ਇਕੋ-ਜਿਹੇ ਮਹਿਸੂਸ ਹੁੰਦੇ ਨੇ ਪੰਜਾਬ ਤੇ ਹਰਿਆਣਾ, ਐਮੀ ਤੇ ਸੋਨਮ ਨੇ ਹਰਿਆਣਾ ’ਚ ਸ਼ੂਟਿੰਗ ਦਾ ਤਜ਼ਰਬਾ ਕੀਤਾ ਸਾਂਝਾ

Wednesday, Jun 12, 2024 - 11:09 AM (IST)

ਇਕੋ-ਜਿਹੇ ਮਹਿਸੂਸ ਹੁੰਦੇ ਨੇ ਪੰਜਾਬ ਤੇ ਹਰਿਆਣਾ, ਐਮੀ ਤੇ ਸੋਨਮ ਨੇ ਹਰਿਆਣਾ ’ਚ ਸ਼ੂਟਿੰਗ ਦਾ ਤਜ਼ਰਬਾ ਕੀਤਾ ਸਾਂਝਾ

ਪੰਜਾਬੀ ਫ਼ਿਲਮ ‘ਕੁੜੀ ਹਰਿਆਣੇ ਵੱਲ ਦੀ’ 14 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ’ਚ ਐਮੀ ਵਿਰਕ ਤੇ ਸੋਨਮ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਹ ਪਹਿਲੀ ਪੰਜਾਬੀ ਫਿਲਮ ਹੈ, ਜਿਸ ਦੀ ਜ਼ਿਆਦਾਤਰ ਸ਼ੂਟਿੰਗ ਹਰਿਆਣਾ ’ਚ ਹੋਈ ਹੈ ਤੇ ਇਸ ਨੂੰ ਪੈਨ ਇੰਡੀਆ ਲੈਵਲ ’ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਫ਼ਿਲਮ ਨੂੰ ਲੈ ਕੇ ਐਮੀ ਵਿਰਕ ਤੇ ਸੋਨਮ ਬਾਜਵਾ ਨਾਲ ਖ਼ਾਸ ਗੱਲਬਾਤ ਕੀਤੀ ਗਈ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਪੰਜਾਬ ਤੇ ਹਰਿਆਣਾ ’ਚ ਤੁਸੀਂ ਕੀ ਅਲੱਗ ਮਹਿਸੂਸ ਕੀਤਾ।

ਐਮੀ ਵਿਰਕ– ਅਸੀਂ ਜਿਸ ਘਰ ’ਚ ਸ਼ੂਟ ਕਰਦੇ ਸੀ, ਉਥੇ ਉਨ੍ਹਾਂ ਦੀ ਨੂੰਹ ਨੇ ਸਾਡੇ ਨਾਲ ਫੋਟੋ ਖਿੱਚਵਾਉਣੀ ਸੀ ਪਰ ਤਾਇਆ ਬਾਹਰ ਬੈਠਾ ਹੁੰਦਾ ਸੀ ਤਾਂ ਉਹ ਸ਼ਰਮ ਕਰ ਕੇ ਘੁੰਡ ਨਹੀਂ ਚੁੱਕਦੇ ਸਨ। ਫਿਰ ਉਨ੍ਹਾਂ ਦਾ ਮੁੰਡਾ ਤਾਏ ਕੋਲ ਗਿਆ ਤੇ ਉਸ ਦੇ ਮੂੰਹ ਅੱਗੇ ਪਰਦਾ ਕੀਤਾ ਤਾਂ ਕਿਤੇ ਜਾ ਕੇ ਉਨ੍ਹਾਂ ਦੀ ਨੂੰਹ ਨੇ ਫੋਟੋ ਖਿੱਚਵਾਈ। ਇਹ ਚੀਜ਼ ਦੇਖ ਕੇ ਬਹੁਤ ਵਧੀਆ ਲੱਗਾ ਕਿ ਅਜੇ ਵੀ ਉਥੇ ਲਾਜ-ਸ਼ਰਮ ਵੱਡਿਆਂ ਤੋਂ ਔਰਤਾਂ ਕਰਦੀਆਂ ਹਨ। ਬਾਕੀ ਸਭ ਕੁਝ ਪੰਜਾਬ ਤੇ ਹਰਿਆਣਾ ’ਚ ਇਕੋ-ਜਿਹਾ ਹੀ ਹੈ।

ਫਿਲਮ ਦੀ ਲੱਗਭਗ ਸਾਰੀ ਸ਼ੂਟਿੰਗ ਹਰਿਆਣਾ ’ਚ ਹੋਈ ਹੈ। ਕਿਵੇਂ ਦਾ ਮਾਹੌਲ ਰਿਹਾ ਉਥੇ?

