ ਡਰ ਖ਼ਤਮ ਹੋ ਗਿਆ। ਇੰਡਸਟਰੀ ਦੇ ਬਹੁਤ ਲੋਕਾਂ ਦੇ ਫੋਨ ਆਏ। ਕਈ ਸੀਨੀਅਰਾਂ ਨੇ ਫੋਨ ਕੀਤੇ ਤੇ ਉਨ੍ਹਾਂ ਦੇ ਫੋਨ ਤੋਂ ਬਾਅਦ ਹੌਸਲਾ ਵੱਧ ਗਿਆ।
‘ਇਸ ਫ਼ਿਲਮ ’ਤੇ ਅਸੀਂ ਬਹੁਤ ਮਿਹਨਤ ਕੀਤੀ ਹੈ। ਤੁਸੀਂ ਨਿਰਾਸ਼ ਨਹੀਂ ਹੋਵੋਗੇ। ਮੈਂ ਉਦੋਂ ਹੀ ਅਪੀਲ ਕਰਦਾ, ਜਦੋਂ ਮੈਨੂੰ ਲੱਗਦਾ ਕਿ ਚੀਜ਼ ਮੇਰੀ ਵਧੀਆ ਹੈ ਤੇ ਤੁਹਾਨੂੰ ਪਸੰਦ ਆਵੇਗੀ। ਮੈਂ ਆਪਣੇ ਆਪ ’ਚ ਕਮੀਆਂ ਬਹੁਤ ਕੱਢਦਾ। ਤੁਸੀਂ ਫ਼ਿਲਮ ਦੇਖ ਕੇ ਆਓ, ਤੁਹਾਨੂੰ ਚੰਗੀ ਲੱਗਦੀ ਤਾਂ ਵੀ ਮੈਸਿਜ ਕਰਕੇ ਦੱਸੋ ਤੇ ਨਹੀਂ ਚੰਗੀ ਲੱਗਦੀ ਤਾਂ ਵੀ ਮੈਨੂੰ ਮੈਸਿਜ ਕਰਕੇ ਜ਼ਰੂਰ ਦੱਸੋ।’
–ਅੰਮ੍ਰਿਤ ਮਾਨ