ਫ਼ਿਲਮ ਇੰਡਸਟਰੀ ਅਮਿਤਾਭ ਬੱਚਨ ਨੇ ਪੂਰੇ ਕੀਤੇ 52 ਸਾਲ, ਡੈਬਿਊ ਫ਼ਿਲਮ ਨਾਲ ਖ਼ੂਬ ਬਟੋਰੀਆਂ ਸਨ ਸੁਰਖੀਆਂ
Monday, May 31, 2021 - 02:08 PM (IST)
ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਸਦੀ ਦਾ ਮਹਾਨਾਇਕ ਕਿਹਾ ਜਾਂਦਾ ਹੈ। ਉਨ੍ਹਾਂ ਨੇ ਹੁਣ ਤਕ ਆਪਣੇ ਕਰੀਅਰ 'ਚ ਕਈ ਬਲਾਕ ਬਾਸਟਰ ਫ਼ਿਲਮਾਂ ਦਿੱਤੀਆਂ ਹਨ। ਅਮਿਤਾਭ ਬੱਚਨ ਫ਼ਿਲਮਾਂ 'ਚ ਆਪਣੀ ਖ਼ਾਸ ਤੇ ਵੱਖ ਅਦਾਕਾਰੀ ਲਈ ਜਾਣੇ ਜਾਂਦੇ ਹਨ। ਇਹੀ ਵਜ੍ਹਾ ਹੈ ਜੋ ਉਨ੍ਹਾਂ ਨੂੰ ਹਰ ਜਨਰੇਸ਼ਨ ਦੇ ਦਰਸ਼ਕ ਪਸੰਦ ਕਰਦੇ ਹਨ।
ਦਮਦਾਰ ਅਦਾਕਾਰੀ ਦੇ ਸਦਕਾ ਬਣੇ ਫ਼ਿਲਮ ਇੰਡਸਟਰੀ ਦੇ ਮਹਾਨਾਇਕ
ਅੱਜ ਅਮਿਤਾਭ ਬੱਚਨ ਨੂੰ ਅਦਾਕਾਰੀ ਦੀ ਦੁਨੀਆ 'ਚ 52 ਸਾਲ ਹੋ ਚੁੱਕੇ ਹਨ। ਇਨ੍ਹਾਂ 52 ਸਾਲਾਂ 'ਚ ਉਨ੍ਹਾਂ ਨੇ ਇਕ ਤੋਂ ਵੱਧ ਕੇ ਇਕ ਫ਼ਿਲਮਾਂ 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਫ਼ਿਲਮ ਇੰਡਸਟਰੀ 'ਚ 52 ਸਾਲ ਪੂਰੇ ਹੋਣ 'ਤੇ ਅਮਿਤਾਭ ਬੱਚਨ ਨੇ ਖ਼ੁਦ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਖ਼ਾਸ ਪੋਸਟ ਸਾਂਝਾ ਕਰ ਕੇ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ।
ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿਣ ਵਾਲੇ ਕਲਾਕਾਰਾਂ 'ਚੋਂ ਇਕ ਹਨ। ਉਹ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਖ਼ਾਸ ਤਸਵੀਰਾਂ ਤੇ ਵੀਡੀਓਜ਼ ਨੂੰ ਵੀ ਸਾਂਝਾ ਕਰਦੇ ਰਹਿੰਦੇ ਹਨ। ਅਮਿਤਾਭ ਬੱਚਨ ਨੇ ਆਪਣੇ ਅਧਿਕਾਰਿਕ ਇੰਸਟਾਗ੍ਰਾਮ 'ਤੇ ਖ਼ਾਸ ਤਸਵੀਰ ਸਾਂਝੀ ਕੀਤੀ ਹੈ।
ਸੁਪਰਹਿੱਟ ਫ਼ਿਲਮਾਂ ਦਾ ਕੋਲਾਜ ਕੀਤਾ ਸਾਂਝਾ