ਸੋਨਮ– ਮੈਂ ਪਰੋਪਰ ਤਰੀਕੇ ਨਾਲ ਹਰਿਆਣਾ ’ਚ ਪਹਿਲੀ ਵਾਰ ਗਈ ਹਾਂ। ਪੰਜਾਬ ਵਰਗਾ ਹੀ ਮਾਹੌਲ ਮੈਨੂੰ ਉਥੇ ਲੱਗਾ। ਪਹਿਰਾਵੇ ਦਾ ਡਿਫਰੈਂਸ ਜ਼ਰੂਰ ਮਹਿਸੂਸ ਹੁੰਦਾ ਹੈ। ਮੈਂ ਸ਼ੁਰੂਆਤ ’ਚ ਹਰਿਆਣਵੀ ਬੋਲਣ ਲੱਗੀ ਥੋੜ੍ਹੀ ਅਸਹਿਜ ਮਹਿਸੂਸ ਕਰਦੀ ਸੀ ਪਰ ਮੇਰੇ ਸਹਿ-ਕਲਾਕਾਰ, ਜਿਨ੍ਹਾਂ ਨਾਲ ਮੈਂ ਹਰਿਆਣਵੀ ਬੋਲੀ, ਉਨ੍ਹਾਂ ਨਾਲ ਕੁਝ ਦਿਨ ਕੰਮ ਕਰ ਕੇ ਸਭ ਕੁਝ ਸਹਿਜ ਹੋ ਗਿਆ ਸੀ।

ਫਿਲਮ ਲਈ ਭਲਵਾਨੀ ਕਰਨਾ ਕਿੰਨਾ ਕੁ ਮਜ਼ੇਦਾਰ ਰਿਹਾ?

ਐਮੀ– ਸਾਡੇ ਨਾਲ ਸ਼ੂਟ ’ਤੇ ਅਸਲ ’ਚ 12-14 ਭਲਵਾਨ ਰਹੇ ਹਨ। ਅਸੀਂ ਉਨ੍ਹਾਂ ਨਾਲ ਹੀ ਸ਼ੂਟ ਕੀਤਾ ਹੈ। ਭਲਵਾਨੀ ਮੈਨੂੰ ਲੱਗਦਾ ਹੈ ਕਿ ਇਕ ਤਪੱਸਿਆ ਹੈ। ਭਲਵਾਨੀ ਕਰਨਾ ਮਾੜਾ-ਮੋਟਾ ਕੰਮ ਨਹੀਂ ਹੈ। ਇਸ ’ਚ ਬਹੁਤ ਜ਼ਿਆਦਾ ਤਾਕਤ ਚਾਹੀਦੀ ਹੈ। ਕੋਈ ਵੀ ਖੇਡ ਤੁਸੀਂ ਖੇਡਦੇ ਹੋ ਤਾਂ ਤੁਹਾਨੂੰ ਆਪਣੀ ਖੁਰਾਕ ਸਹੀ ਰੱਖਣੀ ਪੈਂਦੀ ਹੈ ਤਾਂ ਜਾ ਕੇ ਸਰੀਰ ਬਣਦਾ ਹੈ, ਬਹੁਤ ਔਖਾ ਕੰਮ ਹੈ।

ਤੁਹਾਨੂੰ ਲੱਗਦਾ ਹੈ ਕਿ ਪੰਜਾਬੀ ਸੰਗੀਤ ਨੇ ਪੰਜਾਬੀਆਂ ਨੂੰ ਉਥੇ ਜ਼ਿਆਦਾ ਮਸ਼ਹੂਰ ਕੀਤਾ ਹੈ?

