80 ਦੀ ਉਮਰ ''ਚ ਅਮਿਤਾਭ ਬੱਚਨ ਹੈ 3500 ਕਰੋੜ ਦੀ ਜਾਇਦਾਦ ਦੇ ਮਾਲਕ, 4 ਬੰਗਲੇ ਤੇ ਕਰੋੜਾਂ ਦੀ ਗੱਡੀਆਂ ਹਨ ਕੋਲ
Tuesday, Oct 11, 2022 - 11:20 AM (IST)
ਮੁੰਬਈ (ਬਿਊਰੋ) : ਆਪਣੀਆਂ ਫ਼ਿਲਮਾਂ ਅਤੇ ਆਪਣੇ ਅਨੋਖੇ ਅੰਦਾਜ਼ ਨਾਲ ਪਿਛਲੇ ਪੰਜ ਦਹਾਕਿਆਂ ਤੋਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਅਮਿਤਾਭ ਬੱਚਨ ਅੱਜ 80 ਸਾਲ ਦੇ ਹੋ ਗਏ ਹਨ। ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਤਕਰੀਬਨ 50 ਸਾਲਾਂ ਤੋਂ ਬਾਲੀਵੁੱਡ 'ਤੇ ਰਾਜ ਕਰ ਰਹੇ ਹਨ। ਅੱਜ ਵੀ ਫ਼ਿਲਮ ਇੰਡਸਟਰੀ 'ਤੇ ਉਨ੍ਹਾਂ ਦਾ ਦਬਦਬਾ ਬਰਕਰਾਰ ਹੈ। ਜਨਮਦਿਨ ਮੌਕੇ 'ਤੇ ਜਾਣੋ ਅਮਿਤਾਭ ਦੀ ਕੁੱਲ ਜਾਇਦਾਦ ਬਾਰੇ । ਇਸ ਦੇ ਨਾਲ ਹੀ ਬਿੱਗ ਬੀ ਮਹਿੰਗੀਆਂ ਗੱਡੀਆਂ ਦੇ ਵੀ ਸ਼ੌਕੀਨ ਹਨ।
ਕੁੱਲ 3500 ਕਰੋੜ ਦੀ ਜਾਇਦਾਦ ਦੇ ਮਾਲਕ ਨੇ ਅਮਿਤਾਭ
ਅਮਿਤਾਭ ਬੱਚਨ ਦੀ ਕੁੱਲ ਜਾਇਦਾਦ 3500 ਕਰੋੜ ਹੈ। 80 ਦੀ ਉਮਰ 'ਚ ਅਮਿਤਾਭ ਬੱਚਨ 4 ਬੰਗਲੇ ਤੇ ਕਰੋੜਾਂ ਦੀਆਂ ਲਗਜ਼ਰੀ ਗੱਡੀਆਂ ਦੇ ਮਾਲਕ ਹਨ। ਖ਼ਬਰਾਂ ਮੁਤਾਬਕ ਸਾਲ ਦੀ 60 ਕਰੋੜ ਦੇ ਕਰੀਬ ਕਮਾਈ ਕਰਦੇ ਹਨ। 2021 'ਚ ਅਮਿਤਾਭ ਨੇ ਜੁਹੂ 'ਚ 31 ਕਰੋੜ ਦਾ ਇਕ ਬੰਗਲਾ ਖਰੀਦਿਆਂ ਸੀ। ਰਿਪੋਰਟ ਮੁਤਾਬਕ, ਜਲਸਾ ਬੰਗਲੇ ਦੀ ਕੀਮਤ 120 ਕਰੋੜ ਤੋਂ 160 ਕਰੋੜ ਦੇ ਕਰੀਬ ਹੈ।
ਰਹਿਵੰਸ਼ ਰਾਏ ਬੱਚਨ ਨੇ ਪੁੱਤਰ ਨੂੰ ਸ਼ਰੇਆਮ ਆਖੀ ਸੀ ਇਹ ਗੱਲ
