ਸੰਧਿਆ ਥੀਏਟਰ ਮਾਮਲਾ : ਬੱਚੇ ਨੂੰ ਮਿਲਣ ਪੁੱਜੇ ਅੱਲੂ ਅਰਜੁਨ ਦੇ ਪਿਤਾ, ਪਰਿਵਾਰ ਨਾਲ ਕੀਤੀ ਮੁਲਾਕਾਤ
Thursday, Dec 19, 2024 - 05:26 AM (IST)
ਹੈਦਰਾਬਾਦ : ਹੈਦਰਾਬਾਦ ਦੇ ਸੰਧਿਆ ਥੀਏਟਰ 'ਚ 4 ਦਸੰਬਰ ਦੀ ਸ਼ਾਮ ਨੂੰ ਵਾਪਰੇ ਹਾਦਸੇ ਨੇ ਪੂਰੇ ਦੇਸ਼ ਨੂੰ ਪਰੇਸ਼ਾਨ ਕਰ ਦਿੱਤਾ ਸੀ। ਥੀਏਟਰ 'ਚ ਮਚੀ ਭਾਜੜ 'ਚ ਰੇਵਤੀ ਨਾਂ ਦੀ ਔਰਤ ਦੀ ਜਾਨ ਚਲੀ ਗਈ ਸੀ, ਜਦਕਿ ਉਸ ਦਾ ਬੱਚਾ ਸ਼ਤੇਜ ਬੇਹੋਸ਼ ਹੋ ਗਿਆ ਸੀ। ਇਸ ਦਿਨ ਸੰਧਿਆ ਥੀਏਟਰ 'ਚ ਫਿਲਮ 'ਪੁਸ਼ਪਾ 2' ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ ਸੀ। ਇੱਥੇ ਸੁਪਰਸਟਾਰ ਅੱਲੂ ਅਰਜੁਨ ਵੀ ਪਹੁੰਚੇ ਸਨ। ਉਨ੍ਹਾਂ ਨੂੰ ਮਿਲਣ ਦੌਰਾਨ ਪ੍ਰਸ਼ੰਸਕਾਂ 'ਚ ਭਾਜੜ ਮਚ ਗਈ ਸੀ।
ਬੁੱਧਵਾਰ ਨੂੰ ਅੱਲੂ ਅਰਜੁਨ ਦੇ ਪਿਤਾ ਅੱਲੂ ਅਰਵਿੰਦ ਭਾਜੜ ਵਿਚ ਬੇਹੋਸ਼ ਹੋਏ ਬੱਚੇ ਨੂੰ ਮਿਲਣ ਲਈ ਹੈਦਰਾਬਾਦ ਦੇ ਹਸਪਤਾਲ ਪਹੁੰਚੇ। ਸ਼੍ਰੀਤੇਜ ਦਾ ਹੈਦਰਾਬਾਦ ਦੇ ਕੇਆਈਐੱਮਐੱਸ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਅੱਲੂ ਅਰਵਿੰਦ ਹਸਪਤਾਲ 'ਚ ਬੱਚੇ ਨੂੰ ਮਿਲਣ ਆਇਆ ਸੀ ਅਤੇ ਉਸ ਦਾ ਹਾਲ-ਚਾਲ ਪੁੱਛਿਆ। ਅੱਲੂ ਅਰਵਿੰਦ ਨੇ ਮ੍ਰਿਤਕ ਰੇਵਤੀ ਦੇ ਪਤੀ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਅੱਲੂ ਅਰਵਿੰਦ ਨੇ ਕਿਹਾ, 'ਅਸੀਂ ਮ੍ਰਿਤਕ ਦੇ ਪਰਿਵਾਰ ਦੀ ਪੂਰੀ ਮਦਦ ਕਰਾਂਗੇ। ਇਸ ਵਿਚ ਸਰਕਾਰ ਵੀ ਸਾਡੇ ਨਾਲ ਹੈ। ਇਸ ਮਾਮਲੇ 'ਤੇ ਕਾਨੂੰਨੀ ਕਾਰਵਾਈ ਕਾਰਨ ਅੱਲੂ ਅਰਜੁਨ ਇੱਥੇ ਨਹੀਂ ਆ ਸਕੇ। ਮੈਂ ਅੱਜ ਉਨ੍ਹਾਂ ਦੀ ਥਾਂ 'ਤੇ ਆਇਆ ਹਾਂ।
ਅੱਲੂ ਅਰਵਿੰਦ ਤੋਂ ਪਹਿਲਾਂ ਤੇਲੰਗਾਨਾ ਦੀ ਸਿਹਤ ਸਕੱਤਰ ਕ੍ਰਿਸਟੀਨਾ ਜੀ. ਚੋਂਗਥੂ ਅਤੇ ਹੈਦਰਾਬਾਦ ਦੇ ਪੁਲਸ ਕਮਿਸ਼ਨਰ ਸੀਵੀ ਆਨੰਦ ਵੀ ਬੱਚੇ ਨੂੰ ਮਿਲਣ ਅਤੇ ਉਸ ਦਾ ਹਾਲ-ਚਾਲ ਪੁੱਛਣ ਆਏ। ਆਨੰਦ ਨੇ ਕਿਹਾ ਸੀ, 'ਭਾਜੜ 'ਚ ਆਕਸੀਜਨ ਦੀ ਕਮੀ ਕਾਰਨ ਪੀੜਤ ਬੱਚੇ ਦੇ ਦਿਮਾਗ ਨੂੰ ਨੁਕਸਾਨ ਪਹੁੰਚਿਆ ਹੈ। ਪੀੜਤ ਬੱਚਾ ਫਿਲਹਾਲ ਹਸਪਤਾਲ 'ਚ ਵੈਂਟੀਲੇਟਰ ਸਪੋਰਟ 'ਤੇ ਹੈ।
ਇਹ ਵੀ ਪੜ੍ਹੋ : ਕਰੋੜਪਤੀ ਨਿਕਲਿਆ ਰਿਸ਼ਵਤਖੋਰ ਇੰਜੀਨੀਅਰ, 4 ਕਰੋੜ ਦੀ ਚੱਲ-ਅਚੱਲ ਜਾਇਦਾਦ ਦਾ ਪਰਦਾਫਾਸ਼
ਅੱਲੂ ਅਰਜੁਨ ਹੋਏ ਸਨ ਗ੍ਰਿਫ਼ਤਾਰ
ਹੈਦਰਾਬਾਦ ਪੁਲਸ ਨੇ 4 ਦਸੰਬਰ ਨੂੰ ਸੰਧਿਆ ਥੀਏਟਰ 'ਚ ਭਾਜੜ ਦੇ ਮਾਮਲੇ 'ਚ ਅੱਲੂ ਅਰਜੁਨ ਨੂੰ 13 ਦਸੰਬਰ ਨੂੰ ਗ੍ਰਿਫਤਾਰ ਕੀਤਾ ਸੀ। ਅੱਲੂ ਅਰਜੁਨ ਨੂੰ ਜੁਬਲੀ ਹਿਲਸ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹੇਠਲੀ ਅਦਾਲਤ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ। ਬਾਅਦ ਵਿਚ ਇਸ ਮਾਮਲੇ ਦੀ ਹਾਈ ਕੋਰਟ ਵਿਚ ਸੁਣਵਾਈ ਹੋਈ ਅਤੇ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ। ਇਸ ਦੇ ਬਾਵਜੂਦ ਅੱਲੂ ਅਰਜੁਨ ਨੂੰ ਇਕ ਰਾਤ ਜੇਲ੍ਹ ਵਿਚ ਕੱਟਣੀ ਪਈ। ਬਾਅਦ ਵਿਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ 14 ਦਸੰਬਰ ਦੀ ਸਵੇਰ ਨੂੰ ਘਰ ਪਹੁੰਚ ਗਏ। 'ਪੁਸ਼ਪਾ 2' ਦੇ ਨਿਰਦੇਸ਼ਕ ਸੁਕੁਮਾਰ ਸਮੇਤ ਸਾਊਥ ਐਕਟਰ ਰਾਣਾ ਦੱਗੂਬਾਤੀ, ਨਾਗਾ ਚੈਤੰਨਿਆ ਅਤੇ ਵਿਜੇ ਦੇਵਰਕੋਂਡਾ ਦੇ ਨਾਲ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਮਿਲਣ ਪਹੁੰਚੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8