ਐਮੀ– ਜੀ ਹਾਂ! ਪੰਜਾਬੀ ਮਿਊਜ਼ਿਕ ਦਾ ਬਹੁਤ ਵੱਡਾ ਹੱਥ ਹੈ। ਦਿਲਜੀਤ ਦੋਸਾਂਝ, ਸਿੱਧੂ ਮੂਸੇ ਵਾਲਾ, ਕਰਨ ਔਜਲਾ, ਏ. ਪੀ. ਢਿੱਲੋਂ, ਸ਼ੁੱਭ ਤੇ ਗੁਰਦਾਸ ਮਾਨ ਕਰ ਕੇ ਪੰਜਾਬ ਤੋਂ ਬਾਹਰ ਸਾਡੀ ਬੋਲੀ ਗਈ ਹੈ। ਮੁੰਬਈ ਵਾਲੇ ਉਂਝ ਵੀ ਖੇਤਰੀ ਭਾਸ਼ਾਵਾਂ ਨੂੰ ਖੁੱਲ੍ਹ ਕੇ ਸੁਪੋਰਟ ਕਰਦੇ ਹਨ। ਇਨ੍ਹਾਂ ’ਚ ਆਪਣੇ ਸੂਬੇ ਦੀ ਇਕ ਅਲੱਗ ਹੀ ਮਹਿਕ ਹੁੰਦੀ ਹੈ।

ਮੁੰਬਈ ਜਾ ਕੇ ਲੋਕਾਂ ਦਾ ਕਿੰਨਾ ਪਿਆਰ ਮਿਲਿਆ?

ਸੋਨਮ– ਕਿਸੇ ਨੇ ਇਹ ਮਹਿਸੂਸ ਨਹੀਂ ਕਰਵਾਇਆ ਕਿ ਅਸੀਂ ਪੰਜਾਬੀ ਫਿਲਮ ਉਥੇ ਲੈ ਕੇ ਗਏ ਹਾਂ, ਇਹੀ ਖ਼ੂਬਸੂਰਤੀ ਹੈ ਸਾਡੇ ਦੇਸ਼ ਦੀ। ਪਿਆਰ ਨਾਲ ਬੈਠ ਕੇ ਉਨ੍ਹਾਂ ਨੇ ਟਰੇਲਰ ਦੇਖਿਆ। ਲੋਕ ਉਥੇ ਪੰਜਾਬੀ ਬੋਲੀ ਨੂੰ ਬਹੁਤ ਪਿਆਰ ਕਰਦੇ ਹਨ। ਉਥੇ ਪੰਜਾਬੀ ਗੀਤ ਵੀ ਬਹੁਤ ਸੁਣਦੇ ਹਨ। ਅੱਧਾ ਪਿਆਰ ਤਾਂ ਸਾਨੂੰ ਇਸੇ ਕਰਕੇ ਮਿਲਦਾ ਹੈ ਕਿ ਅਸੀਂ ਪੰਜਾਬੀ ਹਾਂ।

ਫਿਲਮ ’ਚ ‘ਲਾਲੀ’ ਦਾ ਕੀ ਮਾਮਲਾ ਹੈ?

ਐਮੀ– ਲਾਲੀ ਬਹੁਤ ਕਮਾਲ ਦੀ ਚੀਜ਼ ਹੈ, ਉਹ ਤੁਸੀਂ ਫਿਲਮ ’ਚ ਦੇਖੋਗੇ ਤਾਂ ਚੰਗਾ ਮਜ਼ਾ ਦੇਵੇਗੀ। ਉਸ ਦਾ ਫਿਲਮ ’ਚ ਨਾਲ-ਨਾਲ ਜੋ ਟਰੈਕ ਚੱਲਦਾ, ਉਸ ਦਾ ਸਿੱਟਾ ਤੁਹਾਨੂੰ ਅਖੀਰ ’ਚ ਜਾ ਕੇ ਮਿਲੇਗਾ। ਨਾਲ ਹੀ ਇਕ ਵਧੀਆ ਸੁਨੇਹਾ ਦਿੰਦੀ ਹੈ ਤੇ ਬਜ਼ੁਰਗਾਂ ਲਈ ਵੀ ਫਿਲਮ ’ਚ ਸੁਨੇਹਾ ਹੈ।

ਨੈਸ਼ਨਲ ਕਰੱਸ਼ ਸੁਣ ਕੇ ਕਿਵੇਂ ਦੀ ਫੀਲਿੰਗ ਆਉਂਦੀ ਹੈ?