ਅਮਿਤਾਭ ਬੱਚਨ ਨੇ ਆਪਣੀਆਂ ਸਾਰੀਆਂ ਸੁਪਰਹਿੱਟ ਫ਼ਿਲਮਾਂ ਦੇ ਕਿਰਦਾਰਾਂ ਦਾ ਇਕ ਕੋਲਾਜ ਸਾਂਝਾ ਕੀਤਾ ਹੈ। ਇਸ ਕੋਲਾਜ 'ਚ ਅਮਿਤਾਭ ਬੱਚਨ ਦਾ ਲਗਪਗ ਹਰ ਹਿੱਟ ਕਿਰਦਾਰ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨਾਲ ਉਨ੍ਹਾਂ ਨੇ ਲਿਖਿਆ ਹੈ, 'ਅਮਿਤਾਭ ਬੱਚਨ ਦੇ 52 ਸਾਲ।' ਇਸ ਤਸਵੀਰ ਨਾਲ ਖ਼ਾਸ ਪੋਸਟ ਸਾਂਝਾ ਕਰਕੇ ਬਿੱਗ ਬੀ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਪੋਸਟ 'ਚ ਲਿਖਿਆ, '52 ਸਾਲ...!!! ਇਸ ਸੰਕਲਨ ਲਈ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ...ਅਜੇ ਵੀ ਸੋਚ ਰਿਹਾ ਸੀ ਕਿ ਇਹ ਸਭ ਕਿਵੇਂ ਹੋਇਆ।'
ਕਲਾਕਾਰ ਦੇ ਰਹੇ ਨੇ ਵਧਾਈਆਂ
ਸੋਸ਼ਲ ਮੀਡੀਆ 'ਤੇ ਅਮਿਤਾਭ ਬੱਚਨ ਦੇ ਕਾਲੋਜ ਦੀ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ। ਅਦਾਕਾਰ ਦੇ ਕਈ ਪ੍ਰਸ਼ੰਸਕ ਤੇ ਸੋਸ਼ਲ ਮੀਡੀਆ ਯੂਜ਼ਰਜ਼ ਉਨ੍ਹਾਂ ਦੀ ਤਸਵੀਰ ਨੂੰ ਪਸੰਦ ਕਰ ਰਹੇ ਹਨ। ਨਾਲ ਹੀ ਫ਼ਿਲਮ ਇੰਡਸਟਰੀ 'ਚ 52 ਸਾਲ ਬਿਤਾਉਣ 'ਤੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਇੰਨਾ ਹੀ ਨਹੀਂ ਬਾਲੀਵੁੱਡ ਦੇ ਕਈ ਸਿਤਾਰੇ ਵੀ ਅਮਿਤਾਭ ਬੱਚਨ ਨੂੰ ਅਦਾਕਾਰੀ ਦੀ ਦੁਨੀਆ 'ਚ 52 ਸਾਲ ਪੂਰੇ ਹੋਣ 'ਤੇ ਕੁਮੈਂਟ ਕਰਕੇ ਮੁਬਾਰਕਬਾਦ ਦੇ ਰਹੇ ਹਨ।
ਇਸ ਫ਼ਿਲਮ ਨਾਲ ਕੀਤਾ ਸੀ ਬਾਲੀਵੁੱਡ ਡੈਬਿਊ
ਦੱਸ ਦਈਏ ਕਿ ਅਮਿਤਾਭ ਬੱਚਨ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਸਾਤ ਹਿੰਦੂਸਤਾਨੀ' ਨਾਲ ਕੀਤੀ ਸੀ। ਇਹ ਫ਼ਿਲਮ 1969 'ਚ ਆਈ ਸੀ। ਇਸ ਫ਼ਿਲਮ 'ਚ ਅਮਿਤਾਭ ਬੱਚਨ ਦੀ ਅਦਾਕਾਰੀ ਨੇ ਕਾਫ਼ੀ ਸੁਰਖੀਆਂ ਬਟੋਰੀਆਂ ਸਨ। ਫ਼ਿਲਮ 'ਸਾਤ ਹਿੰਦੂਸਤਾਨੀ' ਨੂੰ ਡਾਇਰੈਕਟ ਖਵਾਜਾ ਅਹਿਮਦ ਅਬਾਸੀ ਨੇ ਕੀਤਾ ਸੀ। ਫ਼ਿਲਮ ਨੇ ਬਾਕਸ ਆਫਿਸ 'ਤੇ ਦਰਸ਼ਕਾਂ ਦੇ ਦਿਲਾਂ ਨੂੰ ਖੂਬ ਜਿੱਤਿਆ ਸੀ।