ਅਮਿਤਾਭ ਬੱਚਨ ਅੱਜ ਜਿਸ ਮੁਕਾਮ 'ਤੇ ਹਨ ਉੱਥੇ ਤੱਕ ਪਹੁੰਚਣ ਲਈ ਉਨ੍ਹਾਂ ਨੂੰ ਕਾਫ਼ੀ ਸੰਘਰਸ਼ ਕਰਨਾ ਪਿਆ ਹੈ। ਅਮਿਤਾਭ ਦੇ ਪਿਤਾ ਹਰੀਵੰਸ਼ ਰਾਏ ਬੱਚਨ ਬਹੁਤ ਪ੍ਰਸਿੱਧ ਕਵੀ ਸੀ। ਉਨ੍ਹਾਂ ਦੀ ਫ਼ਿਲਮੀ ਦੁਨੀਆ 'ਚ ਕਾਫ਼ੀ ਪਹੁੰਚ ਸੀ। ਇਸ ਦੇ ਬਾਵਜੂਦ ਹਰੀਵੰਸ਼ ਰਾਏ ਬੱਚਨ ਨੇ ਆਪਣੇ ਪੁੱਤਰ ਨੂੰ ਸਾਫ਼ ਕਿਹਾ ਹੋਇਆ ਸੀ ਕਿ ਸਫ਼ਲਤਾ ਆਪਣੇ ਸੰਘਰਸ਼ ਅਤੇ ਦਮ 'ਤੇ ਹਾਸਲ ਕਰੋ। ਕਦੇ ਵੀ ਸਹਾਰੇ ਭਾਲਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਕੰਮ ਲਈ ਥਾਂ-ਥਾਂ ਖਾਧੀਆਂ ਠੋਕਰਾਂ
ਆਪਣੇ ਸ਼ੁਰੂਆਤੀ ਦੌਰ 'ਚ ਅਮਿਤਾਭ ਬੱਚਨ ਜਿੱਥੇ ਵੀ ਕੰਮ ਮੰਗਣ ਜਾਂਦੇ ਸੀ ਉਨ੍ਹਾਂ ਨੂੰ ਜਵਾਬ ਨਾਂ 'ਚ ਹੀ ਮਿਲਦਾ ਸੀ। ਇੱਕ ਵਾਰ ਅਮਿਤਾਭ ਆਲ ਇੰਡੀਆ ਰੇਡੀਓ 'ਚ ਇੰਟਰਵਿਊ ਦੇਣ ਗਏ ਤਾਂ ਉਨ੍ਹਾਂ ਨੂੰ ਇਹ ਕਹਿ ਕੇ ਰਿਜੈਕਟ ਕਰ ਦਿੱਤਾ ਗਿਆ ਕਿ ਉਨ੍ਹਾਂ ਦੀ ਆਵਾਜ਼ ਬਹੁਤ ਭਾਰੀ ਹੈ। ਅੱਜ ਬਿੱਗ ਬੀ ਦੀ ਇਹੀ ਆਵਾਜ਼ ਉਨ੍ਹਾਂ ਦੀ ਸ਼ਖਸੀਅਤ ਦੀ ਜਾਨ ਹੈ।
ਫ਼ਿਲਮ 'ਜ਼ੰਜੀਰ' ਨੇ ਫ਼ਿਲਮ ਇੰਡਸਟਰੀ 'ਚ ਕੀਤਾ ਪੱਕੇ ਪੈਰੀਂ
ਸੰਘਰਸ਼ ਦੇ ਦਿਨਾਂ 'ਚ ਅਮਿਤਾਭ ਬੱਚਨ ਜਿੱਥੇ ਵੀ ਕੰਮ ਮੰਗਣ ਗਏ ਉਨ੍ਹਾਂ ਦੇ ਮੂੰਹ 'ਤੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਫ਼ਿਲਮਾਂ 'ਚ ਕੰਮ ਪਾਉਣ ਲਈ ਅਮਿਤਾਭ ਬੱਚਨ ਨੇ ਬਹੁਤ ਸੰਘਰਸ਼ ਕੀਤਾ। ਉਹ ਫ਼ਿਲਮ ਮੇਕਰਜ਼ ਤੋਂ ਕੰਮ ਮੰਗਣ ਜਾਂਦੇ ਸੀ ਤਾਂ ਉਹ ਉਨ੍ਹਾਂ ਦੇ ਲੰਬੇ ਕੱਦ ਅਤੇ ਭਾਰੀ ਆਵਾਜ਼ ਕਰਕੇ ਉਨ੍ਹਾਂ ਨੂੰ ਕੰਮ ਨਹੀਂ ਦਿੰਦੇ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਉਨ੍ਹਾਂ ਨੂੰ ਫ਼ਿਲਮ 'ਰੇਸ਼ਮਾ ਔਰ ਸ਼ੇਰਾ' 'ਚ ਛੋਟੀ ਭੂਮਿਕਾ ਨਿਭਾਉਣ ਲਈ ਮਿਲੀ ਪਰ ਇੱਥੇ ਅਮਿਤਾਭ ਨੂੰ ਗੂੰਗੇ ਦਾ ਕਿਰਦਾਰ ਕਰਨਾ ਪਿਆ ਕਿਉਂਕਿ ਫ਼ਿਲਮ ਮੇਕਰ ਸੁਨੀਲ ਦੱਤ ਨੂੰ ਲੱਗਦਾ ਸੀ ਅਮਿਤਾਭ ਦੀ ਅਵਾਜ਼ 'ਚ ਨੁਕਸ ਹੈ। ਇਸ ਤੋਂ ਬਿੱਗ ਬੀ ਫ਼ਿਲਮ 'ਸਾਤ ਹਿੰਦੁਸਤਾਨੀ' 'ਚ ਨਜ਼ਰ ਆਏ ਪਰ ਇਸ ਫ਼ਿਲਮ ਨੂੰ ਅਮਿਤਾਭ ਦੇ ਮਨ ਮੁਤਾਬਕ ਸਫ਼ਲਤਾ ਨਹੀਂ ਮਿਲੀ ਤੇ ਨਾ ਹੀ ਉਨ੍ਹਾਂ ਨੂੰ ਕੰਮ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਸੰਘਰਸ਼ ਤੋਂ ਬਾਅਦ ਫ਼ਿਲਮ 'ਆਨੰਦ' 'ਚ ਰਾਜੇਸ਼ ਖੰਨਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਹੀ ਫ਼ਿਲਮ ਅਮਿਤਾਭ ਦੇ ਕਰੀਅਰ 'ਚ ਵੱਡਾ ਮੋੜ ਸਾਬਤ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। 1973 'ਚ ਆਈ 'ਜ਼ੰਜੀਰ' ਫ਼ਿਲਮ ਨੇ ਅਮਿਤਾਭ ਬੱਚਨ ਨੂੰ ਫ਼ਿਲਮ ਸਟਾਰ ਵਜੋਂ ਇੰਡਸਟਰੀ 'ਚ ਸਥਾਪਤ ਕੀਤਾ।
ਜ਼ਿੰਦਗੀ ਦਾ ਸਭ ਤੋਂ ਬੁਰਾ ਦੌਰ
ਅਮਿਤਾਭ ਬੱਚਨ ਨੇ ਬਾਲੀਵੁੱਡ ਤੇ 70-80 ਦੇ ਦਹਾਕਿਆਂ ਤੇ ਪੂਰਾ ਰਾਜ ਕੀਤਾ। ਉਹ ਉਸ ਸਮੇਂ ਦੇ ਸੁਪਰਸਟਾਰ ਬਣ ਗਏ ਸਨ। ਉਨ੍ਹਾਂ ਦੀ ਸਟਾਰਡਮ ਦੇ ਸਾਹਮਣੇ ਰਾਜੇਸ਼ ਖੰਨਾ ਵੀ ਫਿੱਕੇ ਪੈ ਗਏ ਸੀ ਪਰ 90 ਦੇ ਦਹਾਕਿਆਂ 'ਚ ਇੱਕ ਅਜਿਹਾ ਵੀ ਦੌਰ ਆਇਆ ਜਦੋਂ ਬਿੱਗ ਬੀ ਨੂੰ ਬਹੁਤ ਬੁਰੇ ਦੌਰ 'ਚੋਂ ਲੰਘਣਾ ਪਿਆ। 90 ਦੇ ਦਹਾਕੇ 'ਚ ਉਨ੍ਹਾਂ ਦੀਆਂ ਕਈ ਫ਼ਿਲਮਾਂ ਫ਼ਲਾਪ ਹੋਈਆਂ। ਉਨ੍ਹਾਂ ਦੀ ਆਪਣੀ ਫ਼ਿਲਮ ਕੰਪਨੀ ਏ. ਬੀ. ਸੀ. ਐੱਲ. ਪੂਰੀ ਤਰ੍ਹਾਂ ਡੁੱਬ ਗਈ। ਅਮਿਤਾਭ ਬੱਚਨ ਬੈਂਕ ਵੱਲੋਂ ਵੀ ਡਿਫ਼ਾਲਟਰ ਐਲਾਨੇ ਗਏ। ਉਹ ਸਮਾਂ ਅਮਿਤਾਭ ਨੇ ਆਤਮ ਮੰਥਨ ਕੀਤਾ। ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਉਹ ਆਪਣੇ ਦੋਸਤ ਫ਼ਿਲਮ ਮੇਕਰ ਯਸ਼ ਚੋਪੜਾ ਦੇ ਘਰ ਗਏ ਅਤੇ ਉਨ੍ਹਾਂ ਨੂੰ ਕਿਹਾ, "ਮੈਨੂੰ ਕੰਮ ਚਾਹੀਦਾ ਹੈ।" ਯਸ਼ ਚੋਪੜਾ ਨੇ ਉਨ੍ਹਾਂ ਨੂੰ ਫ਼ਿਲਮ 'ਮੁਹੱਬਤੇਂ' ਆਫ਼ਰ ਕੀਤੀ। ਇਸ ਫ਼ਿਲਮ 'ਚ ਅਮਿਤਾਭ ਸ਼ਾਹਰੁਖ ਖ਼ਾਨ ਨਾਲ ਨਜ਼ਰ ਆਏ। ਇਸ ਫ਼ਿਲਮ ਨੂੰ ਬਿੱਗ ਦੀ ਕੰਮ ਬੈਕ ਫ਼ਿਲਮ ਮੰਨਿਆ ਜਾਂਦਾ ਹੈ।
3500 ਕਰੋੜ ਜਾਇਦਾਦ ਦੇ ਮਾਲਕ ਹਨ ਅਮਿਤਾਭ ਬੱਚਨ
ਅਮਿਤਾਭ ਬੱਚਨ ਆਪਣੇ ਦਮ ਤੇ ਅੱਜ 3500 ਕਰੋੜ ਦੀ ਜਾਇਦਾਦ ਦੇ ਮਾਲਕ ਹਨ। ਅਮਿਤਾਭ ਦੀ ਪਹਿਲੀ ਤਨਖਾਹ 500 ਰੁਪਏ ਸੀ। ਅੱਜ ਉਹ ਇਕ ਦਿਨ ਵਿੱਚ 5 ਕਰੋੜ ਕਮਾਉਂਦੇ ਹਨ। ਜੀ ਹਾਂ ਬਿੱਗ ਬੀ ਦੀ ਇੱਕ ਦਿਨ ਦੀ ਕਮਾਈ 5 ਕਰੋੜ ਤੋਂ ਵੀ ਜ਼ਿਆਦਾ ਹੈ। ਅਮਿਤਾਭ ਬੱਚਨ ਦੀ ਸਲਾਨਾ ਕਮਾਈ 60 ਕਰੋੜ ਦੱਸੀ ਜਾਂਦੀ ਹੈ। ਇੱਕ ਰਿਪੋਰਟ ਮੁਤਾਬਕ 2022 ਵਿੱਚ ਬਿੱਗ ਬੀ ਦੀ ਕੁੱਲ ਜਾਇਦਾਦ 410 ਮਿਲੀਅਨ ਅਮਰੀਕੀ ਡਾਲਰ ਯਾਨਿ 3500 ਕਰੋੜ ਰੁਪਏ ਹੈ।ਬਿੱਗ ਬੀ ਦੀ ਆਮਦਨ ਦਾ ਸਰੋਤ ਟੀਵੀ, ਫ਼ਿਲਮਾਂ ਤੇ ਇਸ਼ਤਿਹਾਰ ਦੇ ਨਾਲ ਨਾਲ ਸੋਸ਼ਲ ਮੀਡੀਆ ਵੀ ਹੈ।
4 ਬੰਗਲਿਆਂ ਦੇ ਮਾਲਕ, ਮਹਿੰਗੀਆਂ ਕਾਰਾਂ ਦੇ ਸ਼ੌਕੀਨ
ਅਮਿਤਾਭ ਬੱਚਨ ਲਗਜ਼ਰੀ ਲਾਈਫ਼ ਜਿਉਂਦੇ ਹਨ। ਉਹ 80 ਸਾਲ ਦੀ ਉਮਰ `ਚ 4 ਬੰਗਲਿਆਂ ਤੇ ਕਰੋੜਾਂ ਦੀਆਂ ਗੱਡੀਆਂ ਦੇ ਮਾਲਕ ਹਨ। ਅਮਿਤਾਭ ਬੱਚਨ ਦੇ ਕਾਰ ਕਲੈਕਸ਼ਨ ਦੀ ਗੱਲ ਕੀਤੀ ਜਾਏ ਤਾਂ ਉਨ੍ਹਾਂ ਕੋਲ ਰੇਂਜ ਰੋਵਰ, ਰੋਲਜ਼ ਰਾਇਸ ਤੇ ਮਿੰਨੀ ਕੂਪਰ ਵਰਗੀਆਂ ਕਾਰਾਂ ਹਨ। ਅਮਿਤਾਭ ਬੱਚਨ ਦੀ ਸਭ ਤੋਂ ਮਹਿੰਗੀ ਕਾਰ ਰੋਲਜ਼ ਰਾਇਸ ਹੈ ਜਿਸ ਦੀ ਕੀਮਤ 6 ਕਰੋੜ ਰੁਪਏ ਹੈ।