ਸੋਨਮ- ਵਧੀਆ ਲੱਗਦਾ ਹੈ। ਤਾਰੀਫ਼ ਹਰ ਇਨਸਾਨ ਨੂੰ ਵਧੀਆ ਲੱਗਦੀ ਹੈ ਪਰ ਮੈਂ ਚਾਹੁੰਦੀ ਹਾਂ ਕਿ ਲੋਕ ਸਿਰਫ਼ ਮੇਰੇ ਲੁੱਕਸ ਦੀ ਗੱਲ ਨਾ ਕਰਨ, ਸਗੋਂ ਮੇਰਾ ਕੰਮ ਵੀ ਦੇਖਣ। ਹਾਲਾਂਕਿ ਇਹ ਵੀ ਮੌਕਾ ਆਏਗਾ। ਮੈਂ ਉਥੇ ਕੋਈ ਫਿਲਮ ਨਹੀਂ ਕੀਤੀ ਪਰ ਫਿਰ ਵੀ ਉਥੋਂ ਦੇ ਲੋਕ ਮੈਨੂੰ ਪਿਆਰ ਕਰਦੇ ਹਨ, ਇਸ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ।

ਕੀ ਸੋਨਮ ਬਾਜਵਾ ਨੂੰ ਤੰਗ ਕਰਕੇ ਮਜ਼ਾ ਆਉਂਦਾ ਹੈ ਤੁਹਾਨੂੰ?

ਐਮੀ– ਹਾਸਾ-ਮਜ਼ਾਕ ਚੱਲਦਾ ਰਹਿੰਦਾ ਹੈ, ਨਹੀਂ ਤਾਂ ਬੰਦਾ ਉਦਾਸ ਹੋ ਜਾਂਦਾ ਹੈ। ਅਸੀਂ ਲੱਗਭਗ 50 ਦਿਨ ਕੰਮ ਕੀਤਾ ਹੈ ਤੇ ਅਸੀਂ ਦੁਪਹਿਰ ਦਾ ਖਾਣਾ ਲੱਗਭਗ 35 ਦਿਨ ਇਕੱਠਿਆਂ ਕੀਤਾ ਹੈ। ਮੈਂ ਇਹ ਚੀਜ਼ ਮੁੰਬਈ ਤੋਂ ਸਿੱਖੀ ਹੈ। ਪਿੱਛੇ ਜਿਹੇ ਮੈਂ ਅਕਸ਼ੈ ਕੁਮਾਰ ਨਾਲ ਫਿਲਮ ਕੀਤੀ, ਉਹ ਸਾਰੇ ਐੱਚ. ਓ. ਡੀਜ਼ ਖਾਣਾ ਇਕੱਠੇ ਖਾਂਦੇ ਹਨ, ਇਕੋ ਟੇਬਲ ’ਤੇ ਬੈਠ ਕੇ। ਇਹ ਚੀਜ਼ ਇਕ ਤਾਂ ਫਿਲਮ ਲਈ ਬਿਹਤਰ ਹੈ ਕਿਉਂਕਿ ਤੁਸੀਂ ਅੱਧਾ ਘੰਟਾ ਸਲਾਹ-ਮਸ਼ਵਰਾ ਕਰ ਸਕਦੇ ਹੋ, ਨਾਲ ਹੀ ਪੰਗੇ ਲੈਂਦੇ ਰਹੋ ਤਾਂ ਦਿਲ ਲੱਗਾ ਰਹਿੰਦਾ ਹੈ ਸੈੱਟ ’ਤੇ।

ਤੁਹਾਡੀ ਸੇਵਾ ਵੀ ਬਹੁਤ ਹੋਈ ਹਰਿਆਣਾ ’ਚ, ਇਸ ਬਾਰੇ ਕੀ ਕਹੋਗੇ?

ਸੋਨਮ– ਜਿਹੜੇ ਘਰ ’ਚ ਸ਼ੂਟ ਸੀ, ਉਨ੍ਹਾਂ ਨੇ ਰੋਜ਼ ਪੁੱਛਣਾ ਕਿ ਅੱਜ ਤੁਸੀਂ ਕੀ ਖਾਓਗੇ। ਫਿਰ ਅਸੀਂ ਆਪਸ ’ਚ ਗੱਲਬਾਤ ਕਰ ਕੇ ਦੱਸਣਾ। ਚੱਟਨੀ ਤਾਂ ਅਸੀਂ ਹਰ ਰੋਜ਼ ਉਥੇ ਖਾਂਦੇ ਸੀ। ਮੈਂ ਖ਼ਾਸ ਤੌਰ ’ਤੇ ਆਪਣੀ ਟੀਮ ਨੂੰ ਕਿਹਾ ਸੀ ਕਿ ਜਦੋਂ ਉਹ ਚੱਟਨੀ ਬਣਾਉਂਦੇ ਹਨ ਤਾਂ ਉਨ੍ਹਾਂ ਦੀ ਵੀਡੀਓ ਬਣਾ ਲੈਣਾ ਤਾਂ ਕਿ ਮੈਂ ਮੁੰਬਈ ’ਚ ਜਾ ਕੇ ਇਸ ਨੂੰ ਬਣਾਵਾਂ।

ਕੀ ਤੁਹਾਡੇ ਮਾਪੇ ਤੁਹਾਨੂੰ ਸੋਸ਼ਲ ਮੀਡੀਆ ’ਤੇ ਫਾਲੋਅ ਕਰਦੇ ਹਨ?

ਸੋਨਮ– ਜੀ ਹਾਂ ਬਿਲਕੁਲ! ਮੇਰੀ ਮੰਮੀ ਨੂੰ ਸਭ ਪਤਾ ਹੁੰਦਾ ਇੰਸਟਾਗ੍ਰਾਮ ਰਾਹੀਂ। ਉਹ 4-5 ਲੋਕਾਂ ਨੂੰ ਹੀ ਫਾਲੋਅ ਕਰਦੇ ਹਨ। ਉਨ੍ਹਾਂ ਨੂੰ ਪਤਾ ਹੁੰਦਾ ਕਿ ਅਸੀਂ ਕਿਥੇ ਗਏ ਹਾਂ, ਲੋਕਾਂ ਨੇ ਕੁਮੈਂਟਾਂ ’ਚ ਕੀ ਕਿਹਾ ਹੈ। ਸਾਰਾ ਕੁਝ ਮੇਰੀ ਮੰਮੀ ਦੇਖਦੇ ਹਨ।

ਐਮੀ– ਮੇਰੇ ਮਾਪਿਆਂ ਨੂੰ ਜੇ ਕੋਈ ਕੁਝ ਦੱਸ ਜਾਵੇ ਫਿਰ ਦੇਖ ਲੈਂਦੇ ਹਨ, ਉਂਝ ਉਹ ਜ਼ਿਆਦਾ ਚੈੱਕ ਨਹੀਂ ਕਰਦੇ। ਪਿਤਾ ਜੀ ਯੂਟਿਊਬ ਚਲਾ ਲੈਂਦੇ ਹਨ ਪਰ ਉਸ ’ਚ ਵੀ ਉਹ ਮੱਝਾਂ-ਗਾਵਾਂ ਦੇਖਦੇ ਰਹਿੰਦੇ ਹਨ, ਮੈਨੂੰ ਘੱਟ ਹੀ ਦੇਖਦੇ ਹਨ।

ਕੋਟ

‘‘ਆਪਣੇ ਪਰਿਵਾਰਾਂ ਨਾਲ ਇਸ ਫਿਲਮ ਨੂੰ ਦੇਖਣ ਜਾਇਓ। ਹੁਣ ਤਕ ਤੁਸੀਂ ਸਾਰੀਆਂ ਹੀ ਫਿਲਮਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ। ਤੁਹਾਨੂੰ ਇਹ ਫਿਲਮ ਵੀ ਬਹੁਤ ਜ਼ਿਆਦਾ ਵਧੀਆ ਲੱਗੇਗੀ ਤੇ ਭਵਿੱਖ ’ਚ ਵੀ ਚੰਗਾ ਸਿਨੇਮਾ ਤੁਹਾਡੇ ਲਈ ਲੈ ਕੇ ਆਵਾਂਗੇ।’’

ਐਮੀ ਵਿਰਕ
‘‘ਪੰਜਾਬੀ ਹੋਣ ਦੇ ਨਾਤੇ ਪੰਜਾਬੀ ਫਿਲਮਾਂ ਨੂੰ ਸੁਪੋਰਟ ਕਰਿਆ ਕਰੋ। ਸਿਨੇਮਾਘਰਾਂ ’ਚ ਜਾਓ, ਇਸ ਵਾਰ ਇਕ ਵੱਖਰੀ ਚੀਜ਼ ਟਰਾਈ ਕੀਤੀ ਹੈ। ਪੂਰੇ ਪਰਿਵਾਰ ਨਾਲ ਜ਼ਰੂਰ ਦੇਖੋ ਫਿਲਮ ‘ਕੁੜੀ ਹਰਿਆਣੇ ਵੱਲ ਦੀ’।’’


author

sunita

Content Editor

Related News